ਕ੍ਰਿਕਟ ਦੀ ਰਾਣੀ ਸਮ੍ਰਿਤੀ ਮੰਧਾਨਾ ਦੀ ਗੀਤ ਤੇ ਪੋਸਟਰ ਰਾਹੀਂ ਕੀਤੀ ਪ੍ਰਸ਼ੰਸਾ
ਕ੍ਰਿਕਟ ਦੀ ਰਾਣੀ ਸਮਰਿਤੀ ਮੰਧਾਨਾ ਦੀ ਗੀਤ ਤੇ ਪੋਸਟਰ ਰਾਹੀਂ ਕੀਤੀ ਪ੍ਰਸ਼ੰਸਾ
Publish Date: Sun, 05 Apr 2026 08:06 PM (IST)
Updated Date: Sun, 05 Apr 2026 08:10 PM (IST)

- ਕੇਰਲਾ ਦੇ ਪ੍ਰੋਫੈਸਰ ਤੇ ਸਾਬਕਾ ਵਿਦਿਆਥਣ ਦਾ ਸਾਂਝਾ ਉਪਰਾਲਾ ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਜਲੰਧਰ : ਖੇਡਾਂ ’ਚ ਪ੍ਰਾਪਤੀਆਂ ਹਾਸਲ ਕਰਨ ਵਾਲੇ ਖਿਡਾਰੀਆਂ ਦੇ ਜੀਵਨ ਤੇ ਖੇਡਾਂ ਬਾਰੇ ਲਿਖਣ ਵਾਲੇ ਕੇਰਲਾ ਦੇ ਖੇਡ ਹਿਸਟੋਰੀਅਨ ਅਤੇ ਸੇਵਾਮੁਕਤ ਪ੍ਰੋ. ਡਾ. ਵਸ਼ਿਸ਼ਟ ਨੇ ਪਿਛਲੇ ਸਾਲ ਮਹਿਲਾ ਵਿਸ਼ਵ ਕ੍ਰਿਕਟ ਕੱਪ ਜੇਤੂ ਭਾਰਤੀ ਟੀਮ ਦੀ ਉਪ ਕਪਤਾਨ ਸਮ੍ਰਿਤੀ ਮੰਧਾਨਾ ਦੀ ਪ੍ਰਸ਼ੰਸਾ ’ਚ ਨਿਵੇਕਲਾ ਉਪਰਾਲਾ ਕੀਤਾ ਹੈ। ਉਨ੍ਹਾਂ ਨੇ ਆਪਣੀ ਸਾਬਕਾ ਵਿਦਿਆਰਥਣ ਨਾਲ ਮਿਲ ਕੇ 2025 ਦੀ ਭਾਰਤੀ ਸੁਪਰ ਸਟਾਰ ਖਿਡਾਰਨ ਬਣੀ ਮੰਧਾਨਾ ਦੀ ਪ੍ਰਸ਼ੰਸਾ ’ਚ ਉਸ ਦੀਆਂ ਪ੍ਰਾਪਤੀਆਂ ਤੇ ਖੇਡ ਜੀਵਨ ਬਾਰੇ ਜਾਣਕਾਰੀ ਭਰਪੂਰ ਸਮੱਗਰੀ ਪ੍ਰਕਾਸ਼ਤ ਕੀਤੀ ਹੈ, ਉੱਥੇ ਹੀ ਉਸ ਨੂੰ ਭਾਰਤੀ ਕ੍ਰਿਕਟ ਦੀ ਰਾਣੀ ਵਜੋਂ ਵੀ ਸਲਾਹਿਆ ਹੈ। ਪ੍ਰੋ. ਵਸ਼ਿਸ਼ਟ ਵੱਲੋਂ ਸਮਰਿਤੀ ਦੀ ਪ੍ਰਸ਼ੰਸਾ ’ਚ ਅੰਗਰੇਜ਼ੀ ਭਾਸ਼ਾ ਵਿਚ ਗੀਤ ਲਿਖ ਕੇ ਉਸ ਦਾ ਸੰਗੀਤ ਤਿਆਰ ਕੀਤਾ ਹੈ, ਜਿਸ ਨੂੰ ਉਨ੍ਹਾਂ ਦੀ ਸਾਬਕਾ ਵਿਦਿਆਰਥਣ ਸੀਲੂ ਫਾਥਿਮਾ ਨੇ ਗਾਇਆ ਹੈ। 40 ਸਕਿੰਟ ਦੇ ਇਸ ਗੀਤ ਵਿਚ ਸੀਲੂ ਫਾਥਿਮਾ ਨੇ ਕ੍ਰਿਕਟ ਦੀ ਰਾਣੀ ਸਮਰਿਤੀ ਮੰਧਾਨਾ ਦੇ ਕ੍ਰਿਕਟ ਜੀਵਨ ਤੇ ਭਾਰਤੀ ਕ੍ਰਿਕਟ ਨੂੰ ਉਸ ਦੇ ਸ਼ਾਨਦਾਰ ਦੇਣ ਦਾ ਜ਼ਿਕਰ ਕੀਤਾ ਹੈ। ਇਸ ਸਬੰਧੀ ਪ੍ਰੋ. ਵਸ਼ਿਸ਼ਟ ਨੇ ਦੱਸਿਆ ਕਿ ਭਾਰਤੀ ਕ੍ਰਿਕਟ ਟੀਮ ਦੀ ਉਪ ਪ੍ਰਧਾਨ ਤੇ 2025 ’ਚ ਭਾਰਤ ਦੀ ਸੁਪਰ ਸਟਾਰ ਮਹਿਲਾ ਕ੍ਰਿਕਟਰ ਚੁਣੀ ਗਈ ਸਮਰਿਤੀ ਮੰਧਾਨਾ ਟੀ-20 ਕ੍ਰਿਕਟ ’ਚ 4007 ਦੌੜਾਂ ਬਣਾ ਕੇ ਵਿਸ਼ਵ ’ਤੇ ਦੂਜੇ ਨੰਬਰ ’ਤੇ ਅਤੇ ਇਕ ਦਿਨਾ ਕ੍ਰਿਕਟ ’ਚ ਵਿਸ਼ਵ ਦੀ ਨੰਬਰ ਇਕ ਖਿਡਾਰਨ ਹੈ। ਇਸ ਦੇ ਨਾਲ ਹੀ ਉਹ ਸਭ ਤੋਂ ਤੇਜ਼ 5000 ਦੌੜਾਂ ਬਣਾਉਣ ਵਾਲੀ ਪਹਿਲੀ ਭਾਰਤੀ ਕ੍ਰਿਕਟ ਹੈ। ਹੁਣ ਤੱਕ ਉਹ ਆਪਣੇ ਕਰੀਅਰ ਦੌਰਾਨ 10,000 ਦੌੜਾਂ ਬਣਾ ਚੁੱਕੀ ਹੈ। ਪ੍ਰੋ. ਵਸ਼ਿਸ਼ਟ ਨੇ ਕਿਹਾ ਕਿ ਮੰਧਾਨਾ ਨੇ ਭਾਰਤੀ ਮਹਿਲਾ ਕ੍ਰਿਕਟ ’ਚ ਅਹਿਮ ਯੋਗਦਾਨ ਦਿੱਤਾ ਹੈ ਅਤੇ ਉਸ ਵਿਚ ਹਾਲੇ ਵੀ ਬਹੁਤ ਸੰਭਾਵਨਾਵਾਂ ਮੌਜੂਦ ਹਨ।