- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਐੱਸਪੀ (ਇਨਵੈਸਟੀਗੇਸ਼ਨ) ਨੂੰ ਸੌਂਪੀ

ਐੱਸਪੀ (ਇਨਵੈਸਟੀਗੇਸ਼ਨ) ਨੂੰ ਸੌਂਪੀ ਮਾਮਲੇ ਦੀ ਜਾਂਚ : ਐੱਸਐੱਸਪੀ ਵਿਰਕ
ਐਸਐੱਚਓ ਸਮੇਤ 3 ਪੁਲਿਸ ਮੁਲਾਜ਼ਮ ਲਾਈਨ ਹਾਜ਼ਰ
ਪ੍ਰਿਤਪਾਲ ਸਿੰਘ, ਪੰਜਾਬੀ ਜਾਗਰਣ, ਸ਼ਾਹਕੋਟ : ‘ਯੁੱਧ ਨਸ਼ਿਆਂ ਵਿਰੁੱਧ’ ਮੁਹਿੰਮ ਦੇ ਨਾਮ ’ਤੇ ਪੁਲਿਸ ਵੱਲੋਂ ਕੀਤੀ ਗਈ ਇਕ ਛਾਪੇਮਾਰੀ ਉਸ ਸਮੇਂ ਵੱਡੇ ਵਿਵਾਦਾਂ ’ਚ ਘਿਰ ਗਈ, ਜਦੋਂ ਇਕ ਵਿਅਕਤੀ ਨੂੰ ਫਸਾਉਣ ਲਈ ਪੁਲਿਸ ਵੱਲੋਂ ਖੁਦ ਲਾਹਣ ਵਾਲਾ ਡਰੰਮ ਉਸਦੇ ਘਰ ਵਿਚ ਰੱਖਣ ਦੀ ਸੀਸੀਟੀਵੀ ਫੁਟੇਜ ਵਾਇਰਲ ਹੋ ਗਈ। ਇਸ ਸਨਸਨੀਖੇਜ਼ ਮਾਮਲੇ ਦਾ ਸੱਚ ਸਾਹਮਣੇ ਆਉਣ ਤੋਂ ਬਾਅਦ ਐੱਸਐੱਸਪੀ ਜਲੰਧਰ (ਦਿਹਾਤੀ) ਹਰਵਿੰਦਰ ਸਿੰਘ ਵਿਰਕ ਨੇ ਸਖ਼ਤ ਐਕਸ਼ਨ ਲੈਂਦਿਆਂ ਸ਼ਾਹਕੋਟ ਦੇ ਐੱਸਐੱਚਓ ਸਮੇਤ ਤਿੰਨ ਪੁਲਿਸ ਮੁਲਾਜ਼ਮਾਂ ਨੂੰ ਤੁਰੰਤ ਪ੍ਰਭਾਵ ਨਾਲ ਲਾਈਨ ਹਾਜ਼ਰ ਕਰ ਦਿੱਤਾ ਹੈ ਤੇ ਮਾਮਲੇ ਦੀ ਉੱਚ ਪੱਧਰੀ ਜਾਂਚ ਦੇ ਹੁਕਮ ਦਿੱਤੇ ਹਨ। ਸੀਸੀਟੀਵੀ ਫੁਟੇਜ ਸਾਹਮਣੇ ਆਉਣ ਮਗਰੋਂ ਪੁਲਿਸ ਵਿਭਾਗ ਵੱਲੋਂ ਥਾਣਾ ਸ਼ਾਹਕੋਟ ਦੇ ਐੱਸਐੱਚਓ ਬਲਵਿੰਦਰ ਸਿੰਘ, ਏਐੱਸਆਈ ਸੁਖਵਿੰਦਰ ਸਿੰਘ ਤੇ ਲੇਡੀ ਕਾਂਸਟੇਬਲ ਹੈਵਨਪ੍ਰੀਤ ਕੌਰ ਨੂੰ ਲਾਈਨ ਹਾਜ਼ਰ ਕਰ ਦਿੱਤਾ ਗਿਆ ਹੈ। ਇਸ ਪੂਰੇ ਮਾਮਲੇ ਦੀ ਡੂੰਘਾਈ ਤੇ ਨਿਰਪੱਖਤਾ ਨਾਲ ਜਾਂਚ ਕਰਨ ਦੀ ਜ਼ਿੰਮੇਵਾਰੀ ਐੱਸਪੀ (ਇਨਵੈਸਟੀਗੇਸ਼ਨ) ਵਨੀਤ ਅਹਲਾਵਤ ਨੂੰ ਸੌਂਪੀ ਗਈ ਹੈ। ਉਨ੍ਹਾਂ ਸਪੱਸ਼ਟ ਕੀਤਾ ਹੈ ਕਿ ਜਾਂਚ ’ਚ ਜੇਕਰ ਪੁਲਿਸ ਮੁਲਾਜ਼ਮ ਦੋਸ਼ੀ ਪਾਏ ਗਏ, ਤਾਂ ਉਨ੍ਹਾਂ ਖ਼ਿਲਾਫ਼ ਸਖ਼ਤ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।
ਜ਼ਿਕਰਯੋਗ ਹੈ ਕਿ 9 ਅਪ੍ਰੈਲ ਨੂੰ ਸ਼ਾਹਕੋਟ ਥਾਣੇ ਵਿਚ ਪਿੰਡ ਦੌਲਤਪੁਰ ਢੱਡਾ ਦੇ ਰਹਿਣ ਵਾਲੇ ਅਕਰਮ ਖਿਲਾਫ਼ ਐਕਸਾਈਜ਼ ਐਕਟ ਤਹਿਤ ਮੁਕੱਦਮਾ ਨੰਬਰ 90 ਦਰਜ ਕੀਤਾ ਗਿਆ ਸੀ। ਪੁਲਿਸ ਨੇ ਦਾਅਵਾ ਕੀਤਾ ਸੀ ਕਿ ਏਐੱਸਆਈ ਸੁਖਵਿੰਦਰ ਸਿੰਘ ਦੀ ਟੀਮ ਨੇ ਛਾਪੇਮਾਰੀ ਦੌਰਾਨ ਅਕਰਮ ਦੇ ਘਰੋਂ ਤੂੜੀ ਵਾਲੇ ਕਮਰੇ ’ਚੋਂ 35 ਲੀਟਰ ਲਾਹਣ ਨਾਲ ਭਰਿਆ ਪਲਾਸਟਿਕ ਦਾ ਨੀਲਾ ਡਰੰਮ ਬਰਾਮਦ ਕੀਤਾ ਹੈ ਪਰ ਜਿਸ ਗਲੀ ਵਿਚ ਅਕਰਮ ਦਾ ਘਰ ਹੈ, ਉੱਥੇ ਲੱਗੇ ਸੀਸੀਟੀਵੀ ਕੈਮਰਿਆਂ ਨੇ ਪੁਲਿਸ ਦਾ ਝੂਠ ਬੇਨਕਾਬ ਕਰ ਦਿੱਤਾ। ਫੁਟੇਜ ਵਿਚ ਸਾਫ਼ ਦਿਖਾਈ ਦੇ ਰਿਹਾ ਹੈ ਕਿ ਇਕ ਸਿਲਵਰ ਰੰਗ ਦੀ ਈਕੋਸਪੋਰਟ ਗੱਡੀ ਆਉਂਦੀ ਹੈ, ਜਿਸ ਵਿੱਚੋਂ ਪੁਲਿਸ ਮੁਲਾਜ਼ਮ ਇਕ ਨੀਲਾ ਡਰੰਮ ਉਤਾਰ ਕੇ ਘਰ ਦੇ ਅੰਦਰ ਲੈ ਜਾਂਦੇ ਹਨ। ਮੌਕੇ ’ਤੇ ਕੁੱਲ 7 ਪੁਲਿਸ ਵਾਲੇ ਨਜ਼ਰ ਆਉਂਦੇ ਹਨ।
ਮਹਿਜ਼ 13 ਮਿੰਟ ਬਾਅਦ ਉਹੀ ਡਰੰਮ ਸੀਲਬੰਦ ਕਰ ਕੇ ਘਰੋਂ ਬਾਹਰ ਲਿਆ ਕੇ ਗੱਡੀ ’ਚ ਰੱਖ ਦਿੱਤਾ ਜਾਂਦਾ ਹੈ। ਮੁੱਢਲੀ ਪੁੱਛਗਿੱਛ ਦੌਰਾਨ ਪੁਲਿਸ ਮੁਲਾਜ਼ਮਾਂ ਨੇ ਇਹ ਕਹਿ ਕੇ ਬਚਾਅ ਕਰਨ ਦੀ ਕੋਸ਼ਿਸ਼ ਕੀਤੀ ਕਿ ਬਰਾਮਦ ਕੀਤੀ ਲਾਹਣ ਨੂੰ ਪਾਉਣ ਲਈ ਕੰਟੇਨਰ ਦਾ ਪ੍ਰਬੰਧ ਬਾਹਰੋਂ ਕਰਨਾ ਪੈਂਦਾ ਹੈ ਤੇ ਇਹ ਡਰੰਮ ਰਿਕਵਰੀ ਭਰਨ ਲਈ ਹੀ ਅੰਦਰ ਲਿਜਾਇਆ ਗਿਆ ਸੀ ਪਰ ਸੀਸੀਟੀਵੀ ਨੇ ਪੁਲਿਸ ਦੇ ਇਸ ਬਿਆਨ ਨੂੰ ਵੀ ਝੂਠਾ ਸਾਬਤ ਕਰ ਦਿੱਤਾ, ਕਿਉਂਕਿ ਅੰਦਰ ਲਿਜਾਣ ਵੇਲੇ ਡਰੱਮ ਖਾਲੀ ਨਹੀਂ ਸੀ, ਸਗੋਂ ਇਸ ਨੂੰ ਦੋ ਵਿਅਕਤੀ ਮਿਲ ਕੇ ਚੁੱਕ ਰਹੇ ਸਨ। ਹੈਰਾਨੀ ਦੀ ਗੱਲ ਇਹ ਵੀ ਹੈ ਕਿ ਛਾਪੇਮਾਰੀ ਵੇਲੇ ਅਕਰਮ ਘਰ ’ਚ ਮੌਜੂਦ ਹੀ ਨਹੀਂ ਸੀ।