ਚੈੱਕ ਬਾਊਂਸ ਮਾਮਲੇ ’ਚ ਮੁਲਜ਼ਮ ਨੂੰ ਡੇਢ ਸਾਲ ਦੀ ਸਜ਼ਾ
ਚੈਕ ਬਾਊਂਸ ਮਾਮਲੇ ’ਚ ਮੁਲਜ਼ਮ ਕਰਾਰ, ਮੁਲਜ਼ਮ ਨੂੰ ਡੇਢ ਸਾਲ ਦੀ ਸਜ਼ਾ
Publish Date: Wed, 25 Mar 2026 09:51 PM (IST)
Updated Date: Wed, 25 Mar 2026 09:53 PM (IST)

-4 ਲੱਖ ਰੁਪਏ ਦੇ ਫ੍ਰੈਂਡਲੀ ਲੋਨ ਦੇ ਬਦਲੇ ਦਿੱਤੇ ਸਨ ਚਾਰੇ ਚੈੱਕ -ਅਦਾਲਤ ਨੇ ਰਕਮ ਵਾਪਸ ਕਰਨ ਦਾ ਵੀ ਦਿੱਤਾ ਹੁਕਮ ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਜਲੰਧਰ : ਜਲੰਧਰ ਦੀ ਅਦਾਲਤ ਨੇ ਚੈੱਕ ਬਾਊਂਸ ਦੇ ਇਕ ਮਾਮਲੇ ’ਚ ਮੁਲਜ਼ਮ ਨੂੰ ਮੁਲਜ਼ਮ ਕਰਾਰ ਦਿੰਦਿਆਂ ਸਜ਼ਾ ਸੁਣਾਈ ਹੈ। ਜੇਐੱਮਆਈਸੀ ਵਰੁਨਦੀਪ ਚੋਪੜਾ ਦੀ ਅਦਾਲਤ ਨੇ ਗਗਨਜੋਤ ਸਿੰਘ ਨਿਵਾਸੀ ਬਸਤੀ ਗੁਜਾਂ, ਬਬਰੀਕ ਚੌਕ ਜਲੰਧਰ ਨੂੰ 4 ਲੱਖ ਰੁਪਏ ਦੇ ਚੈੱਕ ਬਾਊਂਸ ਮਾਮਲੇ ’ਚ ਡੇਢ ਸਾਲ ਦੀ ਸਜ਼ਾ ਸੁਣਾਈ ਹੈ। ਨਾਲ ਹੀ ਅਦਾਲਤ ਨੇ ਮੁਲਜ਼ਮ ਨੂੰ ਪੂਰੀ ਰਕਮ ਵਾਪਸ ਕਰਨ ਦਾ ਵੀ ਹੁਕਮ ਦਿੱਤਾ ਹੈ। ਮਾਮਲੇ ਬਾਰੇ ਜਾਣਕਾਰੀ ਦਿੰਦਿਆਂ ਸ਼ਿਕਾਇਤਕਰਤਾ ਚੇਤਨ ਸਲੂਜਾ ਦੇ ਵਕੀਲ ਰਾਜ ਕੁਮਾਰ ਭੱਲਾ ਨੇ ਦੱਸਿਆ ਕਿ ਉਨ੍ਹਾਂ ਦੇ ਮੁਅੱਕਲ ਚੇਤਨ ਸਲੂਜਾ, ਨਿਵਾਸੀ ਉਜਾਲਾ ਨਗਰ, ਬਸਤੀ ਸ਼ੇਖ ਜਲੰਧਰ ਨੇ ਗਗਨਜੋਤ ਸਿੰਘ ਨੂੰ 4 ਲੱਖ ਰੁਪਏ ਫ੍ਰੈਂਡਲੀ ਕਰਜ਼ੇ ਵਜੋਂ ਦਿੱਤੇ ਸਨ। ਇਸ ਰਕਮ ਦੇ ਬਦਲੇ ਮੁਲਜ਼ਮ ਨੇ 1-1 ਲੱਖ ਰੁਪਏ ਦੇ ਚਾਰ ਚੈਕ ਦਿੱਤੇ ਸਨ। ਜਦੋਂ ਸ਼ਿਕਾਇਤਕਰਤਾ ਨੇ ਇਹ ਚੈੱਕ ਬੈਂਕ ’ਚ ਜਮ੍ਹਾਂ ਕਰਵਾਏ ਤਾਂ ਚਾਰੇ ਬਾਊਂਸ ਹੋ ਗਏ। ਇਸ ਤੋਂ ਬਾਅਦ ਚੇਤਨ ਸਲੂਜਾ ਨੇ ਕਾਨੂੰਨੀ ਕਾਰਵਾਈ ਕਰਦਿਆਂ ਆਪਣੇ ਵਕੀਲ ਰਾਹੀਂ ਅਦਾਲਤ ’ਚ ਮਾਮਲਾ ਦਰਜ ਕਰਵਾਇਆ। ਸੁਣਵਾਈ ਦੌਰਾਨ ਅਦਾਲਤ ਨੇ ਮੁਲਜ਼ਮ ਨੂੰ ਦੋਸ਼ੀ ਕਰਾਰ ਦਿੱਤਾ। ਅਦਾਲਤ ਨੇ ਤਿੰਨ ਚੈੱਕਾਂ (ਕੁੱਲ 3 ਲੱਖ ਰੁਪਏ) ਦੇ ਮਾਮਲੇ ’ਚ ਇਕ ਸਾਲ ਦੀ ਸਜ਼ਾ ਤੇ ਇਕ ਚੈੱਕ (1 ਲੱਖ ਰੁਪਏ) ਦੇ ਮਾਮਲੇ ’ਚ 6 ਮਹੀਨੇ ਦੀ ਸਜ਼ਾ ਸੁਣਾਈ, ਜੋ ਕੁੱਲ ਮਿਲਾ ਕੇ ਡੇਢ ਸਾਲ ਬਣਦੀ ਹੈ। ਨਾਲ ਹੀ ਅਦਾਲਤ ਨੇ ਮੁਲਜ਼ਮ ਨੂੰ 4 ਲੱਖ ਰੁਪਏ ਦੀ ਪੂਰੀ ਰਕਮ ਸ਼ਿਕਾਇਤਕਰਤਾ ਨੂੰ ਵਾਪਸ ਕਰਨ ਦਾ ਹੁਕਮ ਵੀ ਦਿੱਤਾ ਹੈ।