ਵਿਦਿਆਰਥੀਆਂ ਦੀਆਂ ਦੋ ਧਿਰਾਂ ਤੇਜ਼ਧਾਰ ਹਥਿਆਰਾਂ ਨਾਲ ਭਿੜੀਆਂ, ਜ਼ਖ਼ਮੀ
ਅਮਰਜੀਤ ਸਿੰਘ ਵੇਹਗਲ, ਪੰਜਾਬੀ
Publish Date: Fri, 27 Mar 2026 10:34 PM (IST)
Updated Date: Fri, 27 Mar 2026 10:38 PM (IST)
ਅਮਰਜੀਤ ਸਿੰਘ ਵੇਹਗਲ, ਪੰਜਾਬੀ ਜਾਗਰਣ, ਜਲੰਧਰ : ਥਾਣਾ ਇੱਕ ਆਉਂਦੇ ਮਕਸੂਦਾਂ ਇਲਾਕੇ ਵਿੱਚ ਨੰਦਨਪੁਰ ਰੋਡ ’ਤੇ ਸਥਿਤ ਪ੍ਰਾਈਵੇਟ ਸਕੂਲ ਵਿੱਚ ਦਸਵੀਂ ਕਲਾਸ ਦੇ ਪੇਪਰ ਦੇਣ ਗਏ ਸਰਕਾਰੀ ਸਕੂਲ ਦੇ ਵਿਦਿਆਰਥੀਆਂ ਦੀਆਂ ਦੋ ਧਿਰਾਂ ਦੀ ਆਪਸ ਵਿੱਚ ਵਿਵਾਦ ਹੋਣ ਨਾਲ ਇੱਕ-ਦੂਜੇ ’ਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰਨ ਦੀ ਸੂਚਨਾ ਪ੍ਰਾਪਤ ਹੋਈ ਹੈ। ਦੱਸਿਆ ਜਾ ਰਿਹਾ ਹੈ ਕਿ ਮਕਸੂਦਾਂ ਚੌਕ ਵਿੱਚ ਨੰਦਨਪੁਰ ਰੋਡ ’ਤੇ ਹੋਏ ਖੂਨੀ ਵਿਵਾਦ ਦੌਰਾਨ ਦੋਵੇਂ ਧਿਰਾਂ ਦੇ ਨੌਜਵਾਨ ਜ਼ਖ਼ਮੀ ਹੋਏ ਹਨ। ਜਿਨ੍ਹਾਂ ਨੂੰ ਇਲਾਜ ਲਈ ਸਿਵਲ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ। ਘਟਨਾ ਦੀ ਜਾਣਕਾਰੀ ਦਿੰਦੀ ਹੋਈ ਔਰਤ ਨੇ ਦੱਸਿਆ ਕਿ ਉਸ ਦਾ ਭਤੀਜਾ ਗੌਰਵ ਗੰਭੀਰ ਜ਼ਖ਼ਮੀ ਹੋਇਆ ਹੈ।
ਔਰਤ ਦਾ ਦੋਸ਼ ਹੈ ਕਿ ਪੰਜ ਮਹੀਨੇ ਪਹਿਲਾਂ ਇੱਕ ਸਕੂਲੀ ਵਿਦਿਆਰਥੀ ਦਾ ਉਸ ਦੇ ਭਤੀਜੇ ਨਾਲ ਝਗੜਾ ਹੋਇਆ ਸੀ, ਜਿਸ ਕਾਰਨ ਉਸ ਉੱਤੇ ਰੰਜਿਸ਼ ਤਹਿਤ ਦੁਬਾਰਾ ਹਮਲਾ ਕੀਤਾ ਗਿਆ ਹੈ। ਦੂਜੀ ਧਿਰ ਦਾ ਕਹਿਣਾ ਹੈ ਕਿ ਗੌਰਵ ਦੇ ਜ਼ਖ਼ਮੀ ਹੋਣ ਦੇ ਝੂਠੇ ਦੋਸ਼ ਲਾਏ ਜਾ ਰਹੇ ਹਨ, ਜਦਕਿ ਉਸ ਦੇ ਚਾਰ ਬੱਚੇ ਗੰਭੀਰ ਜ਼ਖ਼ਮੀ ਹੋਏ ਹਨ ਅਤੇ ਉਨ੍ਹਾਂ ਨੂੰ ਸਿਵਲ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ। ਦੱਸਿਆ ਜਾ ਰਿਹਾ ਹੈ ਕਿ ਤੇਜ਼ਧਾਰ ਹਥਿਆਰਾਂ ਨਾਲ ਤਕਰੀਬਨ 10 ਮਿੰਟ ਹੋਏ ਝਗੜੇ ਦੌਰਾਨ ਘਟਨਾ ਸਥਾਨ ਦੇ ਨਜ਼ਦੀਕ ਸਥਿਤ ਦੁਕਾਨ ਵਿੱਚ ਲੱਗੇ ਹੋਏ ਸੀਸੀਟੀਵੀ ਕੈਮਰੇ ਵਿੱਚ ਸਾਰੀ ਘਟਨਾ ਕੈਦ ਹੋਈ ਹੈ। ਦੋਵੇਂ ਧਿਰਾਂ ਇੱਕ-ਦੂਜੇ ’ਤੇ ਗੰਭੀਰ ਦੋਸ਼ ਲਾ ਰਹੀਆਂ ਹਨ। ਲੋਕਾਂ ਵੱਲੋਂ ਦੱਸਿਆ ਜਾ ਰਿਹਾ ਹੈ ਕਿ ਮੌਕੇ ’ਤੇ ਪੁੱਜੀ ਪੁਲਿਸ ਵੱਲੋਂ ਇੱਕ ਨੌਜਵਾਨ ਨੂੰ ਹਥਿਆਰਾਂ ਸਮੇਤ ਕਾਬੂ ਕੀਤਾ ਹੈ ਪਰ ਇਸ ਸਬੰਧੀ ਥਾਣਾ ਇੱਕ ਦੇ ਮੁਖੀ ਐੱਸਆਈ ਰਕੇਸ਼ ਕੁਮਾਰ ਵੱਲੋਂ ਕੋਈ ਵੀ ਪੁਸ਼ਟੀ ਨਹੀਂ ਕੀਤੀ ਗਈ। ਉਨ੍ਹਾਂ ਦਾ ਕਹਿਣਾ ਹੈ ਕਿ ਪੁਲਿਸ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।