ਗੁਰਾਇਆ ਦੇ ਨੌਜਵਾਨ ਦੀ ਰੂਸ-ਯੂਕਰੇਨ ਜੰਗ ’ਚ ਹੋਈ ਮੌਤ
ਗੁਰਾਇਆ ਦੇ ਇੱਕ ਨੌਜਵਾਨ ਦੀ ਰੂਸ-ਯੂਕਰੇਨ ਯੁੱ
Publish Date: Sat, 03 Jan 2026 07:40 PM (IST)
Updated Date: Sun, 04 Jan 2026 04:12 AM (IST)

ਮਨਜੀਤ ਮੱਕੜ/ਕਰਮਵੀਰ ਸਿੰਘ, ਪੰਜਾਬੀ ਜਾਗਰਣ, ਗੁਰਾਇਆ : ਗੁਰਾਇਆ ਦੇ ਇਕ ਨੌਜਵਾਨ ਦੀ ਰੂਸ-ਯੂਕਰੇਨ ਯੁੱਧ ’ਚ ਮੌਤ ਹੋ ਗਈ ਹੈ। ਨੌਜਵਾਨ ਟਰੈਵਲ ਏਜੰਟਾਂ ਦੇ ਝਾਂਸੇ ਚ ਆ ਕੇ ਰੂਸ ਚਲਾ ਗਿਆ ਸੀ, ਜਿੱਥੇ ਉਸ ਨੂੰ ਜ਼ਬਰਦਸਤੀ ਰੂਸੀ ਫੌਜ ’ਚ ਭਰਤੀ ਕੀਤਾ ਗਿਆ। ਕਈ ਮਹੀਨਿਆਂ ਤੋਂ ਲਾਪਤਾ ਰਹਿਣ ਤੋਂ ਬਾਅਦ ਉਸ ਦੀ ਮੌਤ ਹੋ ਜਾਣ ਦੀ ਖ਼ਬਰ ਸਾਹਮਣੇ ਆਈ ਹੈ, ਜਿਸ ਨਾਲ ਪਰਿਵਾਰ ਤੇ ਇਲਾਕੇ ’ਚ ਸੋਗ ਹੈ। ਦੱਸ ਦੇਈਏ ਕਿ ਮਨਦੀਪ ਕੁਮਾਰ 17 ਸਤੰਬਰ, 2023 ਨੂੰ ਇਕ ਰਿਸ਼ਤੇਦਾਰ ਤੇ ਤਿੰਨ ਜਾਣਕਾਰਾਂ ਨਾਲ ਅਰਮੀਨੀਆ ਲਈ ਰਵਾਨਾ ਹੋਇਆ ਸੀ। ਮਨਦੀਪ ਤੇ ਉਸ ਦੇ ਸਾਥੀ ਅੰਮ੍ਰਿਤਸਰ ਤੋਂ ਫਲਾਈਟ ਰਾਹੀਂ ਅਰਮੀਨੀਆ ਪਹੁੰਚੇ। ਉਨ੍ਹਾਂ ਤਿੰਨ ਮਹੀਨਿਆਂ ਲਈ ਅਰਮੀਨੀਆ ’ਚ ਮਜ਼ਦੂਰਾਂ ਵਜੋਂ ਕੰਮ ਕੀਤਾ। 9 ਦਸੰਬਰ, 2023 ਨੂੰ ਉਹ ਰੂਸ ਪਹੁੰਚੇ। ਹਾਲਾਂਕਿ ਮਨਦੀਪ ਕੁਮਾਰ ਰੂਸ ’ਚ ਹੀ ਰਿਹਾ, ਜਦੋਂ ਕਿ ਉਸ ਦਾ ਰਿਸ਼ਤੇਦਾਰ ਤੇ ਤਿੰਨ ਹੋਰ ਸਾਥੀ ਭਾਰਤ ਵਾਪਸ ਆ ਗਏ। ਮਨਦੀਪ ਦੇ ਭਰਾ ਜਗਦੀਪ ਕੁਮਾਰ ਨੇ ਕਿਹਾ ਕਿ ਉਹ ਹੁਣ ਇਸ ਬਾਰੇ ਜਾਣਕਾਰੀ ਲੈਣਗੇ ਕਿ ਉਸ ਦੇ ਭਰਾ ਨੂੰ ਰੂਸੀ ਫੌਜ ’ਚ ਕਿਵੇਂ ਭਰਤੀ ਕੀਤਾ ਗਿਆ ਸੀ, ਕਿਉਂਕਿ ਉਹ ਅਪਾਹਜ ਸੀ ਤੇ ਅਪਾਹਜ ਵਿਅਕਤੀ ਫੌਜ ’ਚ ਭਰਤੀ ਹੋਣ ਦੇ ਯੋਗ ਨਹੀਂ ਹਨ। ਉਹ ਹੁਣ ਇਸ ਮਾਮਲੇ ਬਾਰੇ ਵਿਦੇਸ਼ ਮੰਤਰਾਲੇ ਅਤੇ ਰੂਸੀ ਸਰਕਾਰ ਨਾਲ ਗੱਲ ਕਰਨਗੇ ਅਤੇ ਰੂਸੀ ਅਦਾਲਤ ਵਿਚ ਮੁਕੱਦਮਾ ਵੀ ਦਾਇਰ ਕਰਨਗੇ। ਭਰਾ ਨੇ ਮਨਦੀਪ ਨੂੰ ਲੱਭਣ ਦੀ ਕੀਤੀ ਹਰ ਸੰਭਵ ਕੋਸ਼ਿਸ਼ ਮਨਦੀਪ ਦੇ ਲਾਪਤਾ ਹੋਣ ਤੋਂ ਬਾਅਦ ਉਸ ਦੇ ਭਰਾ ਜਗਦੀਪ ਨੇ ਉਸ ਨੂੰ ਲੱਭਣ ਦੀ ਹਰ ਸੰਭਵ ਕੋਸ਼ਿਸ਼ ਕੀਤੀ। ਜਗਦੀਪ ਖ਼ੁਦ ਰੂਸ ਗਿਆ ਤੇ ਉੱਥੋਂ ਦੇ ਅਧਿਕਾਰੀਆਂ ਨਾਲ ਸੰਪਰਕ ਕੀਤਾ। ਉਸ ਨੇ ਮਨਦੀਪ ਦੀ ਸੁਰੱਖਿਅਤ ਭਾਰਤ ਵਾਪਸੀ ਨੂੰ ਯਕੀਨੀ ਬਣਾਉਣ ਲਈ ਪੰਜਾਬ ਤੇ ਕੇਂਦਰ ਸਰਕਾਰ ਕੋਲ ਵੀ ਮਨਦੀਪ ਦਾ ਮਾਮਲਾ ਉਠਾਇਆ। ਹਾਲਾਂਕਿ ਸਾਰੀਆਂ ਕੋਸ਼ਿਸ਼ਾਂ ਦੇ ਬਾਵਜੂਦ ਪਰਿਵਾਰ ਨੂੰ ਕੋਈ ਠੋਸ ਜਾਣਕਾਰੀ ਨਹੀਂ ਮਿਲ ਸਕੀ। ਜਗਦੀਪ ਨੇ ਦੱਸਿਆ ਕਿ ਮਨਦੀਪ ਕਈ ਮਹੀਨਿਆਂ ਤੋਂ ਲਾਪਤਾ ਸੀ ਤੇ ਪਰਿਵਾਰ ਰੋਜ਼ਾਨਾ ਉਸ ਦੀ ਸੁਰੱਖਿਆ ਲਈ ਪ੍ਰਾਰਥਨਾ ਕਰਦਾ ਸੀ। ਉਸ ਨੇ ਕਿਹਾ ਕਿ ਭਾਵੇਂ ਉਸ ਦੀ ਲਾਸ਼ ਮਿਲਣ ਨਾਲ ਸੱਚਾਈ ਹੁਣ ਸਾਹਮਣੇ ਆ ਗਈ ਹੈ ਪਰ ਇਹ ਪਰਿਵਾਰ ਲਈ ਬਹੁਤ ਦੁਖਦਾਈ ਪਲ ਹੈ। ਪਰਿਵਾਰ ਜਲਦੀ ਮਨਦੀਪ ਦੀ ਲਾਸ਼ ਨੂੰ ਗੁਰਾਇਆ ਲੈ ਕੇ ਆਵੇਗਾ, ਜਿੱਥੇ ਉਸ ਦਾ ਅੰਤਿਮ ਸੰਸਕਾਰ ਕੀਤਾ ਜਾਵੇਗਾ।