ਪਧਾਨ ਮੰਤਰੀ ਨੇ ਦੇਸ਼

ਪਧਾਨ ਮੰਤਰੀ ਨੇ ਦੇਸ਼ ਨੂੰ ਸਮਰਪਿਤ ਕੀਤਾ ਦਿੱਲੀ-ਦੇਹਰਾਦੂਨ ਇਕਨੋਮਿਕ ਕੋਰੀਡੋਰ
ਦਿੱਲੀ ਤੋਂ ਦੇਹਰਾਦੂਨ ਦਾ ਸਫਰ ਛੇ ਦੀ ਬਜਾਇ ਹੁਣ ਢਾਈ ਘੰਟੇ ’ਚ ਹੋਵੇਗਾ ਪੂਰਾ
ਸਟੇਟ ਬਿਊਰੋ, ਜਾਗਰਣ,
ਦੇਹਰਾਦੂਨ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਮਹਿਲਾ ਸਸ਼ਕਤੀਕਰਨ ਨੂੰ ਨਵੀਂ ਉੱਚਾਈ ਦੇਣ ਲਈ ਨਾਰੀ ਸ਼ਕਤੀ ਵੰਦਨ ਕਾਨੂੰਨ ’ਤੇ ਦੇਹਰਾਦੂਨ ਦੀ ਧਰਤੀ ਤੋਂ ਸਾਰੀਆਂ ਸਿਆਸੀ ਪਾਰਟੀਆਂ ਨੂੰ ਸਮਰਥਨ ਦੇਣ ਦਾ ਸੱਦਾ ਦਿੱਤਾ ਹੈ। ਉਨ੍ਹਾਂ ਕਿਹਾ ਕਿ ਸਾਲ 2029 ਤੱਕ ਦੇਸ਼ ਦੀ ਅੱਧੀ ਆਬਾਦੀ ਨੂੰ ਉਨ੍ਹਾਂ ਦਾ ਪੂਰਾ ਸਿਆਸੀ ਹੱਕ ਯਕੀਨੀ ਕੀਤਾ ਜਾਵੇਗਾ। ਸੰਸਦ ਤੋਂ ਪਾਸ ਇਸ ਇਤਿਹਾਸਕ ਕਾਨੂੰਨ ਨਾਲ ਲੋਕ ਸਭਾ ਤੇ ਰਾਜ ਵਿਧਾਨ ਸਭਾਵਾਂ ’ਚ ਔਰਤਾਂ ਨੂੰ 33 ਫੀਸਦ ਰਾਖਵਾਂਕਰਨ ਮਿਲੇਗਾ, ਜੋ ਭਾਰਤੀ ਲੋਕਤੰਤਰ ਨੂੰ ਹੋਰ ਸਮਾਵੇਸ਼ੀ ਬਣਾਏਗਾ। ਵਿਕਸਤ ਭਾਰਤ ਦੇ ਵਿਜ਼ਨ ਨੂੰ ਰੇਖਾਂਕਿਤ ਕਰਦੇ ਹੋਏ ਪੀਐੱਮ ਮੋਦੀ ਨੇ ਕਿਹਾ ਕਿ ਅਸੀਂ ਅਜਿਹਾ ਭਾਰਤ ਬਣਾਉਣ ’ਚ ਜੁਟੇ ਹਾਂ, ਜਿਥੇ ਤਰੱਕੀ ਵੀ ਹੋਵੇ, ਕੁਦਰਤ ਵੀ ਤੇ ਸੰਸਕ੍ਰਿਤੀ ਵੀ। ਇਨਫਰਾਸਟ੍ਰਕਚਰ ’ਚ ਮਨੁੱਖ ਨੂੰ ਸਹੂਲਤ ਹੋਵੇ ਤੇ ਜੰਗਲੀ ਜੀਵਾਂ ਨੂੰ ਵੀ ਕੋਈ ਸਮੱਸਿਆ ਨਾ ਹੋਵੇ, ਇਹ ਸਰਕਾਰ ਦੀ ਕੋਸ਼ਿਸ਼ ਹੈ। ਪ੍ਰਧਾਨ ਮੰਤਰੀ ਨੇ ਮੰਗਲਵਾਰ ਨੂੰ ਤਿੰਨ ਸੂਬਿਆਂ ਦਿੱਲੀ, ਉੱਤਰ ਪ੍ਰਦੇਸ਼ ਤੇ ਉੱਤਰਾਖੰਡ ਨੂੰ ਜੋੜਨ ਵਾਲੇ ਦਿੱਲੀ-ਦੇਹਰਾਦੂਨ ਇਕਨੋਮਿਕ ਕੋਰੀਡੋਰ ਦੇਸ਼ ਨੂੰ ਸਮਰਪਿਤ ਕੀਤਾ।
ਪ੍ਰਧਾਨ ਮੰਤਰੀ ਮੋਦੀ ਨੇ ਦੇਹਰਾਦੂਨ ਦੇ ਗੜ੍ਹੀ ਕੈਂਟ ਸਥਿਤ ਜਸਵੰਤ ਸਿੰਘ ਆਰਮੀ ਗ੍ਰਾਊਂਡ ’ਚ ਕਰਵਾਏ ਸਮਾਰੋਹ ’ਚ ਨਾਰੀ ਸ਼ਕਤੀ ਕਾਨੂੰਨ ਦਾ ਜ਼ਿਕਰ ਕਰਦੇ ਹੋਏ ਕਿਹਾ ਕਿ ਚਾਰ ਦਹਾਕਿਆਂ ਤੋਂ ਅਟਕੀ ਇਹ ਮੰਗ ਹੁਣ ਫੈਸਲਾਕੁੰਨ ਮੋੜ ’ਤੇ ਹੈ ਤੇ ਇਸ ਦੇ ਲਾਗੂ ਹੋਣ ’ਚ ਗੈਰ-ਜ਼ਰੂਰੀ ਦੇਰੀ ਨਹੀਂ ਹੋਣੀ ਚਾਹੀਦੀ। 16 ਅਪ੍ਰੈਲ ਤੋਂ ਪ੍ਰਸਤਾਵਿਤ ਸੰਸਦ ਦੇ ਵਿਸ਼ੇਸ਼ ਅਜਲਾਸ ’ਚ ਇਸ ਦਿਸ਼ਾ ’ਚ ਠੋਸ ਕਦਮ ਅੱਗੇ ਵਧਾਏ ਜਾਣਗੇ ਤਾਂਕਿ ਸਾਲ 2029 ਦੀਆਂ ਲੋਕ ਸਭਾ ਚੋਣਾਂ ਤੇ ਉਸ ਤੋਂ ਬਾਅਦ ਦੀਆਂ ਵਿਧਾਨ ਸਭਾ ਚੋਣਾਂ ’ਚ ਇਸ ਦਾ ਅਸਰਦਾਰ ਲਾਗੂ ਹੋਣਾ ਯਕੀਨੀ ਹੋ ਸਕੇ। ਇਸ ਦੌਰਾਨ ਉਨ੍ਹਾਂ ਨੇ ਇੰਟਰਨੈੱਟ ਮੀਡੀਆ ’ਚ ਜਾਰੀ ਆਪਣੇ ਪੱਤਰ ਦਾ ਵੀ ਜ਼ਿਕਰ ਕੀਤਾ। ਉਨ੍ਹਾਂ ਕਿਹਾ ਕਿ ਸੜਕ, ਏਅਰਵੇ, ਰੇਲਵੇ ਤੇ ਵਾਟਰਵੇ ਦੇਸ਼ ਦੀਆਂ ਕਿਸਮਤ ਰੇਖਾਵਾਂ ਹਨ। ਇਹ ਸਿਰਫ ਅੱਜ ਦੀਆਂ ਸਹੂਲਤਾਂ ਨਹੀਂ, ਆਉਣ ਵਾਲੀ ਪੀੜੀਆਂ ਦੀ ਖੁਸ਼ਹਾਲੀ ਦੀ ਗਾਰੰਟੀ ਹਨ ਤੇ ਇਹ ਮੋਦੀ ਦੀ ਵੀ ਗਾਰੰਟੀ ਹੈ।
ਯੂਸੀਸੀ ਸੰਵਿਧਾਨ ਦੀ ਉਮੀਦ, ਉੱਤਰਾਖੰਡ ਨੇ ਦਿਖਾਈ ਰਾਹ
ਸੰਵਿਧਾਨ ਨਿਰਮਾਤਾ ਬਾਬਾ ਸਾਹਿਬ ਡਾ. ਭੀਮਰਾਓ ਅੰਬੇਡਕਰ ਦੇ ਜਨਮ ਦਿਨ ’ਤੇ ਸ਼ਰਧਾਂਜਲੀ ਭੇਟ ਕਰਦੇ ਹੋਏ ਪ੍ਰਧਾਨ ਮੰਤਰੀ ਨੇ ਕਿਹਾ ਕਿ ਬੀਤੇ ਦਹਾਕੇ ’ਚ ਉਨ੍ਹਾਂ ਦੀ ਸਰਕਾਰ ਨੇ ਜੋ ਵੀ ਨੀਤੀਆਂ ਬਣਾਈਆਂ ਤੇ ਫੈਸਲੇ ਲਏ, ਉਹ ਸੰਵਿਧਾਨ ਦੇ ਮਾਣ ਨੂੰ ਮੁੜ ਸਥਾਪਿਤ ਕਰਨ ਵਾਲੇ ਰਹੇ ਹਨ। ਕਸ਼ਮੀਰ ’ਚ ਆਰਟੀਕਲ 370 ਦੇ ਖ਼ਾਤਮੇ ਤੋਂ ਬਾਅਦ ਅੱਜ ਪੂਰੇ ਦੇਸ਼ ’ਚ ਭਾਰਤ ਦਾ ਸੰਵਿਧਾਨ ਲਾਗੂ ਹੈ। ਜਿਨ੍ਹਾਂ ਖੇਤਰਾਂ ’ਚ ਮਾਓਵਾਦ, ਨਕਸਲਵਾਦ ਖ਼ਤਮ ਹੋਇਆ ਹੈ, ਉਥੇ ਸੰਵਿਧਾਨ ਦੀ ਭਾਵਨਾ ਅਨੁਸਾਰ ਕੰਮ ਹੋ ਰਿਹਾ ਹੈ। ਦੇਸ਼ ’ਚ ਇਕਸਾਰ ਨਾਗਰਿਕ ਜ਼ਾਬਤਾ (ਯੂਸੀਸੀ) ਲਾਗੂ ਹੋਵੇ, ਇਹ ਸੰਵਿਧਾਨ ਦੀ ਉਮੀਦ ਹੈ। ਉੱਤਰਾਖੰਡ ਨੇ ਅੱਗੇ ਵਧ ਕੇ ਦੇਸ਼ ਨੂੰ ਇਹ ਰਾਹ ਦਿਖਾਈ ਹੈ।
ਇਨਫਰਾਸਟ੍ਰਕਚਰ ’ਤੇ 12 ਲੱਖ ਕਰੋੜ ਤੋਂ ਵੱਧ ਦਾ ਖਰਚ
ਪ੍ਰਧਾਨ ਮੰਤਰੀ ਨੇ ਕਿਹਾ ਕਿ ਕੇਂਦਰ ਸਰਕਾਰ ਇਨ੍ਹਾਂ ’ਤੇ ਜ਼ਬਰਦਸਤ ਨਿਵੇਸ਼ ਕਰ ਰਹੀ ਹੈ। ਸਾਲ 2014 ਤੋਂ ਪਹਿਲਾਂ ਦੇਸ਼ ’ਚ ਅਜਿਹੇ ਇਨਫਰਾਸਟ੍ਰਕਚਰ ’ਤੇ ਦੋ ਲੱਖ ਕਰੋੜ ਰੁਪਏ ਵੀ ਖਰਚ ਨਹੀਂ ਹੁੰਦੇ ਸਨ। ਅੱਜ ਇਹ ਛੇ ਗੁਣਾ ਵੱਧ 12 ਲੱਖ ਕਰੋੜ ਤੋਂ ਵੱਧ ਹੋ ਚੁੱਕਾ ਹੈ। ਇਕੱਲੇ ਉੱਤਰਾਖੰਡ ’ਚ ਸਵਾ ਦੋ ਲੱਖ ਕਰੋੜ ਰੁਪਏ ਦੇ ਪ੍ਰਾਜੈਕਟ ’ਤੇ ਕੰਮ ਜਾਰੀ ਹੈ।
ਨਵੇਂ ਭਾਰਤ ’ਚ ਸਪੀਡ ਤੇ ਸਕੇਲ ’ਤੇ ਜ਼ੋਰ
ਪ੍ਰਧਾਨ ਮੰਤਰੀ ਨੇ ਕਿਹਾ ਕਿ 21ਵੀਂ ਸਦੀ ਦਾ ਭਾਰਤ ਜਿਸ ਸਪੀਡ ਤੇ ਸਕੇਲ ਨਾਲ ਕੰਮ ਕਰ ਰਿਹਾ ਹੈ, ਉਸ ਦੀ ਪੂਰੀ ਦੁਨੀਆ ’ਚ ਚਰਚਾ ਹੋ ਰਹੀ ਹੈ। ਉੱਤਰਾਖੰਡ, ਪੱਛਮੀ ਉੱਤਰ ਪ੍ਰਦੇਸ਼ ਤੇ ਦਿੱਲੀ ਦੀ ਮਿਸਾਲ ਦਿੰਦੇ ਹੋਏ ਉਨ੍ਹਾਂ ਕਿਹਾ ਕਿ ਕੁਝ ਸਾਲ ਪਹਿਲਾਂ ਹੀ ਦਿੱਲੀ ਮੈਟਰੋ ਦਾ ਵਿਸਤਾਰ ਹੋਇਆ, ਮੇਰਠ ’ਚ ਮੈਟਰੋ ਸੇਵਾ ਸ਼ੁਰੂ ਹੋਈ। ਦਿੱਲੀ-ਮੇਰਠ ਨਮੋ ਭਾਰਤ ਰੇਲ ਦੇਸ਼ ਨੂੰ ਸਮਰਪਿਤ ਕੀਤੀ ਗਈ। ਨੋਇਡਾ ਇੰਟਰਨੈਸ਼ਨਲ ਏਅਰਪੋਰਟ ਦੀ ਸ਼ੁਰੂਆਤ ਹੋਈ।
ਕੁੰਭ ਦੇ ਆਯੋਜਨ ਨੂੰ ਅਲੌਕਿਕ-ਸ਼ਾਨਦਾਰ ਬਣਾਓ
ਪ੍ਰਧਾਨ ਮੰਤਰੀ ਨੇ ਦੇਵਭੂਮੀ ਤੋਂ ਦੇਸ਼ ਨੂੰ ਸਵੱਛਤਾ ਦਾ ਸੰਦੇਸ਼ ਵੀ ਦਿੱਤਾ। ਉਨ੍ਹਾਂ ਹਰਿਦੁਆਰ ’ਚ ਅਗਲੇ ਸਾਲ ਹੋਣ ਵਾਲੇ ਕੁੰਭ ਦਾ ਜ਼ਿਕਰ ਕਰਦੇ ਹੋਏ ਕਿਹਾ ਕਿ ਇਸ ਨੂੰ ਅਲੌਕਿਕ-ਸ਼ਾਨਦਾਰ ਤੇ ਸਵੱਛ ਬਣਾਉਣ ’ਚ ਕੋਈ ਕਸਰ ਨਹੀਂ ਛੱਡਣੀ ਹੈ।
ਸੀਐੱਮ ਯੋਗੀ ਆਦਿੱਤਿਆਨਾਥ ਤੇ ਦਿੱਲੀ ਦੀ ਮੁੱਖ ਮੰਤਰੀ ਵਰਚੁਅਲੀ ਜੁੜੀ
ਸਮਾਰੋਹ ’ਚ ਪ੍ਰਧਾਨ ਮੰਤਰੀ ਨੇ ਦਿੱਲੀ-ਦੇਹਰਾਦੂਨ ਇਕਨੋਮਿਕ ਕੋਰੀਡੋਰ ਦਾ ਰਿਮੋਟ ਦਾ ਬਟਨ ਦਬਾ ਕੇ ਲੋਕ ਅਰਪਣ ਕੀਤਾ। ਇਸ ਤੋਂ ਪਹਿਲਾਂ ਪ੍ਰਧਾਨ ਮੰਤਰੀ ਮੋਦੀ ਮੰਗਲਵਾਰ ਸਵੇਰੇ ਸਾਢੇ ਦਸ ਵਜੇ ਗਣੇਸ਼ਪੁਰ (ਸਹਾਰਨਪੁਰ-ਯੂਪੀ) ਪਹੁੰਚੇ। ਯੂਪੀ ਦੀ ਰਾਜਪਾਲ ਆਨੰਦੀਬੇਨ ਪਟੇਲ, ਮੁੱਖ ਮੰਤਰੀ ਯੋਗੀ ਆਦਿੱਤਿਆਨਾਥ, ਕੇਂਦਰੀ ਮੰਤਰੀ ਨਿਤਿਨ ਗਡਕਰੀ, ਉੱਪ ਮੁੱਖ ਮੰਤਰੀ ਬ੍ਰਿਜੇਸ਼ ਪਾਠਕ ਤੇ ਕੇਸ਼ਵ ਪ੍ਰਸਾਦ ਮੌਰਿਆ ਨੇ ਉਨ੍ਹਾਂ ਦਾ ਸਵਾਗਤ ਕੀਤਾ।
ਪੀਐੱਮ ਨੇ ਕੀਤਾ ਰੋਡ ਸ਼ੋਅ, ਡਾਟ ਕਾਲੀ ਮੰਦਿਰ ’ਚ ਕੀਤੇ ਦਰਸ਼ਨ
ਪ੍ਰਧਾਨ ਮੰਤਰੀ ਮੋਦੀ ਨੇ ਇਥੇ ਰੋਡ ਸ਼ੋਅ ਕਰਦੇ ਹੋਏ ਐਲੀਵੇਟਿਡ ਜੰਗਲੀ ਜੀਵ ਗਲਿਆਰੇ ’ਤੇ ਬਣੇ ਵਿਊ ਪੁਆਇੰਟ ’ਤੇ ਪਹੁੰਚੇ। ਉਨ੍ਹਾਂ ਨੇ ਏਸ਼ੀਆ ਦੇ ਸਭ ਤੋਂ ਲੰਬੇ ਜੰਗਲੀ ਜੀਵ ਗਲਿਆਰਿਆਂ ’ਚੋਂ ਇਕ ਗਣੇਸ਼ਪੁਰ-ਡਾਟਕਾਲੀ ਐਲੀਵੇਟਿਡ ਰੋਡ ’ਤੇ ਉੱਤਰ ਕੇ ਮੋਹੰਡ ’ਚ ਵਿਊ ਪੁਆਇੰਟ ਦੀ ਸੈਰ ਕੀਤੀ। ਉਨ੍ਹਾਂ ਨੇ ਅੰਡਰਪਾਸ ਨੂੰ ਦੇਖਣ ਦੇ ਨਾਲ ਹੀ ਦੂਰਬੀਨ ਨਾਲ ਰਾਜਾਜੀ ਟਾਈਗਰ ਰਿਜ਼ਰਵ ਤੇ ਸ਼ਿਵਾਲਿਕ ਦੀਆਂ ਪਹਾੜੀਆਂ ਨੂੰ ਤੱਕਿਆ। ਇਸ ਤੋਂ ਬਾਅਦ ਡਾਟ ਕਾਲੀ ਮੰਦਿਰ ਦੇ ਦਰਸ਼ਨ ਕੀਤੇ। ਲਗਪਗ 12 ਕਿਲੋਮੀਟਰ ਦਾ ਰੋਡ ਸ਼ੋਅ ਕਰਦੇ ਹੋਏ ਪ੍ਰਧਾਨ ਮੰਤਰੀ ਦੁਪਹਿਰ ਡੇਢ ਵਜੇ ਸਮਾਰੋਹ ਸਥਾਨ ’ਤੇ ਪਹੁੰਚੇ। ਸਮਾਰੋਹ ਤੋਂ ਗਣੇਸ਼ਪੁਰ (ਸਹਾਰਨਪੁਰ) ’ਚ ਉੱਤਰ ਪ੍ਰਦੇਸ਼ ਦੀ ਰਾਜਪਾਲ ਆਨੰਦੀਬੇਨ ਤੇ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਤੇ ਦਿੱਲੀ ’ਚ ਮੁੱਖ ਮੰਤਰੀ ਰੇਖਾ ਗੁਪਤਾ ਆਨਲਾਈਨ ਜੁੜੀ ਰਹੀ। ਜਨ ਸਭਾ ਨੂੰ ਕੇਂਦਰੀ ਸੜਕ ਟ੍ਰਾਂਸਪੋਰਟ ਮੰਤਰੀ ਤੇ ਰਾਜ ਮਾਰਗ ਮੰਤਰੀ ਨਿਤਿਨ ਗਡਕਰੀ ਤੇ ਉੱਤਰਾਖੰਡ ਦੇ ਮੁੱਖ ਮੰਤਰੀ ਪੁਸ਼ਕਰ ਸਿੰਘ ਧਾਮੀ ਨੇ ਵੀ ਸੰਬੋਧਨ ਕੀਤਾ।