ਠੇਕੇ ਦੇ ਕਰਿੰਦੇ ਕੋਲੋਂ ਸ਼ਰਾਬ ਤੇ ਨਕਦੀ ਲੁੱਟੀ
ਠੇਕੇ ਦੇ ਮੁਲਾਜ਼ਮ ਨੂੰ ਡਰਾ ਧਮਕਾ ਕੇ ਸ਼ਰਾਬ ਤੇ ਨਕਦੀ ਲੁੱਟੀ, ਮਾਮਲਾ ਦਰਜ
Publish Date: Fri, 06 Feb 2026 06:29 PM (IST)
Updated Date: Fri, 06 Feb 2026 06:32 PM (IST)

ਰਾਕੇਸ਼ ਗਾਂਧੀ, ਪੰਜਾਬੀ ਜਾਗਰਣ, ਜਲੰਧਰ : ਥਾਣਾ ਬਸਤੀ ਬਾਵਾ ਖੇਲ ਦੀ ਹੱਦ ’ਚ ਪੈਂਦੇ ਮੱਛੀ ਮਾਰਕੀਟ ’ਚ ਸਥਿਤ ਇਕ ਸ਼ਰਾਬ ਦੇ ਠੇਕੇ ’ਤੇ ਤਿੰਨ ਅਣਪਛਾਤੇ ਨੌਜਵਾਨਾਂ ਨੇ ਹਥਿਆਰਾਂ ਦੇ ਜ਼ੋਰ ’ਤੇ ਠੇਕੇ ਦੇ ਕਰਿੰਦੇ ਨੂੰ ਡਰਾ ਧਮਕਾ ਕੇ ਠੇਕੇ ਅੰਦਰੋਂ ਸ਼ਰਾਬ ਦੀਆਂ ਬੋਤਲਾਂ ਤੇ ਹਜ਼ਾਰਾਂ ਰੁਪਏ ਦੀ ਨਕਦੀ ਲੁੱਟ ਲਈ ਤੇ ਮੌਕੇ ਤੋਂ ਫਰਾਰ ਹੋ ਗਏ। ਜਾਣਕਾਰੀ ਅਨੁਸਾਰ ਮੱਛੀ ਮਾਰਕੀਟ ਬਾਵਾ ਖੇਲ ਨਹਿਰ ’ਤੇ ਸਥਿਤ ਇਕ ਠੇਕੇ ਦਾ ਮੁਲਾਜ਼ਮ ਨੀਰਜ ਕੁਮਾਰ ਵਾਸੀ ਮਧੁਬਨ ਕਾਲੋਨੀ ਬੀਤੀ ਸ਼ਾਮ ਠੇਕੇ ’ਤੇ ਕੰਮ ਕਰ ਰਿਹਾ ਸੀ। ਇਸ ਦੌਰਾਨ ਤਿੰਨ ਅਣਪਛਾਤੇ ਨੌਜਵਾਨ ਜਿਨ੍ਹਾਂ ਦੇ ਹੱਥ ’ਚ ਹਥਿਆਰ ਸਨ, ਠੇਕੇ ਅੰਦਰ ਦਾਖਲ ਹੋਏ ਤੇ ਉਸ ਨਾਲ ਮਾਰਕੁੱਟ ਕਰਦੇ ਹੋਏ ਠੇਕੇ ਅੰਦਰੋਂ ਪੰਜ ਬੋਤਲਾਂ ਸ਼ਰਾਬ ਦੀਆਂ ਤੇ ਗੱਲੇ ’ਚ ਪਏ 2500 ਰੁਪਏ ਨਕਦੀ ਕੱਢ ਕੇ ਫਰਾਰ ਹੋ ਗਏ। ਘਟਨਾ ਦੀ ਸੂਚਨਾ ਤੁਰੰਤ ਥਾਣਾ ਬਸਤੀ ਬਾਬਾ ਖੇਲ ਦੀ ਪੁਲਿਸ ਨੂੰ ਦਿੱਤੀ ਗਈ। ਇਸ ਤੋਂ ਬਾਅਦ ਏਐੱਸਆਈ ਨੀਲਾ ਰਾਮ ਪੁਲਿਸ ਪਾਰਟੀ ਸਮੇਤ ਮੌਕੇ ’ਤੇ ਪਹੁੰਚੇ ਤੇ ਮਾਮਲੇ ਦੀ ਜਾਂਚ ਸ਼ੁਰੂ ਕੀਤੀ। ਏਐੱਸਆਈ ਨੀਲਾ ਰਾਮ ਨੇ ਨੀਰਜ ਕੁਮਾਰ ਵਾਸੀ ਮਧੁਬਨ ਕਾਲੋਨੀ ਦੇ ਬਿਆਨਾਂ ’ਤੇ ਅਣਪਛਾਤੇ ਲੁਟੇਰਿਆਂ ਖਿਲਾਫ ਧਾਰਾ 304 (2) 331(4)ਬੀਐੱਨਐੱਸ ਤਹਿਤ ਮਾਮਲਾ ਦਰਜ ਕਰਕੇ ਠੇਕੇ ਦੇ ਆਲੇ ਦੁਆਲੇ ਲੱਗੇ ਸੀਸੀਟੀਵੀ ਕੈਮਰੇ ਦੀ ਫੁਟੇਜ ਦੇ ਆਧਾਰ ’ਤੇ ਲੁਟੇਰਿਆਂ ਤੱਕ ਪਹੁੰਚਣ ਦੀ ਕੋਸ਼ਿਸ਼ ਸ਼ੁਰੂ ਕਰ ਦਿੱਤੀ ਹੈ।