ਐੱਸਜੀਐੱਲ ਟਰੱਸਟ ਮਨੁੱਖਤਾ ਦੀ ਸੇਵਾ ਲਈ ਹਮੇਸ਼ਾ ਤਿਆਰ ਰਹਿੰਦੈ : ਬਾਬਾ ਕਸ਼ਮੀਰਾ ਸਿੰਘ
ਬਾਬਾ ਕਸ਼ਮੀਰਾ ਸਿੰਘ ਜੀ ਦੇ ਟਰੱਸਟ ਵੱਲੋਂ ਲਗਾਤਾਰ ਕੀਤੀ ਜਾ ਰਹੀ ਸੇਵਾ
Publish Date: Tue, 06 Jan 2026 07:48 PM (IST)
Updated Date: Tue, 06 Jan 2026 07:50 PM (IST)

-ਹੜ੍ਹਾਂ ਦੌਰਾਨ ਮੈਡੀਕਲ ਸਹਾਇਤਾ ਤੋਂ ਇਲਾਵਾ ਮੁੜ-ਵਸੇਬੇ ਲਈ ਲੋੜਵੰਦਾਂ ਦੀ ਕੀਤੀ ਮਦਦ ਜਤਿੰਦਰ ਪੰਮੀ, ਪੰਜਾਬੀ ਜਾਗਰਣ, ਜਲੰਧਰ : ਐੱਸਜੀਐੱਲ ਜਨ ਸੇਵਾ ਟਰੱਸਟ ਮਨੁੱਖਤਾ ਦੀ ਸੇਵਾ ਲਈ ਹਮੇਸ਼ਾ ਤਿਆਰ ਰਹਿੰਦਾ ਹੈ। ਟਰੱਸਟ ਵੱਲੋਂ ਜਿੱਥੇ ਲੋੜਵੰਦ ਲੋਕਾਂ ਨੂੰ ਮੁਫਤ ਮੈਡੀਕਲ ਸਹਾਇਤਾ ਉਨ੍ਹਾਂ ਦੇ ਘਰਾਂ ਤਕ ਪਹੁੰਚ ਕਰਕੇ ਪਹੁੰਚਾਈ ਜਾਂਦੀ ਹੈ, ਉਥੇ ਹੀ ਲੰਘੇ ਸਾਲ ਆਏ ਭਿਆਨਕ ਹੜ੍ਹਾਂ ਦੌਰਾਨ ਹੜ੍ਹ ਪੀੜਤ ਲੋਕਾਂ ਦੀ ਹਰ ਤਰ੍ਹਾਂ ਸਹਾਇਤਾ ਕੀਤੀ ਗਈ। ਟਰੱਸਟ ਦੇ ਸੇਵਾਦਾਰਾਂ ਨੇ ਨਾ ਸਿਰਫ ਲੋਕਾਂ ਤਕ ਮੈਡੀਕਲ ਸਹਾਇਤਾ ਪਹੁੰਚਾਈ ਬਲਕਿ ਲੋੜਵੰਦ ਦੇ ਮੁੜ ਵਸੇਬੇ ਲਈ ਹਰ ਸੰਭਵ ਸਹਾਇਤਾ ਪ੍ਰਦਾਨ ਕੀਤੀ। ਇਸ ਸਬੰਧੀ ਗੱਲਬਾਤ ਕਰਦਿਆਂ ਐੱਸਜੀਐੱਲ ਜਨ ਸੇਵਾ ਟਰੱਸਟ ਦੇ ਸੰਸਥਾਪਕ ਸੁਆਮੀ ਬਾਬਾ ਕਸ਼ਮੀਰਾ ਸਿੰਘ ਨੇ ਦੱਸਿਆ ਕਿ ਹੜ੍ਹਾਂ ਨੇ ਪੰਜਾਬ ਦੇ ਕਈ ਜ਼ਿਲ੍ਹਿਆਂ ’ਚ ਤਬਾਹੀ ਦੀਆਂ ਡੂੰਘੀਆਂ ਲਕੀਰਾਂ ਛੱਡੀਆਂ। ਇਸ ਹੰਗਾਮੀ ਸਥਿਤੀ ’ਚ ਟਰੱਸਟ ਵੱਲੋਂ ਕੀਤੀ ਗਈ ਸੇਵਾ ਵੱਡੀ ਮਨੁੱਖਤਾ ਦੀ ਮਿਸਾਲ ਵਜੋਂ ਸਾਹਮਣੇ ਆਈ। ਬਿਨਾਂ ਕਿਸੇ ਜਾਤ-ਪਾਤ, ਧਰਮ ਜਾਂ ਵਿਚਾਰਧਾਰਾ ਦੇ ਭੇਦਭਾਵ ਤੋਂ ਉੱਚਾ ਹੋ ਕੇ, ਟਰੱਸਟ ਨੇ ਹਰ ਹੜ੍ਹ-ਪੀੜਤ ਮਨੁੱਖ ਤੱਕ ਸਹਾਇਤਾ ਪਹੁੰਚਾਈ। ਜਲੰਧਰ ਦੇ ਗਾਂਧੀ ਕੈਂਪ ’ਚ ਹੜ੍ਹਾਂ ਦੇ ਸ਼ੁਰੂਆਤੀ ਦਿਨਾਂ ਵਿਚ ਹੀ ਟਰੱਸਟ ਵੱਲੋਂ ਮੁਫ਼ਤ ਮੈਡੀਕਲ ਕੈਂਪ ਲਗਾਇਆ ਗਿਆ। ਹੜ੍ਹ ਨਾਲ ਪ੍ਰਭਾਵਿਤ ਸੈਂਕੜੇ ਪਰਿਵਾਰ ਇੱਥੇ ਸਿਹਤ ਜਾਂਚ ਤੇ ਤੁਰੰਤ ਮੈਡੀਕਲ ਸਹਾਇਤਾ ਲਈ ਇਕੱਠੇ ਹੋਏ। ਹੜ੍ਹ ਕਾਰਨ ਫੈਲ ਰਹੀਆਂ ਬਿਮਾਰੀਆਂ, ਜ਼ੁਕਾਮ-ਬੁਖਾਰ, ਸੱਟਾਂ ਤੇ ਗੰਦੇ ਪਾਣੀ ਨਾਲ ਜੁੜੇ ਇੰਫੈਕਸ਼ਨਾਂ ਤੋਂ ਬਚਾਉਂਦਾ ਇਹ ਕੈਂਪ ਪੀੜਤ ਲੋਕਾਂ ਲਈ ਇੱਕ ਵੱਡਾ ਸਹਾਰਾ ਸਾਬਤ ਹੋਇਆ। ਟਰੱਸਟ ਵੱਲੋਂ ਦਵਾਈਆਂ ਮੁਫ਼ਤ ਦਿੱਤੀਆਂ ਗਈਆਂ ਅਤੇ ਡਾਕਟਰਾਂ ਨੇ ਹਰ ਉਮਰ ਦੇ ਵਿਅਕਤੀਆਂ ਦੀ ਜਾਂਚ ਕਰਕੇ ਲੋੜੀਂਦਾ ਇਲਾਜ ਮੁਹੱਈਆ ਕਰਵਾਇਆ। ਇਹ ਕੈਂਪ ਸਿਰਫ਼ ਮੈਡੀਕਲ ਸਹਾਇਤਾ ਦਾ ਕੇਂਦਰ ਨਹੀਂ ਬਣਿਆ, ਸਗੋਂ ਉਨ੍ਹਾਂ ਪਰਿਵਾਰਾਂ ਲਈ ਦਿਲਾਸੇ ਦੀ ਥਾਂ ਵੀ ਬਣਿਆ ਜਿੱਥੇ ਲੋਕ ਆਪਣੀ ਤਕਲੀਫ਼ ਸੁਣਾਉਣ ਅਤੇ ਮਦਦ ਲੈਣ ਆ ਸਕਦੇ ਸਨ। ਸੁਆਮੀ ਬਾਬਾ ਕਸ਼ਮੀਰਾ ਸਿੰਘ ਨੇ ਕਿਹਾ ਕਿ ਟਰੱਸਟ ਵੱਲੋਂ ਹੜ੍ਹ-ਬਾਅਦ ਵੀ ਪੀੜਤ ਪਰਿਵਾਰਾਂ ਦੀ ਸੇਵਾ ਲਗਾਤਾਰ ਜਾਰੀ ਰੱਖੀ ਗਈ ਹੈ। ਘਰਾਂ ਦੀ ਸਫ਼ਾਈ, ਬਿਮਾਰੀਆਂ ਤੋਂ ਬਚਾਅ ਲਈ ਦਵਾਈਆਂ, ਪੀਣ ਵਾਲੇ ਪਾਣੀ ਦੀ ਸੁਚੱਜੀ ਵਿਵਸਥਾ ਅਤੇ ਰੋਜ਼ਮਰ੍ਹਾ ਜ਼ਿੰਦਗੀ ਮੁੜ ਸਧਾਰਨ ਕਰਨ ਲਈ ਹਰ ਸੰਭਵ ਮਦਦ ਦਿੱਤੀ ਗਈ। ਕਿਸਾਨਾਂ ਨੂੰ ਬੀਜ, ਖਾਦ ਅਤੇ ਡੀਜ਼ਲ ਦੀ ਮੁਫ਼ਤ ਸੇਵਾ ਕੀਤੀ ਗਈ। ਟਰੱਸਟ ਵੱਲੋਂ 250 ਏਕੜ ਤੋਂ ਵੱਧ ਖੇਤਾਂ ਲਈ ਕਣਕ ਦੇ ਬੀਜ ਤੇ ਖਾਦ ਮੁਫ਼ਤ ਵੰਡੇ ਗਏ। ਬਜ਼ੁਰਗਾਂ ਤੇ ਪੀੜਤ ਪਰਿਵਾਰਾਂ ਲਈ ਕੰਬਲਾਂ ਦੀ ਸੇਵਾ ਕੀਤੀ ਗਈ। ਟਰੱਸਟ ਵੱਲੋਂ 2025 ਦੇ ਪੰਜਾਬ ਹੜ੍ਹਾਂ ਦੌਰਾਨ ਕੀਤੀ ਗਈ ਸੇਵਾ ਸਿਰਫ਼ ਰਾਹਤ ਤੱਕ ਸੀਮਤ ਨਹੀਂ ਸੀ। ਸੇਵਾ ਦੇ ਇਹ ਕੰਮ ਜਾਰੀ ਹਨ ਲੋਕਾਂ ਦੇ ਘਰ, ਜੀਵਨ ਅਤੇ ਹਿੰਮਤ ਨੂੰ ਮੁੜ ਤਿਆਰ ਕਰਨ ਲਈ। ਇਹ ਰਾਹਤ ਅਭਿਆਨ ਨਾ ਸਿਰਫ਼ ਹੜ੍ਹ-ਪੀੜਤ ਪਰਿਵਾਰਾਂ ਲਈ ਸਹਾਰਾ ਹੈ, ਸਗੋਂ ਸਾਫ਼ ਸੁਨੇਹਾ ਵੀ ਹੈ ਕਿ ਪੰਜਾਬ ਦੇ ਲੋਕ ਹਮੇਸ਼ਾ ਇਕ-ਦੂਜੇ ਨਾਲ ਖੜ੍ਹੇ ਰਹਿੰਦੇ ਹਨ। --- ਹੜ੍ਹਾਂ ਦੌਰਾਨ ਕਿਸ਼ਤੀਆਂ ਰਾਹੀਂ ਘਰ-ਘਰ ਪਹੁੰਚਾਈ ਮੈਡੀਕਲ ਸੇਵਾ ਐੱਸਜੀਐੱਲ ਹਸਪਤਾਲ ਸੀਈਓ ਮਨਿੰਦਰਪਾਲ ਸਿੰਘ ਰਿਆੜ ਨੇ ਦੱਸਿਆ ਕਿ ਸੁਲਤਾਨਪੁਰ ਲੋਧੀ ਦੇ ਨੇੜਲੇ 16 ਪਿੰਡ ਪੂਰੀ ਤਰ੍ਹਾਂ ਪਾਣੀ ਵਿਚ ਘਿਰ ਗਏ ਸਨ। ਇਸ ਗੰਭੀਰ ਹਾਲਾਤ ’ਚ ਐੱਸਜੀਐੱਲ ਹਸਪਤਾਲ ਦੀ ਮੈਡੀਕਲ ਟੀਮ ਨੇ ਕਿਸ਼ਤੀਆਂ ਰਾਹੀਂ ਘਰ-ਘਰ ਪਹੁੰਚ ਕਰਕੇ ਲੋਕਾਂ ਦੀ ਸਿਹਤ ਜਾਂਚ ਕੀਤੀ। ਔਰਤਾਂ, ਬਜ਼ੁਰਗਾਂ ਅਤੇ ਬੱਚਿਆਂ ਲਈ ਮੁਫ਼ਤ ਦਵਾਈਆਂ, ਬੈਂਡੇਜ, ਸਵੱਛਤਾ ਸਮੱਗਰੀ, ਸੈਨਿਟਰੀ ਪੈਡਸ, ਡਾਇਪਰ ਅਤੇ ਐਮਰਜੈਂਸੀ ਸਹਾਇਤਾ ਤੁਰੰਤ ਪਹੁੰਚਾਈ ਗਈ। ਹੜ੍ਹ ਪ੍ਰਭਾਵਿਤ ਪਰਿਵਾਰਾਂ ਨੂੰ ਮੈਡੀਕਲ ਸੁਵਿਧਾ ਦੇ ਨਾਲ-ਨਾਲ ਰਾਹਤ ਸਮੱਗਰੀ ਵੀ ਵੰਡੀਆਂ ਗਈਆਂ, ਤਾਂ ਜੋ ਉਹ ਆਪਣੀਆਂ ਬੁਨਿਆਦੀ ਜ਼ਰੂਰਤਾਂ ਪੂਰੀਆਂ ਕਰ ਸਕਣ। ਇਹ ਸੇਵਾ ਹੜ੍ਹ ਦੇ ਸਭ ਤੋਂ ਨਾਜ਼ੁਕ ਸਮਿਆਂ ਦੌਰਾਨ ਉਨ੍ਹਾਂ ਲਈ ਇੱਕ ਲਾਈਫਲਾਈਨ ਬਣੀ, ਜਿਨ੍ਹਾਂ ਕੋਲ ਆਪਣੀ ਮੁਸ਼ਕਲ ਪ੍ਰਗਟ ਕਰਨ ਲਈ ਵੀ ਕੋਈ ਰਸਤਾ ਨਹੀਂ ਸੀ। ਇਹ ਪੂਰਾ ਮੈਡੀਕਲ ਕੈਂਪ ਲਗਾਤਾਰ ਇੱਕ ਪੂਰਾ ਮਹੀਨਾ ਚੱਲਦਾ ਰਿਹਾ ਤਾਂ ਜੋ ਕੋਈ ਵੀ ਪਰਿਵਾਰ ਸਹਾਇਤਾ ਤੋਂ ਵਾਂਝਾ ਨਾ ਰਹੇ। ਬੰਨ੍ਹ ਦੀ ਮਜ਼ਬੂਤੀ ਲਈ ਮਿੱਟੀ ਦੇ ਟਰੱਕ ਪਹੁੰਚਾਏ ਹੜ੍ਹ ਦੀ ਤਬਾਹੀ ਕਾਰਨ ਬੰਨ੍ਹ ਕਈ ਥਾਵਾਂ ’ਤੇ ਕਮਜ਼ੋਰ ਹੋ ਗਏ ਸਨ ਅਤੇ ਉਨ੍ਹਾਂ ਦੇ ਟੁੱਟਣ ਨਾਲ ਹੋਰ ਵੱਡੇ ਨੁਕਸਾਨ ਦਾ ਖ਼ਤਰਾ ਬਣ ਗਿਆ ਸੀ। ਇਸ ਗੰਭੀਰ ਸਥਿਤੀ ਨੂੰ ਧਿਆਨ ਵਿੱਚ ਰੱਖਦੇ ਹੋਏ ਬਾਬਾ ਕਸ਼ਮੀਰਾ ਸਿੰਘ ਜੀ ਐੱਸਜੀਐੱਲ ਜਨ ਸੇਵਾ ਟਰੱਸਟ ਨੇ ਜ਼ਿਲਾ ਪ੍ਰਸ਼ਾਸਨ ਦੇ ਸਹਿਯੋਗ ਨਾਲ ਮਿੱਟੀ ਨਾਲ ਭਰੇ ਟਰੱਕ ਸੇਵਾ ਵਾਸਤੇ ਮੁਹੱਈਆ ਕਰਵਾਏ। ਸੰਗਤ ਅਤੇ ਸਥਾਨਕ ਲੋਕਾਂ ਨੇ ਮਿਲ ਕੇ ਬੰਨ੍ਹਾਂ ਨੂੰ ਮਜ਼ਬੂਤ ਕੀਤਾ। ਇਸਦੇ ਨਾਲ ਹੀ ਰਾਹਤ ਸਮੱਗਰੀ ਵੀ ਵੱਡੇ ਪੱਧਰ ’ਤੇ ਵੰਡੀ ਗਈ, ਜਿਨ੍ਹਾਂ ’ਚ ਰੋਜ਼ਾਨਾ ਵਰਤੋਂ ਵਾਲੀਆਂ ਸਭ ਲੋੜੀਂਦੀਆਂ ਚੀਜ਼ਾਂ ਸ਼ਾਮਲ ਸਨ। ਇਹ ਕੰਮ ਸਿਰਫ਼ ਰੱਖਿਆ ਦਾ ਨਹੀਂ ਸੀ, ਸਗੋਂ ਪਿੰਡ ਦੇ ਹਰ ਘਰ ਦੀ ਸਾਂਝੀ ਮਿਹਨਤ ਅਤੇ ਸੇਵਾ ਭਾਵਨਾ ਦੀ ਤਸਵੀਰ ਸੀ। ਲੋਕਾਂ ਦੇ ਬਚਾਅ ਲਈ ਕੀਤੀ ਗਈ ਇਹ ਕੋਸ਼ਿਸ਼ ਵੱਡੇ ਪੱਧਰ ’ਤੇ ਪ੍ਰਭਾਵਸ਼ਾਲੀ ਅਤੇ ਕਾਬਲੇ-ਤਾਰੀਫ਼ ਸਾਬਤ ਹੋਈ। ਕੁਝ ਪਰਿਵਾਰਾਂ ਦੇ ਬੱਚਿਆਂ ਦੀ ਫੀਸ ਭਰਨ ਦੀ ਜ਼ਿੰਮੇਵਾਰੀ ਵੀ ਨਿਭਾਈ, ਚਾਰਾ ਵੀ ਭੇਜਿਆ ਸੀਈਓ ਮਨਿੰਦਰਪਾਲ ਸਿੰਘ ਰਿਆੜ ਨੇ ਦੱਸਿਆ ਕਿ ਹੜ੍ਹਾਂ ਨੇ ਕਈ ਪਰਿਵਾਰਾਂ ਦੀ ਆਰਥਿਕ ਰੀੜ੍ਹ ਦੀ ਹੱਡੀ ਤੋੜ ਦਿੱਤੀ। ਬੱਚਿਆਂ ਦੀ ਪੜ੍ਹਾਈ ਰੁਕਣ ਦੇ ਡਰ ਨਾਲ ਕਈ ਮਾਪੇ ਚਿੰਤਤ ਸਨ। ਟਰੱਸਟ ਵੱਲੋਂ ਕੁਝ ਪਰਿਵਾਰਾਂ ਦੇ ਬੱਚਿਆਂ ਦੀ ਫੀਸ ਭਰੀ ਗਈ, ਤਾਕਿ ਕਿਸੇ ਵੀ ਬੱਚੇ ਦੀ ਸਿੱਖਿਆ ’ਤੇ ਹੜ੍ਹ ਦਾ ਬੁਰਾ ਪ੍ਰਭਾਵ ਨਾ ਪਵੇ। ਪਸ਼ੂਆਂ ਲਈ ਚਾਰਾ ਵੰਡਿਆ ਗਿਆ ਤੇ ਵੈਟਰਨਰੀ ਡਾਕਟਰ ਦੀ ਸਹਾਇਤਾ ਵੀ ਮੁਹੱਈਆ ਕਰਵਾਈ ਗਈ ਤਾਂ ਜੋ ਪਸ਼ੂਆਂ ਦੀ ਸੰਭਾਲ ਅਤੇ ਇਲਾਜ ਸਮੇਂ-ਸਿਰ ਹੋ ਸਕੇ।