ਮੰਦਰ ਦੀ ਪਵਿੱਤਰਤਾ ਦੀ ਉਲੰਘਣਾ ਦਾ ਮਾਮਲਾ ਭਖਿਆ
ਮੰਦਰ ਦੀ ਪਵਿੱਤਰਤਾ ਦੀ ਉਲੰਘਣਾ ਦੇ ਦੋਸ਼ਾਂ 'ਤੇ ਵਿਵਾਦ ਹੋਰ ਤੇਜ਼
Publish Date: Tue, 07 Apr 2026 10:24 PM (IST)
Updated Date: Tue, 07 Apr 2026 10:26 PM (IST)

ਰਾਕੇਸ਼ ਗਾਂਧੀ, ਪੰਜਾਬੀ ਜਾਗਰਣ, ਜਲੰਧਰ : ਮਖਦੁਮਪੁਰਾ ਇਲਾਕੇ ’ਚ ਸਥਿਤ ਇਕ ਮੰਦਰ ’ਚ ਕਥਿਤ ਬੇਅਦਬੀ ਨਾਲ ਸਬੰਧਤ ਇਕ ਮਾਮਲਾ ਹੁਣ ਪੁਲਿਸ ਕਮਿਸ਼ਨਰ ਕੋਲ ਪੁੱਜ ਗਿਆ ਹੈ। ਸ਼ਿਵ ਸੈਨਾ ਆਗੂ ਬੰਟੀ ਦੇ ਜੁੱਤੀਆਂ ਪਾ ਕੇ ਮੰਦਰ ਦੇ ਕੰਪਲੈਕਸ ’ਚ ਦਾਖਲ ਹੋਣ ਦੇ ਦੋਸ਼ਾਂ ਨੇ ਮਾਮਲਾ ਭਖਾ ਦਿੱਤਾ ਹੈ। ਮੰਗਲਵਾਰ ਨੂੰ ਜਦੋਂ ਸ਼ਿਕਾਇਤਕਰਤਾ ਔਰਤ ਇਨਸਾਫ਼ ਮੰਗਣ ਲਈ ਸੀਪੀ ਦਫ਼ਤਰ ਪੁੱਜੀ ਤਾਂ ਮੁਲਜ਼ਮ ਧਿਰ ਦੇ ਆਉਣ ਤੋਂ ਬਾਅਦ ਸਥਿਤੀ ਤਣਾਅਪੂਰਨ ਹੋ ਗਈ। ਸ਼ਿਕਾਇਤਕਰਤਾ ਨੇ ਮੰਗ ਕੀਤੀ ਹੈ ਕਿ ਪੁਲਿਸ ਕਮਿਸ਼ਨਰ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦੇ ਦੋਸ਼ ’ਚ ਮੁਲਜ਼ਮ ਆਗੂ ਵਿਰੁੱਧ ਤੁਰੰਤ ਐੱਫਆਈਆਰ ਦਰਜ ਕਰੇ। ਇਸ ਦੌਰਾਨ ਬੰਟੀ ਆਪਣੀ ਪਤਨੀ ਨਾਲ ਮੌਕੇ 'ਤੇ ਪੁੱਜ ਗਿਆ, ਜਿਸ ਨਾਲ ਦੋਵਾਂ ਧੜਿਆਂ ਵਿਚਾਲੇ ਤਿੱਖੀ ਬਹਿਸ ਸ਼ੁਰੂ ਹੋ ਗਈ। ਦਫ਼ਤਰ ਦੇ ਬਾਹਰ ਵਧਦੇ ਤਣਾਅ ਨੂੰ ਦੇਖਦੇ ਹੋਏ ਪੁਲਿਸ ਫੋਰਸ ਨੂੰ ਦਖਲ ਦੇਣਾ ਪਿਆ। ਬੰਟੀ ਦੀ ਪਤਨੀ ਨੇ ਦੋਸ਼ਾਂ ਨੂੰ ਸਪੱਸ਼ਟ ਤੌਰ 'ਤੇ ਰੱਦ ਕਰ ਦਿੱਤਾ। ਉਸ ਨੇ ਸ਼ਿਕਾਇਤਕਰਤਾ 'ਤੇ ਖੁਦ ਵਿੱਤੀ ਧੋਖਾਧੜੀ ਦੇ ਗੰਭੀਰ ਦੋਸ਼ ਲਗਾਏ। ਸ਼ਿਕਾਇਤਕਰਤਾ ਨੇ ਦੋਸ਼ ਲਾਇਆ ਕਿ ਏਆਈ ਤਕਨਾਲੋਜੀ ਦੀ ਵਰਤੋਂ ਕਰਕੇ ਬਣਾਏ ਗਏ ਜਾਅਲੀ ਵੀਡੀਓ ਉਸ ਦੀ ਸਾਖ ਨੂੰ ਖਰਾਬ ਕਰਨ ਲਈ ਪ੍ਰਸਾਰਿਤ ਕੀਤੇ ਜਾ ਰਹੇ ਹਨ। ਔਰਤ ਅਨੁਸਾਰ, ਉਹ ਪਹਿਲਾਂ ਹੀ ਵੀਡਿੳ ਨੂੰ ਜਨਤਕ ਕਰ ਚੁੱਕੀ ਹੈ। ਇਸ ਮਾਮਲੇ ’ਚ ਸੀਪੀ ਦਫਤਰ ਪਹੁੰਚੇ ਸ਼ਿਵ ਸੈਨਾ ਨੇਤਾ ਨਰਿੰਦਰ ਥਾਪਰ ਨੇ ਇਸ ਨੂੰ ਪਵਿੱਤਰਤਾ ਨਾਲ ਸਬੰਧਤ ਇੱਕ ਗੰਭੀਰ ਮੁੱਦਾ ਦੱਸਿਆ। ਉਨ੍ਹਾਂ ਸਪੱਸ਼ਟ ਸ਼ਬਦਾਂ ਵਿੱਚ ਕਿਹਾ ਕਿ ਜੇਕਰ ਪੁਲਿਸ ਇਸ ਮਾਮਲੇ ’ਚ ਨਿਰਪੱਖ ਜਾਂਚ ਨਹੀਂ ਕਰਦੀ ਤਾਂ ਉਹ ਵੱਡੇ ਪੱਧਰ 'ਤੇ ਵਿਰੋਧ ਪ੍ਰਦਰਸ਼ਨ ਕਰਨ ਲਈ ਮਜਬੂਰ ਹੋਣਗੇ। ਪੁਲਿਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਦੋਵਾਂ ਧਿਰਾਂ ਦੇ ਬਿਆਨ ਦਰਜ ਕੀਤੇ ਗਏ ਹਨ। ਸੋਸ਼ਲ ਮੀਡੀਆ 'ਤੇ ਵਾਇਰਲ ਵੀਡੀਓ ਅਤੇ ਹੋਰ ਸਬੂਤਾਂ ਦੀ ਜਾਂਚ ਕੀਤੀ ਜਾ ਰਹੀ ਹੈ।