ਚਲਾਨ ਸਬੰਧੀ ਪਰਿਵਾਰ ਤੇ ਪੁਲਿਸ ਆਹਮੋ-ਸਾਹਮਣੇ
ਟ੍ਰੈਫਿਕ ਚਲਾਨ ਨੂੰ ਲੈ ਕੇ ਵਿਵਾਦ
Publish Date: Tue, 14 Apr 2026 08:49 PM (IST)
Updated Date: Tue, 14 Apr 2026 08:51 PM (IST)

ਰਾਕੇਸ਼ ਗਾਂਧੀ, ਪੰਜਾਬੀ ਜਾਗਰਣ, ਜਲੰਧਰ : ਬੀਤੀ ਦੇਰ ਰਾਤ ਮਾਡਲ ਹਾਊਸ ਇਲਾਕੇ ’ਚ ਉਸ ਸਮੇਂ ਹੰਗਾਮਾ ਹੋ ਗਿਆ ਜਦੋਂ ਪੁਲਿਸ ਵੱਲੋਂ ਕਥਿਤ ਤੌਰ ਤੇ ਗੈਰ-ਕਾਨੂੰਨੀ ਪਾਰਕਿੰਗ ਲਈ ਜਾਰੀ ਕੀਤੇ ਗਏ ਇਕ ਆਨਲਾਈਨ ਟ੍ਰੈਫਿਕ ਚਲਾਨ ਤੋਂ ਬਾਅਦ ਇਕ ਪਰਿਵਾਰ ਤੇ ਪੁਲਿਸ ਮੁਲਾਜ਼ਮਾਂ ਵਿਚਕਾਰ ਝਗੜਾ ਹੋ ਗਿਆ। ਜਾਣਕਾਰੀ ਅਨੁਸਾਰ ਚਰਨਜੀਤ ਸਿੰਘ ਵਾਸੀ ਮਾਡਲ ਹਾਊਸ ਆਪਣੇ ਪਰਿਵਾਰ ਨਾਲ ਆਈਸ ਕਰੀਮ ਲੈਣ ਲਈ ਬਾਹਰ ਨਿਕਲਿਆ ਸੀ। ਉਹ ਇਕ ਆਈਸ ਕਰੀਮ ਪਾਰਲਰ ਦੇ ਬਾਹਰ ਕਾਰ ’ਚ ਬੈਠਾ ਸੀ ਜਦੋਂ ਇਕ ਪੁਲਿਸ ਟੀਮ ਮੌਕੇ ਤੇ ਪਹੁੰਚੀ ਤੇ ਕਥਿਤ ਤੌਰ ਤੇ ਉਸ ਦੀ ਗੱਡੀ ਦਾ ਆਨਲਾਈਨ ਚਲਾਨ ਜਾਰੀ ਕੀਤਾ। ਉਸਨੇ ਅਜੇ ਤੱਕ ਗੱਡੀ ਪਾਰਕ ਵੀ ਨਹੀਂ ਕੀਤੀ ਸੀ। ਇਸ ਦੇ ਬਾਵਜੂਦ ਪੁਲਿਸ ਵੱਲੋਂ ਉਸ ਚੱਲਦੀ ਗੱਡੀ ਦੀ ਫੋਟੋ ਖਿੱਚਣ ਤੋਂ ਬਾਅਦ ਚਲਾਨ ਜਾਰੀ ਕੀਤਾ ਗਿਆ। ਸਾਰੀ ਘਟਨਾ ਨੇੜਲੇ ਸੀਸੀਟੀਵੀ ਕੈਮਰਿਆਂ ’ਚ ਰਿਕਾਰਡ ਹੋ ਗਈ ਹੈ। ਪਰਿਵਾਰ ਦੇ ਹੋਰ ਮੈਂਬਰਾਂ ਨੇ ਦੋਸ਼ ਲਾਇਆ ਜਦੋਂ ਉਨ੍ਹਾਂ ਨੇ ਪੁਲਿਸ ਮੁਲਾਜ਼ਮਾਂ ਨਾਲ ਗੱਲ ਕਰਨ ਦੀ ਕੋਸ਼ਿਸ਼ ਕੀਤੀ ਤਾਂ ਕਥਿਤ ਤੌਰ ਤੇ ਹੱਥੋਪਾਈ ਕੀਤੀ। ਇਕ ਔਰਤ ਨਾਲ ਬਦਤਮੀਜ਼ੀ ਦੇ ਦੋਸ਼ ਵੀ ਲਾਏ ਗਏ ਹਨ। ਇਸ ਮਾਮਲੇ ਸਬੰਧੀ ਏਐੱਸਆਈ ਤਿਲਕ ਰਾਮ ਨੇ ਕਿਹਾ ਕਿ ਗੱਡੀ ਸੜਕ ਵਿਚਾਲੇ ਖੜ੍ਹੀ ਸੀ, ਜਿਸ ਨਾਲ ਆਵਾਜਾਈ ’ਚ ਰੁਕਾਵਟ ਆ ਰਹੀ ਸੀ। ਉਨ੍ਹਾਂ ਅੱਗੇ ਕਿਹਾ ਕਿ ਜਦੋਂ ਪੁਲਿਸ ਟੀਮ ਚਲਾਨ ਜਾਰੀ ਕਰਨ ਲਈ ਪੁੱਜੀ ਤਾਂ ਡਰਾਈਵਰ ਨੇ ਗੱਡੀ ਅੱਗੇ ਵਧਾਉਣੀ ਸ਼ੁਰੂ ਕਰ ਦਿੱਤੀ। ਇਸ ਤੋਂ ਬਾਅਦ ਟ੍ਰੈਫਿਕ ਨਿਯਮਾਂ ਅਨੁਸਾਰ ਆਨਲਾਈਨ ਚਲਾਨ ਜਾਰੀ ਕੀਤਾ ਗਿਆ। ਪੁਲਿਸ ਨੇ ਔਰਤ ਨਾਲ ਮਾੜੇ ਸਲੂਕ ਦੇ ਦੋਸ਼ਾਂ ਨੂੰ ਵੀ ਸਪੱਸ਼ਟ ਤੌਰ ਤੇ ਨਕਾਰ ਦਿੱਤਾ, ਉਨ੍ਹਾਂ ਨੂੰ ਬੇਬੁਨਿਆਦ ਦੱਸਿਆ।