ਕ੍ਰਿਕਟ ਮੈਚਾਂ ਰਾਹੀਂ ਨਸ਼ਿਆਂ ਤੋਂ ਦੂਰ ਰਹਿਣ ਦਾ ਦਿੱਤਾ ਸੁਨੇਹਾ
‘ਯੁੱਧ ਨਸ਼ਿਆਂ ਵਿਰੁੱਧ’ ਮੁਹਿੰਮ ਤਹਿਤ ਕ੍ਰਿਕਟ ਦੇ ਕਰਵਾਏ ਗਏ ਮੈਚ
Publish Date: Fri, 02 Jan 2026 07:34 PM (IST)
Updated Date: Fri, 02 Jan 2026 07:38 PM (IST)
-ਅਧਿਕਾਰੀਆਂ ਨੇ ਵਿਦਿਆਰਥੀਆਂ ਨੂੰ ਖੇਡਾਂ ਨਾਲ ਜੁੜਨ ਲਈ ਕੀਤਾ ਪ੍ਰੇਰਿਤ
ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਜਲੰਧਰ : ਪੰਜਾਬ ਸਰਕਾਰ ਵੱਲੋਂ ਸ਼ੁਰੂ ਕੀਤੀ ਗਈ ਮੁਹਿੰਮ ‘ਯੁੱਧ ਨਸ਼ਿਆਂ ਵਿਰੁੱਧ’ ਤਹਿਤ ਨੌਜਵਾਨਾਂ ਅਤੇ ਵਿਦਿਆਰਥੀਆਂ ਨੂੰ ਖੇਡਾਂ ਨਾਲ ਜੋੜਨ ਤੇ ਨਸ਼ਿਆਂ ਤੋਂ ਦੂਰ ਰੱਖਣ ਦੇ ਮਕਸਦ ਨਾਲ ਡਿਪਟੀ ਕਮਿਸ਼ਨਰ ਡਾ. ਹਿਮਾਂਸ਼ੂ ਅਗਰਵਾਲ ਦੀ ਅਗਵਾਈ ਵਿੱਚ ਜਲੰਧਰ ਪ੍ਰੀਮੀਅਰ ਲੀਗ ਤਹਿਤ ਕਰਵਾਏ ਜਾ ਰਹੇ ਮੈਚਾਂ ਦੀ ਲੜੀ ਵਜੋਂ ਸ਼ੁੱਕਰਵਾਰ ਨੂੰ ਸੀਟੀ ਸ਼ਾਹਪੁਰ ਕੈਂਪਸ ਵਿਖੇ ਕੈਂਬ੍ਰਿਜ ਇੰਟਰਨੈਸ਼ਨਲ ਸਕੂਲ ਤੇ ਪੁਲਿਸ ਡੀਏਵੀ ਪਬਲਿਕ ਸਕੂਲ ਦਰਮਿਆਨ ਕ੍ਰਿਕਟ ਦੇ ਮੈਚ ਕਰਵਾਏ ਗਏ। ਇਸ ਮੌਕੇ ਸਹਾਇਕ ਕਮਿਸ਼ਨਰ (ਜਨਰਲ) ਰੋਹਿਤ ਜਿੰਦਲ ਅਤੇ ਮੁੱਖ ਮੰਤਰੀ ਫੀਲਡ ਅਫ਼ਸਰ ਨਵਦੀਪ ਸਿੰਘ ਵਲੋਂ ਖਿਡਾਰੀਆਂ ਦੀ ਹੌਸਲਾ ਅਫ਼ਜਾਈ ਕਰਦਿਆਂ ਉਨ੍ਹਾਂ ਨੂੰ ਖੇਡਾਂ ਨਾਲ ਜੁੜ ਕੇ ਨਸ਼ਿਆਂ ਤੋਂ ਦੂਰ ਰਹਿਣ ਲਈ ਪ੍ਰੇਰਿਤ ਕੀਤਾ ਗਿਆ। ਉਨ੍ਹਾਂ ਦੱਸਿਆ ਕਿ ਜਿਥੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਸੂਬਾ ਸਰਕਾਰ ਵਲੋਂ ਨੌਜਵਾਨਾਂ ਨੂੰ ਖੇਡਾਂ ਵੱਲ ਉਤਸ਼ਾਹਿਤ ਕਰਨ ਲਈ ਸੰਜੀਦਾ ਉਪਰਾਲੇ ਕੀਤੇ ਜਾ ਰਹੇ ਹਨ, ਉਥੇ ਹੀ ਜ਼ਿਲ੍ਹਾ ਪ੍ਰਸ਼ਾਸਨ ਵਲੋਂ ਵੀ ਖਿਡਾਰੀਆਂ ਨੂੰ ਖੇਡਾਂ ਦੇ ਖੇਤਰ ’ਚ ਮੱਲਾਂ ਮਾਰਨ ਲਈ ਮਾਹੌਲ ਮੁਹੱਈਆ ਕਰਵਾਇਆ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਡਿਪਟੀ ਕਮਿਸ਼ਨਰ ਡਾ.ਹਿਮਾਂਸ਼ੂ ਅਗਰਵਾਲ ਵੱਲੋਂ ਸ਼ੁਰੂ ਕੀਤੀ ਗਈ ਜਲੰਧਰ ਪ੍ਰੀਮੀਅਰ ਲੀਗ (ਕ੍ਰਿਕਟ) ਦੀ ਨਿਵੇਕਲੀ ਪਹਿਲ ਨੂੰ ਖਿਡਾਰੀਆਂ, ਵਿਦਿਆਰਥੀਆਂ ਤੇ ਮਾਪਿਆਂ ਵਲੋਂ ਭਰਵਾਂ ਹੁੰਗਾਰਾ ਦਿੱਤਾ ਜਾ ਰਿਹਾ ਹੈ। ਉਨ੍ਹਾਂ ਖਿਡਾਰੀਆਂ ਨੂੰ ਖੇਡਾਂ ਦੇ ਖੇਤਰ ’ਚ ਦੇਸ਼ ਤੇ ਸੂਬੇ ਦਾ ਨਾਮ ਵਿਸ਼ਵ ਪੱਧਰ ’ਤੇ ਰੋਸ਼ਨ ਕਰਨ ਲਈ ਪੂਰੀ ਲਗਨ, ਮਿਹਨਤ ਤੇ ਖੇਡ ਭਾਵਨਾ ਨਾਲ ਵੱਖ-ਵੱਖ ਖੇਡਾਂ ਵਿੱਚ ਵੱਧ ਚੜ੍ਹ ਕੇ ਹਿੱਸਾ ਲੈਣ ਦਾ ਸੱਦਾ ਦਿੱਤਾ। ਇਸ ਮੌਕੇ ਜ਼ਿਲ੍ਹਾ ਰੈੱਡ ਕਰਾਸ ਸਕੱਤਰ ਸੁਰਜੀਤ ਲਾਲ ਅਤੇ ਸਪੋਰਟਸ ਡਾਇਰੈਕਟਰ ਸੀ.ਟੀ.ਗਰੁੱਪ ਸੱਤਪਾਲ ਵੀ ਮੌਜੂਦ ਸਨ। ਅੱਜ ਪੁਲਿਸ ਡੀਏਵੀ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਤੇ ਕੈਂਬ੍ਰਿਜ ਇੰਟਰਨੈਸ਼ਨਲ ਸਕੂਲ ਦਰਮਿਆਨ ਕਰਵਾਏ ਗਏ ਕ੍ਰਿਕਟ ਮੈਚ ਦੌਰਾਨ ਪੁਲਿਸ ਡੀਏਵੀ ਪਬਲਿਕ ਸਕੂਲ ਦੀ ਟੀਮ 7 ਦੌੜਾਂ ਨਾਲ ਜੇਤੂ ਰਹੀ। ਮੈਚ ਦੌਰਾਨ ਰਿਧੀਮਨ ਸ਼ਰਮਾ ਵੱਲੋਂ 38 ਦੌੜਾਂ ਦਾ ਯੋਗਦਾਨ ਪਾਇਆ ਗਿਆ। ਕੈਂਬ੍ਰਿਜ ਇੰਟਰਨੈਸ਼ਨਲ ਸਕੂਲ ਦੀ ਟੀਮ 6 ਵਿਕਟਾਂ ਗਵਾ ਕੇ 131 ਦੌੜਾ ਬਣਾ ਸਕੀ। ਆਹਾਨ ਨੂੰ ਮੈਨ ਆਫ ਦਾ ਮੈਚ ਐਲਾਨਿਆ ਗਿਆ।