ਠੇਕਾ ਕੰਪਨੀ ਐੱਸਐੱਸ ਇੰਜੀਨੀਅਰਿੰਗ 5 ਸਾਲ ਲਈ ਬਲੈਕ ਲਿਸਟ
ਨਿਗਮ ਨੇ 5 ਸਾਲਾਂ ਲਈ ਇਕ ਠੇਕਾ ਕੰਪਨੀ ਐੱਸਐੱਸ ਇੰਜੀਨੀਅਰਿੰਗ ਨੂੰ ਕੀਤਾ 5 ਸਾਲਾਂ ਲਈ ਬਲੈਕ ਲਿਸਟ
Publish Date: Wed, 18 Feb 2026 08:14 PM (IST)
Updated Date: Wed, 18 Feb 2026 08:15 PM (IST)
-ਵਰਕ ਆਰਡਰ ਲੈਣ ਦੇ ਬਾਵਜੂਦ ਕੰਮ ਨਹੀਂ ਕੀਤਾ ਸ਼ੁਰੂ
ਪੰਜਾਬੀ ਜਾਗਰਣ ਪ੍ਰਤੀਨਿਧ, ਜਲੰਧਰ
ਨਗਰ ਨਿਗਮ ਨੇ ਵਿਕਾਸ ਕੰਮਾਂ ਦਾ ਠੇਕਾ ਲੈਣ ਤੇ ਵਰਕ ਆਰਡਰ ਜਾਰੀ ਹੋਣ ਦੇ ਬਾਵਜੂਦ ਤੈਅ ਸਮੇਂ ’ਤੇ ਕੰਮ ਸ਼ੁਰੂ ਨਾ ਕਰਨ ’ਤੇ ਹੁਸ਼ਿਆਰਪੁਰ ਦੀ ਠੇਕਾ ਕੰਪਨੀ ਐੱਸਐੱਸ ਇੰਜੀਨੀਅਰਿੰਗ ਨੂੰ 5 ਸਾਲਾਂ ਲਈ ਬਲੈਕ ਲਿਸਟ (ਡੀਬਾਰ) ਕਰ ਦਿੱਤਾ ਹੈ। ਇਸ ਸਬੰਧੀ ਨਗਰ ਨਿਗਮ ਕਮਿਸ਼ਨਰ ਸੰਦੀਪ ਰਿਸ਼ੀ ਨੂੰ ਸੀਨੀਅਰ ਡਿਪਟੀ ਮੇਅਰ ਬਲਬੀਰ ਸਿੰਘ ਬਿੱਟੂ ਨੇ ਲਿਖਤੀ ਸ਼ਿਕਾਇਤ ਕੀਤੀ ਸੀ ਕਿ ਉਕਤ ਠੇਕਾ ਕੰਪਨੀ ਵੱਲੋਂ ਨਗਰ ਨਿਗਮ ਦੇ ਵਾਰਡ ਨੰਬਰ 10 ’ਚ ਵਿਕਾਸ ਕੰਮਾਂ ਦਾ ਠੇਕਾ ਲੈਣ ਤੇ ਉਸ ਦਾ ਵਰਕ ਆਰਡਰ ਜਾਰੀ ਹੋਣ ਦੇ ਬਾਵਜੂਦ ਕੰਮ ਸ਼ੁਰੂ ਨਹੀਂ ਕੀਤਾ। ਇਸ ਦੌਰਾਨ ਬੀਐਂਡਆਰ ਬਰਾਂਚ ਵੱਲੋਂ ਉਕਤ ਠੇਕਾ ਕੰਪਨੀ ਨੂੰ 3 ਵਾਰ ਨੋਟਿਸ ਵੀ ਜਾਰੀ ਕੀਤੇ ਗਏ ਪਰ ਠੇਕਾ ਕੰਪਨੀ ਨੇ ਪਰਵਾਹ ਨਹੀਂ ਕੀਤੀ। ਇਸ ’ਤੇ ਸੀਨੀਅਰ ਡਿਪਟੀ ਮੇਅਰ ਬਲਬੀਰ ਸਿੰਘ ਬਿੱਟੂ ਨੇ ਉਕਤ ਠੇਕਾ ਕੰਪਨੀ ਨੂੰ ਬਲੈਕ ਲਿਸਟ (ਡੀਬਾਰ) ਕਰਨ ਦੀ ਸਿਫਾਰਸ਼ ਕੀਤੀ ਸੀ। ਉਨ੍ਹਾਂ ਨੇ ਲਿਖਿਆ ਸੀ ਕਿ ਵਾਰਡ ਨੰਬਰ 10 ’ਚ ਵਿਕਾਸ ਕੰਮ 3 ਮਹੀਨੇ ’ਚ ਖਤਮ ਕਰਨੇ ਸਨ ਪਰ ਉਸ ਨੇ 6 ਮਹੀਨੇ ਬੀਤ ਜਾਣ ਦੇ ਬਾਵਜੂਦ ਕੰਮ ਸ਼ੁਰੂ ਨਹੀਂ ਕੀਤਾ, ਜਿਸ ’ਤੇ ਉਸ ਨਾਲ ਮੋਬਾਈਲ ਫੋਨ ’ਤੇ ਵੀ ਸੰਪਰਕ ਵੀ ਕੀਤਾ ਗਿਆ ਪਰ ਉਸ ਨੇ ਇਸ ਵੀ ਕੋਈ ਪਰਵਾਹ ਨਹੀਂ ਕੀਤੀ, ਜਿਸ ਕਾਰਨ ਦੁਖੀ ਹੋ ਕੇ ਸੀਨੀਅਰ ਡਿਪਟੀ ਮੇਅਰ ਨੇ ਕਮਿਸ਼ਨਰ ਨੂੰ ਪੱਤਰ ਲਿਖਿਆ ਸੀ। ਉਕਤ ਠੇਕਾ ਕੰਪਨੀ ਨੂੰ 5 ਸਾਲ ਲਈ ਬਲੈਕ ਲਿਸਟ ਕਰਨ ਦਾ ਮਤਾ ਵੀ ਵਿੱਤ ਤੇ ਠੇਕਾ ਕਮੇਟੀ ਦੀ ਮੀਟਿੰਗ ’ਚ ਪਾਸ ਕਰ ਦਿੱਤਾ ਗਿਆ। ਇਸ ਦੇ ਬਾਅਦ ਬੀ ਐਂਡ ਬਰਾਂਚ ਨੇ ਉਕਤ ਠੇਕਾ ਕੰਪਨੀ ਨੂੰ 5 ਸਾਲਾਂ ਲਈ ਬਲੈਕ ਲਿਸਟ ਕੀਤਾ ਹੈ।