- ਸਬਜ਼ੀ ਵਿਕਰੇਤਾ ਤੋਂ

- ਸਬਜ਼ੀ ਵਿਕਰੇਤਾ ਤੋਂ ਕਰਿਆਨਾ ਦੁਕਾਨਦਾਰ ਤਕ ਸ਼ਾਮਲ, ਇੱਕ ਸਾਲ ’ਚ ਦਰਜਨਾਂ ਗ੍ਰਿਫ਼ਤਾਰ
ਸੁਕਰਾਂਤ, ਜਾਗਰਣ, ਪੰਜਾਬੀ ਜਾਗਰਣ
ਜਲੰਧਰ : ਬਸਤੀ ਨੌਂ ’ਚ ਬੰਟੀ ਨਾਂ ਦੇ ਇੱਕ ਸਬਜ਼ੀ ਵਿਕਰੇਤਾ ਨੂੰ ਪੁਲਿਸ ਨੇ ਅਫੀਮ ਵੇਚਣ ਦੇ ਦੋਸ਼ ’ਚ ਗ੍ਰਿਫ਼ਤਾਰ ਕੀਤਾ। ਸ਼ੁਰੂਆਤੀ ਜਾਂਚ ’ਚ ਪਤਾ ਲੱਗਾ ਕਿ ਸਬਜ਼ੀ ਵੇਚਣਾ ਸਿਰਫ ਇੱਕ ਦਿਖਾਵਾ ਸੀ। ਉਹ ਪਰਚੂਨ ਦੇ ਬਹਾਨੇ ਇਲਾਕੇ ’ਚ ਅਫੀਮ ਦੀ ਸਪਲਾਈ ਕਰਦਾ ਸੀ। ਸਬਜ਼ੀ ਦਾ ਕੰਮ ਕਰਦੇ-ਕਰਦੇ ਉਹ ਅਫੀਮ ਵੇਚਣ ਲੱਗਾ। ਪੁਲਿਸ ਨੂੰ ਗੁਪਤ ਜਾਣਕਾਰੀ ਮਿਲੀ ਸੀ, ਜਿਸ ਤੋਂ ਬਾਅਦ ਉਸ ਨੂੰ ਰੰਗੇ ਹੱਥੀਂ ਫੜਿਆ ਗਿਆ। ਉਸ ਤੋਂ ਪਤਾ ਚੱਲਿਆ ਕਿ ਉਸ ਦੇ ਕਈ ਸਾਥੀ ਵੀ ਇਸ ਕੰਮ ਵਿਚ ਸ਼ਾਮਲ ਹਨ ਕਿਉਂਕਿ ਸਬਜ਼ੀ ਵੇਚ ਕੇ ਜਾਂ ਦਿਹਾੜੀ ਲਾ ਕੇ ਜ਼ਿਆਦਾ ਕੁਝ ਨਹੀਂ ਮਿਲਦਾ ਸੀ। ਜਲਦੀ ਅਮੀਰ ਬਣਨ ਦੇ ਲਾਲਚ ਵਿਚ ਉਹ ਅਫੀਮ ਤਸਕਰ ਬਣ ਗਏ।
ਜਲੰਧਰ ’ਚ ਪਿਛਲੇ ਕੁਝ ਸਮੇਂ ’ਚ ਅਫੀਮ ਤਸਕਰੀ ਦੇ ਮੁਲਜ਼ਮਾਂ ਨੂੰ ਪੁਲਿਸ ਨੇ ਗ੍ਰਿਫ਼ਤਾਰ ਕੀਤਾ ਤਾਂ ਸਾਹਮਣੇ ਆਇਆ ਕਿ ਪਹਿਲਾਂ ਜਿੱਥੇ ਵੱਡੇ ਨੈੱਟਵਰਕ ਅਤੇ ਤਸਕਰ ਇਸ ਧੰਦੇ ’ਚ ਸਰਗਰਮ ਰਹਿੰਦੇ ਸਨ, ਉੱਥੇ ਹੁਣ ਛੋਟੇ ਦੁਕਾਨਦਾਰ, ਰੇਹੜੀ-ਫੜੀ ਲਾਉਣ ਵਾਲੇ ਅਤੇ ਘੁੰਮ-ਘੁੰਮ ਕੇ ਸਾਮਾਨ ਵੇਚਣ ਵਾਲੇ ਦਿਹਾੜੀਦਾਰ ਲੋਕ ਵੀ ਜਲਦੀ ਅਮੀਰ ਬਣਨ ਦੇ ਲਾਲਚ ’ਚ ਫਸਣ ਲੱਗੇ ਹਨ। ਲੋਕ ਇਸ ਨਾਜਾਇਜ਼ ਕਾਰੋਬਾਰ ਵਿਚ ਸ਼ਾਮਲ ਪਾਏ ਜਾ ਰਹੇ ਹਨ। ਪੁਲਿਸ ਰਿਕਾਰਡ ਮੁਤਾਬਿਕ ਪਿਛਲੇ ਇੱਕ ਸਾਲ ਵਿਚ ਅਫੀਮ ਦੇ ਨਾਲ ਦਰਜਨਾਂ ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ, ਜਿਨ੍ਹਾਂ ’ਚ ਜ਼ਿਆਦਾਤਰ ਉਹ ਲੋਕ ਸਨ, ਜੋ ਦਿਹਾੜੀ ਕਮਾਉਂਦੇ ਸਨ ਅਤੇ ਤਸਕਰਾਂ ਤੋਂ ਅਫੀਮ ਲੈ ਕੇ ਪਰਚੂਨ ਵਿਚ ਵੇਚਦੇ ਸਨ।
ਕੁਝ ਮਹੀਨੇ ਪਹਿਲਾਂ ਵੀ ਜਲੰਧਰ ਪੁਲਿਸ ਨੇ ਇੱਕ ਕਰਿਆਨਾ ਦੁਕਾਨਦਾਰ ਨੂੰ ਅਫੀਮ ਦੇ ਨਾਲ ਫੜ ਕੀਤਾ ਸੀ। ਜਾਂਚ ਵਿਚ ਸਾਹਮਣੇ ਆਇਆ ਕਿ ਉਹ ਅੰਮ੍ਰਿਤਸਰ ਅਤੇ ਜਲੰਧਰ ਦੇ ਵਿਚਕਾਰ ਨਿਯਮਿਤ ਤੌਰ ’ਤੇ ਆਉਂਦਾ-ਜਾਂਦਾ ਸੀ ਅਤੇ ਇਸ ਦੌਰਾਨ ਅਫੀਮ ਦੀ ਖੇਪ ਲੈ ਕੇ ਆਉਂਦਾ ਸੀ। ਦੁਕਾਨ ਉਸ ਲਈ ਕਵਰ ਦਾ ਕੰਮ ਕਰਦੀ ਸੀ। ਗਾਹਕ ਰੋਜ਼ਮਰਾ ਦਾ ਸਾਮਾਨ ਲੈਣ ਆਉਂਦੇ, ਪਰ ਚੁਣਿੰਦਾ ਲੋਕਾਂ ਨੂੰ ਨਸ਼ਾ ਵੀ ਵੇਚਿਆ ਜਾਂਦਾ ਸੀ।
- ਪੈਸੇ ਦੇ ਲਾਲਚ ’ਚ ਲੋਕਾਂ ਨੂੰ ਫਸਾ ਰਹੇ ਅਫੀਮ ਤਸਕਰ
ਵੱਡੇ ਅਫੀਮ ਤਸਕਰ ਹੁਣ ਖ਼ੁਦ ਸਾਹਮਣੇ ਆਉਣ ਦੀ ਬਜਾਏ ਛੋਟੇ ਅਤੇ ਆਮ ਦਿਖਾਈ ਦੇਣ ਵਾਲੇ ਲੋਕਾਂ ਨੂੰ ਅੱਗੇ ਕਰ ਰਹੇ ਹਨ। ਉਨ੍ਹਾਂ ਨੂੰ ਪੈਸੇ ਦਾ ਲਾਲਚ ਦੇ ਕੇ ਅਫੀਮ ਦੀ ਸਪਲਾਈ ’ਚ ਲਾ ਰਹੇ ਹਨ। ਬਾਰਡਰ ਦੇ ਇਲਾਕਿਆਂ ਜਾਂ ਬਾਹਰੀ ਸੂਬਿਆਂ ਤੋਂ ਅਫੀਮ ਲੈ ਕੇ ਸ਼ਹਿਰਾਂ ਵਿਚ ਸਪਲਾਈ ਕਰਨ ਦਾ ਜ਼ਿੰਮੇਵਾਰੀ ਇਨ੍ਹਾਂ ਲੋਕਾਂ ਨੂੰ ਦਿੱਤੀ ਜਾਂਦੀ ਹੈ। ਬਦਲੇ ਵਿਚ ਉਨ੍ਹਾਂ ਨੂੰ ਘੱਟ ਸਮੇਂ ਵਿਚ ਮੋਟੀ ਕਮਾਈ ਦਾ ਲਾਲਚ ਦਿੱਤਾ ਜਾਂਦਾ ਹੈ। ਆਰਥਿਕ ਤੰਗੀ, ਵਧਦੀ ਮਹਿੰਗਾਈ ਅਤੇ ਜਲਦੀ ਪੈਸਾ ਕਮਾਉਣ ਦੀ ਖਾਹਿਸ਼ ਕਈ ਲੋਕਾਂ ਨੂੰ ਇਸ ਰਸਤੇ ’ਤੇ ਧੱਕ ਰਹੀ ਹੈ। ਪੁਲਿਸ ਦੀ ਪੁੱਛਗਿੱਛ ’ਚ ਕਈ ਮੁਲਜ਼ਮਾਂ ਨੇ ਮੰਨਿਆ ਕਿ ਉਹ ਸਪਲਾਈ ਚੇਨ ਦਾ ਹਿੱਸਾ ਬਣ ਗਏ। ਕੁਝ ਮਾਮਲਿਆਂ ਵਿਚ ਤਾਂ ਪਰਿਵਾਰ ਵਾਲਿਆਂ ਨੂੰ ਵੀ ਅਸਲੀ ਕੰਮ ਦੀ ਜਾਣਕਾਰੀ ਨਹੀਂ ਸੀ।
- ਅਫੀਮ ਦੇ ਨਾਲ ਸ਼ਰਾਬ ਵੀ ਹੋ ਰਹੀ ਸਪਲਾਈ
ਅਫੀਮ ਦੇ ਨਾਲ-ਨਾਲ ਦਿਹਾੜੀਦਾਰ ਸ਼ਰਾਬ ਦੀ ਵੀ ਸਪਲਾਈ ਕਰਨ ਲੱਗੇ ਹਨ। ਪੁਲਿਸ ਨੇ ਸ਼ਰਾਬ ਸਪਲਾਈ ਕਰਨ ਦੇ ਦੋਸ਼ ’ਚ ਪਿਛਲੇ ਛੇ ਮਹੀਨਿਆਂ ’ਚ ਲਗਪਗ 100 ਲੋਕਾਂ ਨੂੰ ਗ੍ਰਿਫ਼ਤਾਰ ਕੀਤਾ, ਜਿਨ੍ਹਾਂ ਵਿੱਚੋਂ ਜ਼ਿਆਦਾਤਰ ਦਿਹਾੜੀਦਾਰ ਸਨ। ਦਿਨ ਦੇ ਸਮੇਂ ਵਿਚ ਦਿਹਾੜੀ ਲਾਉਂਦੇ ਅਤੇ ਸ਼ਾਮ ਨੂੰ ਸ਼ਰਾਬ ਸਪਲਾਈ ਕਰਦੇ ਸਨ।
-----
ਸ਼ਹਿਰ ’ਚ ਨਸ਼ਾ ਤਸਕਰਾਂ ਖ਼ਿਲਾਫ਼ ਪੁਲਿਸ ਮੁਹਿੰਮ ਚਲਾ ਰਹੀ ਹੈ। ਕਈ ਨਸ਼ਾ ਤਸਕਰ ਫੜੇ ਜਾ ਚੁੱਕੇ ਹਨ। ਜੇਕਰ ਕਿਸੇ ਦੁਕਾਨ ਜਾਂ ਵਿਅਕਤੀ ਦੀਆਂ ਸਰਗਰਮੀਆਂ ਸ਼ੱਕੀ ਲੱਗਦੀਆਂ ਹਨ ਤਾਂ ਤੁਰੰਤ ਪੁਲਿਸ ਨੂੰ ਜਾਣਕਾਰੀ ਦੇਣੀ ਚਾਹੀਦੀ ਹੈ। ਜਲਦੀ ਅਮੀਰ ਬਣਨ ਦੀ ਲਾਲਸਾ ਕਈ ਪਰਿਵਾਰਾਂ ਨੂੰ ਬਰਬਾਦੀ ਵੱਲ ਲੈ ਜਾ ਰਹੀ ਹੈ। ਲੋਕਾਂ ਨੂੰ ਨਸ਼ੇ ਤੋਂ ਦੂਰ ਰੱਖਣ ਲਈ ਪੁਲਿਸ ਕੋਸ਼ਿਸ਼ ਕਰ ਰਹੀ ਹੈ। ਨਸ਼ਾ ਤਸਕਰਾਂ ਨੂੰ ਫੜਨ ਲਈ ਲਗਾਤਾਰ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ।
- ਪੁਲਿਸ ਕਮਿਸ਼ਨਰ ਧਨਪ੍ਰੀਤ ਕੌਰ।