ਸੀਪੀਆਈ (ਐੱਮ) ਵੱਲੋਂ ਦਿੱਲੀ ’ਚ ਰੋਸ ਰੈਲੀ 24 ਨੂੰ : ਸੇਖੋਂ
ਸੀਪੀਆਈ (ਐੱਮ) ਵੱਲੋਂ 24 ਮਾਰਚ 2026 ਨੂੰ ਨਵੀਂ ਦਿੱਲੀ ਵਿਖੇ
Publish Date: Mon, 09 Mar 2026 09:11 PM (IST)
Updated Date: Mon, 09 Mar 2026 09:15 PM (IST)

ਮਹਿੰਦਰ ਰਾਮ ਫੁੱਗਲਾਣਾ, ਪੰਜਾਬੀ ਜਾਗਰਣ, ਜਲੰਧਰ : ਭਾਰਤ ਦੀ ਕਮਿਊਨਿਸਟ ਪਾਰਟੀ (ਮਾਰਕਸਵਾਦੀ) ਵੱਲੋਂ ਮੋਦੀ ਸਰਕਾਰ ਦੀਆਂ ਲੋਕ ਵਿਰੋਧੀ ਫਿਰਕੂ ਤੇ ਕਾਰਪੋਰੇਟ ਪੱਖੀ ਨੀਤੀਆਂ ਵਿਰੁੱਧ ਵਿਸ਼ਾਲ ਜਨਤਕ ਸੰਘਰਸ਼ ਕਰਨ ਲਈ 24 ਮਾਰਚ ਨੂੰ ਰਾਮਲੀਲਾ ਗਰਾਊਂਡ ਨਵੀਂ ਦਿੱਲੀ ਵਿਖੇ ਰੈਲੀ ਕੀਤੀ ਜਾ ਰਹੀ ਹੈ, ਜਿਸ ’ਚ ਦੇਸ਼ ਭਰ ’ਚੋਂ ਲੱਖਾਂ ਲੋਕ ਸ਼ਾਮਲ ਹੋਣਗੇ । ਇਹ ਜਾਣਕਾਰੀ ਸੀਪੀਆਈ (ਐੱਮ) ਦੇ ਸੂਬਾ ਸਕੱਤਰ ਤੇ ਕੇਂਦਰੀ ਕਮੇਟੀ ਮੈਂਬਰ ਕਾਮਰੇਡ ਸੁਖਵਿੰਦਰ ਸਿੰਘ ਸੇਖੋਂ ਨੇ ਇੱਥੇ ਪ੍ਰੈਸ ਕਲੱਬ ਜਲੰਧਰ ਵਿਖੇ ਇੱਕ ਭਰੀ ਹੋਈ ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕਰਦੇ ਹੋਏ ਦਿੱਤੀ। ਕਾਮਰੇਡ ਸੇਖੋਂ ਨੇ ਦੱਸਿਆ ਕਿ ਨਵੀਂ ਦਿੱਲੀ ਰੈਲੀ ’ਚ ਪੰਜਾਬ ’ਚੋਂ ਵੀ ਹਜ਼ਾਰਾਂ ਮਜ਼ਦੂਰ ਕਿਸਾਨ ਤੇ ਹੋਰ ਮਿਹਨਤਕਸ਼ ਲੋਕ ਸ਼ਾਮਲ ਹੋਣਗੇ। ਕਾਮਰੇਡ ਸੇਖੋਂ ਨੇ ਅੱਗੇ ਦੱਸਿਆ ਕਿ ਨਵੀਂ ਦਿੱਲੀ ਰੈਲੀ ਲਈ ਜਨਤਕ ਲਾਮਬੰਦੀ ਕਰਨ ਲਈ ਪੰਜਾਬ ਦੀ ਪਾਰਟੀ ਵੱਲੋਂ ਪੰਜਾਬ ਭਰ ’ਚ 11 ਮਾਰਚ ਤੋਂ 20 ਮਾਰਚ ਤੱਕ ਜਥਾ ਮਾਰਚ ਕੀਤਾ ਜਾਵੇਗਾ। ਜਥਾ ਮਾਰਚ ਦੌਰਾਨ ਪੰਜਾਬ ਦੇ ਸਮੂਹ ਲੋਕਾਂ ਨੂੰ ‘24 ਮਾਰਚ ਨੂੰ ਦਿੱਲੀ ਚੱਲੋ’ ਦਾ ਹੋਕਾ ਦਿੱਤਾ ਜਾਵੇਗਾ। ਇਸ ਮੰਤਵ ਲਈ ਪਾਰਟੀ ਵੱਲੋਂ ਲੋਕਾਂ ਦੀਆਂ ਮੰਗਾਂ ਦੀ ਜਾਣਕਾਰੀ ਦਿੰਦੇ ਹੋਏ ਛਪੇ ਹੋਏ ਪੈਂਫਲੈਟ ਤੇ ਪਰਚੇ ਲੱਖਾਂ ਦੀ ਗਿਣਤੀ ’ਚ ਲੋਕਾਂ ’ਚ ਵੰਡੇ ਜਾਣਗੇ। ਕਾਨਫਰੰਸ ਮੌਕੇ ਸੁਖਵਿੰਦਰ ਸਿੰਘ ਸ਼ੇਖੂ ਤੋਂ ਇਲਾਵਾ ਵਰਿੰਦਰ ਸਿੰਘ ਕਾਲਾ ਸੂਬਾ ਕਮੇਟੀ ਮੈਂਬਰ, ਪ੍ਰਕਾਸ਼ ਕਲੇਰ ਸੂਬਾ ਦਫਤਰ ਸਕੱਤਰ, ਮੂਲ ਚੰਦ ਸਰਹਾਲੀ ਜ਼ਿਲ੍ਹਾ ਕਮੇਟੀ ਮੈਂਬਰ ਤੇ ਹੋਰ ਆਗੂ ਹਾਜ਼ਰ ਸਨ।