ਮੋਟਰਸਾਈਕਲ ਸਵਾਰ ਲੁਟੇਰਿਆਂ ਨੇ ਵਿਅਕਤੀ ਕੋਲੋਂ ਨਕਦੀ ਤੇ ਮੋਬਾਈਲ ਖੋਹਿਆ
ਜ.ਸ., ਜਲੰਧਰ : ਨੂਰਮਹਿਲ
Publish Date: Fri, 27 Mar 2026 10:30 PM (IST)
Updated Date: Fri, 27 Mar 2026 10:32 PM (IST)
ਜ.ਸ., ਜਲੰਧਰ : ਨੂਰਮਹਿਲ ਇਲਾਕੇ ’ਚ ਦਿਨ-ਦਿਹਾੜੇ ਮੋਟਰਸਾਈਕਲ ਸਵਾਰ ਦੋ ਅਣਪਛਾਤੇ ਲੁਟੇਰਿਆਂ ਨੇ ਇੱਕ ਵਿਅਕਤੀ ਕੋਲੋਂ ਨਕਦੀ ਅਤੇ ਮੋਬਾਈਲ ਲੁੱਟ ਲਿਆ ਤੇ ਮੌਕੇ ਤੋਂ ਫ਼ਰਾਰ ਹੋ ਗਏ। ਜਾਣਕਾਰੀ ਅਨੁਸਾਰ ਮਿਥਰਾ, ਨੂਰਮਹਿਲ ਦੇ ਰਹਿਣ ਵਾਲੇ ਜਰਨੈਲ ਸਿੰਘ ਪੁੱਤਰ ਲਛਮਣ ਸਿੰਘ ਨੇ ਇਸ ਸਬੰਧੀ ਪੁਲਿਸ ਨੂੰ ਸ਼ਿਕਾਇਤ ਦਿੱਤੀ ਹੈ। ਸ਼ਿਕਾਇਤ ਵਿਚ ਦੱਸਿਆ ਗਿਆ ਕਿ 26 ਮਾਰਚ 2026 ਨੂੰ ਦੁਪਹਿਰ ਕਰੀਬ 2:20 ਵਜੇ ਉਹ ਆਪਣੇ ਮੋਟਰਸਾਈਕਲ ’ਤੇ ਘਰ ਤੋਂ ਬਾਹਰ ਨਿਕਲ ਰਹੇ ਸਨ। ਇਸ ਦੌਰਾਨ ਮੋਟਰਸਾਈਕਲ ’ਤੇ ਆਏ ਦੋ ਨੌਜਵਾਨਾਂ ਨੇ ਉਨ੍ਹਾਂ ਤੋਂ ਰਸਤਾ ਪੁੱਛਣ ਦੇ ਬਹਾਨੇ ਉਨ੍ਹਾਂ ਨੂੰ ਰੋਕਿਆ ਅਤੇ ਅਚਾਨਕ ਧੱਕਾ ਦੇ ਦਿੱਤਾ। ਇਸ ਤੋਂ ਬਾਅਦ ਮੁਲਜ਼ਮਾਂ ਨੇ ਜਰਨੈਲ ਸਿੰਘ ਦੇ ਕੁੜਤੇ ਦੀ ਜੇਬ ’ਚੋਂ ਕਰੀਬਨ 6,000 ਰੁਪਏ ਨਕਦ, ਇਕ ਮੋਬਾਈਲ ਫੋਨ ਅਤੇ ਘਰ ਦੀਆਂ ਚਾਬੀਆਂ ਦਾ ਗੁੱਛਾ ਖੋਹ ਲਿਆ। ਵਾਰਦਾਤ ਨੂੰ ਅੰਜਾਮ ਦੇਣ ਤੋਂ ਬਾਅਦ ਦੋਵੇਂ ਮੁਲਜ਼ਮ ਮੌਕੇ ਤੋਂ ਫ਼ਰਾਰ ਹੋ ਗਏ। ਥਾਣਾ ਇੰਚਾਰਜ ਇੰਸਪੈਕਟਰ ਪਲਵਿੰਦਰ ਸਿੰਘ ਨੇ ਦੱਸਿਆ ਕਿ ਪੁਲਿਸ ਨੇ ਸ਼ਿਕਾਇਤ ਦੇ ਆਧਾਰ ’ਤੇ ਦੋ ਅਣਪਛਾਤੇ ਲੁਟੇਰਿਆਂ ਖ਼ਿਲਾਫ਼ ਵੱਖ-ਵੱਖ ਧਾਰਾਵਾਂ ਤਹਿਤ ਮਾਮਲਾ ਦਰਜ ਕਰ ਲਿਆ ਹੈ। ਇਸ ਸਮੇਂ ਪੁਲਿਸ ਮੁਲਜ਼ਮਾਂ ਦੀ ਭਾਲ ’ਚ ਲੱਗੀ ਹੋਈ ਹੈ।