40% ਕੋਟੇ ਦੇ ਸਿਲੰਡਰ ਲੈਣ ਵਾਲਿਆਂ ਦੀ ਹੁਣ ਪਹਿਲੀ ਅਪ੍ਰੈਲ ਮਗਰੋਂ ਆਏਗੀ ਵਾਰੀ
ਗੈਸ ਏਜੰਸੀਆਂ ’ਤੇ ਘੱਟ ਹੋਣ ਲੱਗੀ ਭੀੜ, 40 ਫੀਸਦੀ ਲੋਕ ਲੈ ਚੁੱਕੇ
Publish Date: Sat, 14 Mar 2026 09:51 PM (IST)
Updated Date: Sat, 14 Mar 2026 09:54 PM (IST)

-ਜ਼ਿਲ੍ਹਾ ਖਾਦ ਤੇ ਸਪਲਾਈ ਵਿਭਾਗ ਨੇ ਏਜੰਸੀਆਂ ਤੇ ਗੁਦਾਮਾਂ ਦੀ ਕੀਤੀ ਜਾਂਚ, ਸੰਗਰਾਂਦ ’ਤੇ ਪਹਿਲੀ ਵਾਰ ਟੁੱਟੀ ਲੰਗਰ ਲਾਉਣ ਦੀ ਰਵਾਇਤ ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਜਲੰਧਰ : ਸ਼ਹਿਰ ਦੀਆਂ ਗੈਸ ਏਜੰਸੀਆਂ ’ਤੇ ਪਿਛਲੇ ਦੋ ਦਿਨਾਂ ਤੋਂ ਸਿਲੰਡਰ ਬੁਕਿੰਗ ਲਈ ਲੱਗਣ ਵਾਲੀਆਂ ਲੰਬੀਆਂ ਕਤਾਰਾਂ ਹੁਣ ਖਤਮ ਹੋਣ ਲੱਗੀਆਂ ਹਨ। ਸ਼ਨਿਚਰਵਾਰ ਨੂੰ ਗੈਸ ਏਜੰਸੀਆਂ ’ਤੇ ਪਿਛਲੇ ਦੋ ਦਿਨਾਂ ਦੇ ਮੁਕਾਬਲੇ ਕਾਫ਼ੀ ਘੱਟ ਖਪਤਕਾਰ ਬੁਕਿੰਗ ਕਰਵਾਉਣ ਪੁੱਜੇ। ਗੈਸ ਏਜੰਸੀ ਚਲਾਉਣ ਵਾਲਿਆਂ ਦੇ ਮੁਤਾਬਕ ਪਿਛਲੇ ਕੁਝ ਦਿਨਾਂ ’ਚ ਬੁਕਿੰਗ ਦੀ ਗਿਣਤੀ ’ਚ ਅਚਾਨਕ ਵਾਧਾ ਹੋ ਗਿਆ ਸੀ ਪਰ ਹੁਣ ਹਾਲਾਤ ਥੋੜੇ ਠੀਕ ਹੋ ਰਹੇ ਹਨ। ਇਸਦੇ ਨਾਲ ਹੀ ਸਪਲਾਈ ਚੇਨ ’ਚ ਸੁਧਾਰ ਹੋਣ ਕਾਰਨ ਡਲਿਵਰੀ ’ਚ ਦੇਰੀ ਵੀ ਘੱਟ ਹੋ ਰਹੀ ਹੈ। ਓਧਰ, ਘਰੇਲੂ ਉਪਭੋਗਤਾਵਾਂ ਨੂੰ ਸਬਸਿਡੀ ’ਤੇ ਸਾਲ ’ਚ ਮਿਲਣ ਵਾਲੇ 12 ਸਿਲੰਡਰਾਂ ਦੇ ਕੋਟੇ ’ਚੋਂ ਸ਼ਹਿਰ ਦੇ ਲਗਭਗ 40 ਫੀਸਦੀ ਲੋਕ ਆਪਣੇ ਸਿਲੰਡਰ ਲੈ ਚੁੱਕੇ ਹਨ। ਭਾਵੇਂ ਅਜਿਹੇ ਉਪਭੋਗਤਾਵਾਂ ਨੂੰ ਗੈਸ ਦੀ ਡਲਿਵਰੀ ਲਏ 25 ਦਿਨ ਜਾਂ ਇਸ ਤੋਂ ਵੱਧ ਸਮਾਂ ਹੋ ਚੁੱਕਾ ਹੋਵੇ ਪਰ ਹੁਣ ਉਨ੍ਹਾਂ ਦੀ ਸਿਲੰਡਰ ਬੁਕਿੰਗ ਨਹੀਂ ਹੋਵੇਗੀ। ਵਿੱਤੀ ਸਾਲ ’ਚ ਆਪਣੇ ਕੋਟੇ ਦੇ ਸਿਲੰਡਰ ਲੈ ਚੁੱਕੇ ਉਪਭੋਗਤਾ ਹੁਣ ਇਕ ਅਪ੍ਰੈਲ ਤੋਂ ਬਾਅਦ ਹੀ ਨਵੀਂ ਬੁਕਿੰਗ ਕਰਵਾ ਸਕਣਗੇ। ਇਸ ਦਰਮਿਆਨ ਡਿਪਟੀ ਕਮਿਸ਼ਨਰ ਡਾ. ਹਿਮਾਂਸ਼ੂ ਅਗਰਵਾਲ ਦੇ ਨਿਰਦੇਸ਼ਾਂ ’ਤੇ ਜ਼ਿਲ੍ਹਾ ਖਾਦ ਤੇ ਸਪਲਾਈ ਵਿਭਾਗ ਦੇ ਜ਼ਿਲ੍ਹਾ ਅਧਿਕਾਰੀ ਨਰਿੰਦਰ ਸਿੰਘ ਦੀ ਅਗਵਾਈ ’ਚ ਸ਼ਨਿਚਰਵਾਰ ਨੂੰ ਵੀ ਸ਼ਹਿਰ ਦੀਆਂ ਗੈਸ ਏਜੰਸੀਆਂ ਤੇ ਗੁਦਾਮਾਂ ਦੀ ਜਾਂਚ ਕੀਤੀ ਗਈ। ਮਿਡਲ ਈਸਟ ’ਚ ਚੱਲ ਰਹੇ ਈਰਾਨ-ਅਮਰੀਕਾ-ਇਜ਼ਰਾਈਲ ਜੰਗ ਕਾਰਨ ਪਿਛਲੇ ਕੁਝ ਦਿਨਾਂ ’ਚ ਰਸੋਈ ਗੈਸ ਸਿਲੰਡਰ ਦੀ ਬੁਕਿੰਗ ’ਚ ਚਾਰ ਗੁਣਾ ਤੱਕ ਵਾਧਾ ਹੋ ਗਿਆ ਸੀ। ਆਮ ਦਿਨਾਂ ’ਚ ਜਿੱਥੇ ਰੋਜ਼ਾਨਾ ਕਰੀਬ 12 ਹਜ਼ਾਰ ਸਿਲੰਡਰਾਂ ਦੀ ਬੁਕਿੰਗ ਹੁੰਦੀ ਸੀ, ਉਹ ਅਚਾਨਕ ਵੱਧ ਕੇ 50 ਹਜ਼ਾਰ ਤੱਕ ਪੁੱਜ ਗਈ ਸੀ। ਇਸ ਕਾਰਨ ਲੋਕ ਗੈਸ ਏਜੰਸੀਆਂ ’ਤੇ ਨੀਲੀ ਕਾਪੀ (ਕਸਟਮਰ ਬੁੱਕ) ਲੈ ਕੇ ਬੁਕਿੰਗ ਕਰਵਾਉਣ ਪਹੁੰਚ ਰਹੇ ਸਨ ਪਰ ਹਫ਼ਤੇ ਦੇ ਅੰਤਿਮ ਦਿਨ ਸ਼ਹਿਰ ਦੀਆਂ ਗੈਸ ਏਜੰਸੀਆਂ ’ਤੇ ਲੋਕਾਂ ਦੀ ਭੀੜ ਕਾਫ਼ੀ ਘੱਟ ਰਹੀ। ਕਾਰਨ ਇਹ ਹੈ ਕਿ ਪਿਛਲੇ ਦੋ ਦਿਨਾਂ ਤੋਂ ਪਲਾਂਟ ਤੋਂ ਸਿਲੰਡਰਾਂ ਦੀ ਸਪਲਾਈ ਮੁੜ ਸੁਚਾਰੂ ਹੋ ਗਈ ਹੈ, ਜਿਸ ਨਾਲ ਉਪਭੋਗਤਾਵਾਂ ਤੱਕ ਗੈਸ ਦੀ ਸਪਲਾਈ ਪੁੱਜ ਰਹੀ ਹੈ। --------------------------- ਵੱਡੇ ਧਾਰਮਿਕ ਸਥਾਨਾਂ ’ਤੇ ਲੰਗਰ ਲਈ ਕਾਫ਼ੀ ਸਿਲੰਡਰ ਮੌਜੂਦ ਸ਼ਹਿਰ ਦੇ ਵੱਡੇ ਧਾਰਮਿਕ ਸਥਾਨਾਂ ‘ਤੇ ਫਿਲਹਾਲ ਲੰਗਰ ਤਿਆਰ ਕਰਨ ਲਈ ਕਾਫ਼ੀ ਸਿਲੰਡਰ ਮੌਜੂਦ ਹਨ। ਇਸ ਸਬੰਧੀ ਗੁਰਦੁਆਰਾ ਬਾਬਾ ਨਿਹਾਲ ਸਿੰਘ ਜੀ ਤੱਲ੍ਹਣ ਸਾਹਿਬ ਦੇ ਰਿਸੀਵਰ ਗੁਰਪ੍ਰੀਤ ਸਿੰਘ ਨੇ ਦੱਸਿਆ ਕਿ ਸੰਸਥਾ ਕੋਲ ਇਸ ਵੇਲੇ ਗੈਸ ਸਿਲੰਡਰਾਂ ਦਾ ਢੁੱਕਵਾਂ ਸਟਾਕ ਹੈ। ਜੇ ਲੋੜ ਪਈ ਤਾਂ ਸਟੀਮ ਪਲਾਂਟ ਦੀ ਵਰਤੋਂ ਵੀ ਕੀਤੀ ਜਾ ਸਕਦੀ ਹੈ। ਇਸ ਤੋਂ ਇਲਾਵਾ ਲੱਕੜ ਦਾ ਵੀ ਕਾਫ਼ੀ ਸਟਾਕ ਮੌਜੂਦ ਹੈ, ਇਸ ਲਈ ਲੰਗਰ ’ਤੇ ਕੋਈ ਅਸਰ ਨਹੀਂ ਪੈਣ ਦਿੱਤਾ ਜਾਵੇਗਾ। ਇਸੇ ਤਰ੍ਹਾਂ ਪੰਜਾਬ ਦੇ ਇਕੱਲੇ ਸਿੱਧ ਸ਼ਕਤੀਪੀਠ ਸ਼੍ਰੀ ਦੇਵੀ ਤਲਾਬ ਮੰਦਰ ਪ੍ਰਬੰਧਕ ਕਮੇਟੀ ਦੇ ਜਨਰਲ ਸਕੱਤਰ ਰਾਜੇਸ਼ ਵਿਜ ਨੇ ਕਿਹਾ ਕਿ ਮੰਦਰ ’ਚ ਤਿੰਨ ਵਾਰ ਲੰਗਰ ਲੱਗਦਾ ਹੈ ਤੇ ਇਸ ਲਈ ਗੈਸ ਸਿਲੰਡਰਾਂ ਦਾ ਕਾਫ਼ੀ ਸਟਾਕ ਮੌਜੂਦ ਹੈ। ਜੇ ਲੋੜ ਪਈ ਤਾਂ ਸੰਸਥਾ ਕੋਲ ਹੋਰ ਵੀ ਬਦਲਵੇਂ ਪ੍ਰਬੰਧ ਹਨ। ------------------------- ਕਈ ਸਾਲਾਂ ਤੋਂ ਸ਼ਹਿਰ ’ਚ ਰਹਿੰਦੇ ਪਰ ਗੈਸ ਕੁਨੈਕਸ਼ਨ ਨਹੀਂ ਸ਼ਹਿਰ ’ਚ ਕਈ ਪਰਿਵਾਰ ਅਜਿਹੇ ਵੀ ਹਨ ਜੋ ਕਈ ਸਾਲਾਂ ਤੋਂ ਇੱਥੇ ਰਹਿੰਦੇ ਹਨ ਪਰ ਉਨ੍ਹਾਂ ਨੇ ਅਜੇ ਤੱਕ ਗੈਸ ਕੁਨੈਕਸ਼ਨ ਨਹੀਂ ਲਿਆ। ਅਜਿਹੇ ਪਰਿਵਾਰ ਇਸ ਸਮੇਂ ਸਭ ਤੋਂ ਵੱਧ ਪਰੇਸ਼ਾਨੀ ਦਾ ਸਾਹਮਣਾ ਕਰ ਰਹੇ ਹਨ। ਕਾਰਨ ਇਹ ਹੈ ਕਿ ਬਿਨਾਂ ਕਨੈਕਸ਼ਨ ਦੇ ਕੋਈ ਵੀ ਗੈਸ ਏਜੰਸੀ ਉਨ੍ਹਾਂ ਨੂੰ ਸਿਲੰਡਰ ਨਹੀਂ ਦੇ ਸਕਦੀ। ਕੁਝ ਲੋਕਾਂ ਨੇ ਦੱਸਿਆ ਕਿ ਪਹਿਲਾਂ ਉਹ ਸਿਲੰਡਰ ਵੈਂਡਰਾਂ ਤੋਂ ਜਾਂ ਗੁਆਂਢੀਆਂ ਤੋਂ ਲੈ ਕੇ ਕੰਮ ਚਲਾ ਲੈਂਦੇ ਸਨ ਪਰ ਹੁਣ ਨਾ ਕੋਈ ਰੇਹੜੀ ਵਾਲਾ ਸਿਲੰਡਰ ਦੇ ਰਿਹਾ ਹੈ ਤੇ ਨਾ ਹੀ ਗੁਆਂਢੀ ਮਦਦ ਕਰ ਰਹੇ ਹਨ। ------------------------- ਵੀਹ ਸਾਲਾਂ ਬਾਅਦ ਟੁੱਟੀ ਲੰਗਰ ਲਾਉਣ ਦੀ ਪਰੰਪਰਾ ਜਿੱਥੇ ਵੱਡੇ ਧਾਰਮਿਕ ਸਥਾਨਾਂ ’ਤੇ ਲੰਗਰ ਲਈ ਕਾਫ਼ੀ ਸਟਾਕ ਹੈ, ਉੱਥੇ ਹੀ ਸ਼ਨਿਚਰਵਾਰ ਨੂੰ ਸੰਗਰਾਂਦ ’ਤੇ ਸ਼ਹਿਰ ’ਚ ਲੰਗਰ ਲਗਾਉਣ ਵਾਲੀਆਂ ਕਈ ਸੰਸਥਾਵਾਂ ਇਸ ਵਾਰ ਸਿਲੰਡਰ ਦੀ ਕਮੀ ਕਾਰਨ ਲੰਗਰ ਨਹੀਂ ਲਾ ਸਕੀਆਂ। ਸੰਗਰਾਂਦ ’ਤੇ ਹਰ ਮਹੀਨੇ ਲੰਗਰ ਲਾਉਣ ਵਾਲੀ ਜੈਨ ਕਲਾਥ ਮਾਰਕੀਟ ਐਸੋਸੀਏਸ਼ਨ ਦੇ ਪ੍ਰਧਾਨ ਮੁਨੀਸ਼ ਬਜਾਜ ਨੇ ਕਿਹਾ ਕਿ ਸਿਲੰਡਰਾਂ ਦੀ ਕਮੀ ਕਾਰਨ 20 ਸਾਲਾਂ ’ਚ ਪਹਿਲੀ ਵਾਰ ਉਹ ਲੰਗਰ ਨਹੀਂ ਲਾ ਸਕੇ। ਇਸੇ ਤਰ੍ਹਾਂ ਬਾਜ਼ਾਰ ਸ਼ੇਖਾਂ ’ਚ ਲੰਗਰ ਲਾਉਣ ਵਾਲੇ ਮੁਨੀਸ਼ ਬਾਹਰੀ ਨੇ ਕਿਹਾ ਕਿ ਹਲਵਾਈ ਨੇ ਸਿਰਫ਼ ਸਿਲੰਡਰ ਦਾ ਇੰਤਜ਼ਾਮ ਕਰਨ ਲਈ ਕਿਹਾ ਸੀ, ਜੋ ਉਹ ਨਹੀਂ ਕਰ ਸਕੇ ਤੇ ਇਸ ਕਰ ਕੇ ਲੰਗਰ ਨਹੀਂ ਲੱਗ ਸਕਿਆ। ---------------------------- ਖਪਤਕਾਰਾਂ ਨੂੰ ਲੜੀਵਾਰ ਤਰੀਕੇ ਨਾਲ ਕੀਤੀ ਜਾ ਰਹੀ ਹੈ ਸਪਲਾਈ ਕਾਲਾ ਬਾਜ਼ਾਰੀ ਤੇ ਜਮ੍ਹਾਂਖੋਰੀ ਰੋਕਣ ਲਈ ਡਿਪਟੀ ਕਮਿਸ਼ਨਰ ਡਾ. ਹਿਮਾਂਸ਼ੂ ਅਗਰਵਾਲ ਵੱਲੋਂ ਬਣਾਈ ਗਈ ਟੀਮ ਨੇ ਸ਼ਨਿਚਰਵਾਰ ਨੂੰ ਵੀ ਗੈਸ ਏਜੰਸੀਆਂ ਤੇ ਗੁਦਾਮਾਂ ਦੀ ਜਾਂਚ ਕੀਤੀ। ਜ਼ਿਲ੍ਹਾ ਖਾਦ ਤੇ ਸਪਲਾਈ ਅਧਿਕਾਰੀ ਨਰਿੰਦਰ ਸਿੰਘ ਦੀ ਅਗਵਾਈ ’ਚ ਟੀਮ ਨੇ ਏਜੰਸੀਆਂ ਦੇ ਰਿਕਾਰਡ, ਗੁਦਾਮਾਂ ਦਾ ਸਟਾਕ ਤੇ ਸਿਲੰਡਰਾਂ ਦਾ ਵਜ਼ਨ ਵੀ ਚੈੱਕ ਕੀਤਾ। ਡੀਐੱਫਐੱਸਓ ਮੁਨੀਸ਼ ਕੁਮਾਰ ਨੇ ਦੱਸਿਆ ਕਿ ਬੁਕਿੰਗ ਵਾਲੇ ਖਪਤਕਾਰਾਂ ਨੂੰ ਲੜੀਵਾਰ ਤਰੀਕੇ ਨਾਲ ਤੇ ਤਰਜੀਹ ਦੇ ਆਧਾਰ ’ਤੇ ਸਪਲਾਈ ਦਿੱਤੀ ਜਾ ਰਹੀ ਹੈ। ਡਿਪਟੀ ਕਮਿਸ਼ਨਰ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਘਬਰਾਹਟ ’ਚ ਆ ਕੇ ਗੈਰ-ਜ਼ਰੂਰੀ ਤੌਰ ’ਤੇ ਸਿਲੰਡਰ ਦੀ ਬੁਕਿੰਗ ਨਾ ਕਰਵਾਉਣ। ਜੇ ਜਮ੍ਹਾਂਖੋਰੀ ਜਾਂ ਕਾਲਾ ਬਾਜ਼ਾਰੀ ਦਾ ਕੋਈ ਮਾਮਲਾ ਸਾਹਮਣੇ ਆਇਆ ਤਾਂ ਸਖ਼ਤ ਕਾਰਵਾਈ ਕੀਤੀ ਜਾਵੇਗੀ।