ਏਜੀਆਈ ਇਨਫਰਾ ’ਚ ਉਸਾਰਿਆ ਜਾ ਰਿਹੈ ਕ੍ਰਿਕਟ ਐਕਸੀਲੈਂਸ ਸੈਂਟਰ : ਐੱਮਡੀ ਸੁਖਦੇਵ ਸਿੰਘ
ਏਜੀਆਈ ਇਨਫਰਾ ’ਚ ਉਸਾਰਿਆ ਜਾ ਰਿਹੈ ਕ੍ਰਿਕਟ ਐਕਸੀਲੈਂਸ ਸੈਂਟਰ-ਐੱਮਡੀ ਸੁਖਦੇਵ ਸਿੰਘ
Publish Date: Fri, 23 Jan 2026 06:34 PM (IST)
Updated Date: Fri, 23 Jan 2026 06:36 PM (IST)

- ਏਜੀਆਈ ਇਨਫਰਾ ਦੀ ਖੇਡਾਂ ਦੇ ਖੇਤਰ ’ਚ ਵੱਡੀ ਪਹਿਲਕਦਮੀ : ਅਭਿਜੀਤ ਸਿੰਘ ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਜਲੰਧਰ : ਏਜੀਆਈ ਇਨਫਰਾ ਵੱਲੋਂ ਖੇਡਾਂ ਦੇ ਖੇਤਰ ਵਿਚ ਮਹੱਤਵਪੂਰਨ ਪਹਿਲ ਕਰਦੇ ਹੋਏ ਨੌਜਵਾਨਾਂ ਨੂੰ ਕ੍ਰਿਕਟ ਨਾਲ ਜੋੜਨ ਲਈ ਜਲੰਧਰ ਹਾਈਟਸ-2 ਅਰਬਾਨਾ 66 ਫੁੱਟੀ ਰੋਡ ਵਿਖੇ ਏਜੀਆਈ ਕ੍ਰਿਕਟ ਐਕਸੀਲੈਂਸ ਸੈਂਟਰ ਤਿਆਰ ਕੀਤਾ ਜਾ ਰਿਹਾ ਹੈ। ਇਹ ਸੈਂਟਰ ਕੰਪਨੀ ਦੀ ਸਹਾਇਕ ਸੰਸਥਾ ਏਜੀਆਈ ਸਪੋਰਟਸ ਇੰਸਟੀਚਿਊਟ ਆਫ ਇੰਡੀਆ ਅਧੀਨ ਚਲਾਇਆ ਜਾਵੇਗਾ। ਇਸ ਸਬੰਧੀ ਜਾਣਕਾਰੀ ਦਿੰਦਿਆਂ ਕੰਪਨੀ ਦੇ ਮੈਨੇਜਿੰਗ ਡਾਇਰੈਕਟਰ ਸੁਖਦੇਵ ਸਿੰਘ ਨੇ ਦੱਸਿਆ ਕਿ ਇਸ ਸੈਂਟਰ ਵਿਚ ਲੜਕਿਆਂ ਤੇ ਲੜਕੀਆਂ ਦੋਵਾਂ ਲਈ ਉੱਚ ਦਰਜੇ ਦੀਆਂ ਕ੍ਰਿਕਟ ਸਹੂਲਤਾਂ ਉਪਲਬਧ ਕਰਵਾਈਆਂ ਜਾਣਗੀਆਂ। ਉਨ੍ਹਾਂ ਦੱਸਿਆ ਕਿ ਹੁਣ ਤਕ ਪੰਜ ਕ੍ਰਿਕਟ ਪ੍ਰੈਕਟਿਸ ਪਿਚਾਂ ਤਿਆਰ ਹੋ ਚੁੱਕੀਆਂ ਹਨ, ਜਿਨ੍ਹਾਂ ਵਿਚੋਂ ਦੋ ਜਲੰਧਰ ਹਾਈਟਸ-1 ਅਤੇ ਤਿੰਨ ਜਲੰਧਰ ਹਾਈਟਸ-2, ਅਰਬਾਨਾ ਵਿਚ ਸਥਿਤ ਹਨ। ਇਸ ਤੋਂ ਇਲਾਵਾ ਸਕਾਈ ਗਾਰਡਨ ਪ੍ਰਾਜੈਕਟ ’ਚ ਜਲਦੀ ਹੀ ਤਿੰਨ ਹੋਰ ਕ੍ਰਿਕਟ ਪਿੱਚਾਂ ਬਣਾਉਣ ਦਾ ਕੰਮ ਸ਼ੁਰੂ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਕ੍ਰਿਕਟ ਐਕਸੀਲੈਂਸ ਸੈਂਟਰ ਨੂੰ ਉੱਚ ਪੱਧਰ ਦਾ ਬਣਾਉਣ ਲਈ ਪੰਜਾਬ ਕ੍ਰਿਕਟ ਐਸੋਸੀਏਸ਼ਨ ਦੇ ਅਧਿਕਾਰੀਆਂ ਤੇ ਤਜਰਬੇਕਾਰ ਕ੍ਰਿਕਟ ਕੋਚਾਂ ਨਾਲ ਵਿਸਥਾਰ ਨਾਲ ਵਿਚਾਰ-ਵਟਾਂਦਰਾ ਕੀਤਾ ਗਿਆ ਹੈ। ਇਸ ਮੌਕੇ ਏਜੀਆਈ ਇਨਫਰਾ ਦੇ ਡਾਇਰੈਕਟਰ ਅਭਿਜੀਤ ਸਿੰਘ, ਜੋ ਕਿ ਪੰਜਾਬ ਕ੍ਰਿਕਟ ਐਸੋਸੀਏਸ਼ਨ ਦੇ ਲਾਈਫ ਮੈਂਬਰ ਤੇ ਏਜੀਆਈ ਕ੍ਰਿਕਟ ਅਕੈਡਮੀ ਦੇ ਪ੍ਰਧਾਨ ਵੀ ਹਨ, ਨੇ ਦੱਸਿਆ ਕਿ ਮੌਜੂਦਾ ਸਮੇਂ ਵਿਚ ਸੈਂਟਰ ਵਿਚ ਦੋ ਮਿੱਟੀ ਦੀਆਂ, ਤਿੰਨ ਕੰਕਰੀਟ ਅਤੇ ਇਕ ਸਿੰਥੈਟਿਕ ਕ੍ਰਿਕਟ ਪਿਚ ਉਪਲਬਧ ਹਨ। ਉਨ੍ਹਾਂ ਦੱਸਿਆ ਕਿ ਦੋ ਹੋਰ ਮਿੱਟੀ ਦੀਆਂ ਅਤੇ ਇੱਕ ਸਿੰਥੈਟਿਕ ਪਿੱਚ ਦਾ ਕੰਮ ਜਾਰੀ ਹੈ, ਜਦਕਿ ਫਲੱਡਲਾਈਟ ਸਹੂਲਤ ਨਾਲ ਲੈਸ ਬਾਕਸ ਕ੍ਰਿਕਟ ਗਰਾਊਂਡ ਲਗਭਗ ਤਿਆਰ ਹੋ ਚੁੱਕਾ ਹੈ। ਉਨ੍ਹਾਂ ਦੱਸਿਆ ਕਿ ਪਿੱਚਾਂ ਤਿਆਰ ਕਰਨ ਲਈ ਮਿੱਟੀ ਵਿਸ਼ੇਸ਼ ਤੌਰ ’ਤੇ ਕਰਨਾਟਕ ਤੋਂ ਮੰਗਵਾਈ ਗਈ ਹੈ ਜੋ ਕਿ ਵਧੀਆ ਪਿੱਚ ਲਈ ਚੰਗੀ ਮੰਨੀ ਜਾਂਦੀ ਹੈ। ਏਜੀਆਈ ਸਪੋਰਟਸ ਇੰਸਟੀਚਿਊਟ ਆਫ ਇੰਡੀਆ ਦੇ ਮੈਨੇਜਿੰਗ ਡਾਇਰੈਕਟਰ ਸੁਰਿੰਦਰ ਭਾਂਬਰੀ ਨੇ ਦੱਸਿਆ ਕਿ ਇਹ ਕ੍ਰਿਕਟ ਐਕਸਲੈਂਸ ਸੈਂਟਰ ਦੇਸ਼ ਭਰ ਤੋਂ ਆਉਣ ਵਾਲੇ ਉਭਰਦੇ ਕ੍ਰਿਕਟ ਖਿਡਾਰੀਆਂ ਲਈ ਖੁੱਲ੍ਹਾ ਰਹੇਗਾ। ਬਾਹਰਲੇ ਖਿਡਾਰੀਆਂ ਲਈ ਰਹਿਣ ਵਾਸਤੇ ਪੰਜ ਪੂਰੀ ਤਰ੍ਹਾਂ ਸਜਾਏ ਹੋਏ ਫਲੈਟ ਵੀ ਤਿਆਰ ਕੀਤੇ ਗਏ ਹਨ। ਉਨ੍ਹਾਂ ਕਿਹਾ ਕਿ ਸੈਂਟਰ ਵਿੱਚ ਉੱਚ ਪੱਧਰ ਦੇ ਕ੍ਰਿਕਟ ਕੋਚ ਨਿਯੁਕਤ ਕੀਤੇ ਜਾਣਗੇ। ਉਨ੍ਹਾਂ ਦੱਸਿਆ ਕਿ ਖਿਡਾਰੀਆਂ ਲਈ ਸਾਰੀਆਂ ਆਧੁਨਿਕ ਸਹੂਲਤਾਂ ਉਪਲਬਧ ਹੋਣਗੀਆਂ ਅਤੇ ਨੌਜਵਾਨ ਅਤੇ ਉਭਰਦੀਆਂ ਮਹਿਲਾ ਕ੍ਰਿਕਟ ਖਿਡਾਰੀਆਂ ਲਈ ਖਾਸ ਪ੍ਰਬੰਧ ਕੀਤੇ ਜਾ ਰਹੇ ਹਨ। ਏਜੀਆਈ ਕ੍ਰਿਕਟ ਅਕੈਡਮੀ ਦੇ ਅਧੀਨ ਏਜੀਆਈ ਸਪੋਰਟਸ ਇੰਸਟੀਚਿਊਟ ਵੱਲੋਂ ਆਪਣੀਆਂ ਕ੍ਰਿਕਟ ਟੀਮਾਂ ਵੀ ਤਿਆਰ ਕੀਤੀਆਂ ਜਾਣਗੀਆਂ, ਜਿਨ੍ਹਾਂ ਨੂੰ ਸੰਸਥਾ ਵੱਲੋਂ ਪੂਰੀ ਤਰ੍ਹਾਂ ਸਪਾਂਸਰ ਕੀਤਾ ਜਾਵੇਗਾ।