ਇੰਡਸਟ੍ਰੀਅਲ ਡੀਜ਼ਲ ਦੀ ਖਪਤ ਘੱਟੀ, ਟਰਾਂਸਪੋਰਟਰ ਨਿੱਜੀ ਪੈਟਰੋਲ ਪੰਪਾਂ ਤੋਂ ਭਰਵਾਉਣ ਲੱਗੇ ਡੀਜ਼ਲ

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਜਲੰਧਰ : ਇੰਡਸਟ੍ਰੀਅਲ ਡੀਜ਼ਲ ਦੀ ਕੀਮਤ ’ਚ 22 ਰੁਪਏ ਪ੍ਰਤੀ ਲੀਟਰ ਵਾਧੇ ਤੋਂ ਬਾਅਦ ਟਰਾਂਸਪੋਰਟਰਾਂ ਨੇ ਹੁਣ ਨਿੱਜੀ ਪੈਟਰੋਲ ਪੰਪਾਂ ਤੋਂ ਡੀਜ਼ਲ ਖਰੀਦਣਾ ਸ਼ੁਰੂ ਕਰ ਦਿੱਤਾ ਹੈ। ਕੀਮਤਾਂ ’ਚ ਵਾਧੇ ਤੋਂ ਬਾਅਦ ਵਪਾਰਕ ਸੰਸਥਾਵਾਂ ਦੇ ਵਾਹਨਾਂ ਨੇ ਬਾਹਰੀ ਪੈਟਰੋਲ ਪੰਪਾਂ ਦਾ ਰੁਖ ਕੀਤਾ ਹੈ। ਟਰਾਂਸਪੋਰਟਰ ਨਿੱਜੀ ਪੈਟਰੋਲ ਪੰਪਾਂ ਤੋਂ ਡੀਜ਼ਲ ਭਰਵਾਉਣ ਲੱਗ ਪਏ ਹਨ, ਜਿਸ ਕਾਰਨ ਸ਼ਨਿਚਰਵਾਰ ਨੂੰ ਨਿੱਜੀ ਪੰਪਾਂ ਦੀ ਖਪਤ ਵਿੱਚ ਵਾਧਾ ਹੋਇਆ। ਹਾਲਾਂਕਿ ਇੰਡੀਅਨ ਆਇਲ ਕਾਰਪੋਰੇਸ਼ਨ ਦੀ ਕਮਰਸ਼ੀਅਲ ਸੇਲ ਦੇਖ ਰਹੇ ਦੁਸ਼ਿਅੰਤ ਸਿੰਘ ਨੇ ਕਿਹਾ ਕਿ ਕਮਰਸ਼ੀਅਲ ਡੀਜ਼ਲ ਦੀ ਕੀਮਤ ਵਧਣ ਦੇ ਪ੍ਰਭਾਵ ਦੋ ਦਿਨ ਬਾਅਦ ਦਿਸਣੇ ਸ਼ੁਰੂ ਹੋਣਗੇ। ਜਲੰਧਰ ’ਚ ਲਗਪਗ 15 ਅਜਿਹੇ ਪੈਟਰੋਲ ਪੰਪ ਹਨ ਜਿੱਥੇ ਇੰਡਸਟ੍ਰੀਅਲ ਡੀਜ਼ਲ ਦੀ ਸਪਲਾਈ ਹੁੰਦੀ ਹੈ। ਇਨ੍ਹਾਂ ਪੰਪਾਂ ’ਤੇ ਸ਼ਨਿਚਰਵਾਰ ਨੂੰ ਇੰਡਸਟ੍ਰੀਅਲ ਡੀਜ਼ਲ ਦੀ ਖਪਤ ’ਚ ਕਮੀ ਆਈ ਹੈ। ਪਹਿਲਾਂ ਆਮ ਤੇ ਕਮਰਸ਼ੀਅਲ ਡੀਜ਼ਲ ਦੀ ਕੀਮਤ 88.16 ਰੁਪਏ ਸੀ, ਹੁਣ ਆਮ ਡੀਜ਼ਲ ਦੀ ਕੀਮਤ ਉਹੀ ਹੈ ਪਰ ਕਮਰਸ਼ੀਅਲ ਡੀਜ਼ਲ ਦੀ ਕੀਮਤ 109.66 ਰੁਪਏ ਹੋ ਗਈ ਹੈ। ਜਲੰਧਰ ਦੇ ਕਈ ਪੈਟਰੋਲ ਪੰਪਾਂ ’ਤੇ ਡੀਜ਼ਲ ਦੀ ਖਪਤ 25 ਫੀਸਦੀ ਵਧਣ ਦੀ ਸੰਭਾਵਨਾ ਪ੍ਰਗਟਾਈ ਗਈ ਹੈ। ਜਲੰਧਰ ਪੈਟਰੋਲ ਪੰਪ ਐਸੋਸੀਏਸ਼ਨ ਦੇ ਪ੍ਰਧਾਨ ਸੁਖਮੋਹਨ ਸਿੰਘ ਸਹਿਗਲ ਨੇ ਕਿਹਾ ਕਿ ਜਿਨ੍ਹਾਂ ਯੂਨਿਟਾਂ ’ਚ ਡੀਜ਼ਲ ਦੀ ਵੱਧ ਖਪਤ ਹੁੰਦੀ ਹੈ, ਉਨ੍ਹਾਂ ਦੇ ਆਪਣੇ ਪੰਪ ਹੁੰਦੇ ਹਨ। ਸ਼ਨਿਚਰਵਾਰ ਨੂੰ ਨਿੱਜੀ ਪੈਟਰੋਲ ਪੰਪਾਂ ’ਤੇ ਡੀਜ਼ਲ ਦੀ ਖਪਤ ਵੱਧ ਰਹੀ।
-------------------------
ਰੋਡਵੇਜ਼ ਦਾ ਕਿਰਾਇਆ ਉਹੀ, ਕਿਰਾਇਆ ਹੋ ਸਕਦੈ ਮਹਿੰਗਾ
ਜਲੰਧਰ ਰੋਡਵੇਜ਼ ਦੇ ਆਪਣੇ ਦੋ ਪੰਪ ਹਨ ਜਿੱਥੇ ਡੀਜ਼ਲ ਦੀ ਸਪਲਾਈ ਆਮ ਰਹੀ। ਜਲੰਧਰ ਦੇ ਇਕ ਡਿਪੂ ’ਚ ਰੋਜ਼ਾਨਾ ਲਗਭਗ 7 ਹਜ਼ਾਰ ਲੀਟਰ ਡੀਜ਼ਲ ਦੀ ਖਪਤ ਹੁੰਦੀ ਹੈ। ਕੀਮਤ ਵਧਣ ਨਾਲ ਰੋਡਵੇਜ਼ ਨੂੰ ਨੁਕਸਾਨ ਵਧੇਗਾ। ਫਿਲਹਾਲ ਕਿਰਾਏ ’ਚ ਵਾਧੇ ਦੀ ਕੋਈ ਸੰਭਾਵਨਾ ਨਹੀਂ ਹੈ। ਡਿਪੂ ਦੇ ਜਨਰਲ ਮੈਨੇਜਰ ਮਨਿੰਦਰ ਸਿੰਘ ਨੇ ਕਿਹਾ ਕਿ ਇਹ ਫੈਸਲਾ ਸਰਕਾਰੀ ਪੱਧਰ ’ਤੇ ਹੋਵੇਗਾ, ਇਸ ਵੇਲੇ ਹਾਲਾਤ ਆਮ ਵਰਗੇ ਹਨ। ਟਰਾਂਸਪੋਰਟਰ ਕਿਰਾਇਆ ਵਧਾ ਸਕਦੇ ਹਨ। ਟਰੱਕ ਯੂਨੀਅਨ ਆਗੂਆਂ ਨੇ ਕਿਹਾ ਕਿ ਜੇ ਕਮਰਸ਼ੀਅਲ ਡੀਜ਼ਲ ਦੀ ਕੀਮਤ ਇੰਨੀ ਵਧ ਗਈ ਹੈ ਤਾਂ ਕਿਰਾਇਆ ਵਧਾਉਣ ’ਤੇ ਵੀ ਵਿਚਾਰ ਕੀਤਾ ਜਾਵੇਗਾ। ਸ਼ਨਿਚਰਵਾਰ ਨੂੰ ਕਈ ਨਿੱਜੀ ਪੈਟਰੋਲ ਪੰਪਾਂ ਨੇ ਟਰੱਕਾਂ ਨੂੰ ਡੀਜ਼ਲ ਦੇਣ ਤੋਂ ਇਨਕਾਰ ਕਰ ਦਿੱਤਾ।
-----------------------
ਰਸੋਈ ਗੈਸ ਸਿਲੰਡਰ ਦੀ ਬੁਕਿੰਗ ਤੋਂ 6-7 ਦਿਨ ਬਾਅਦ ਹੋ ਰਹੀ ਡਲਿਵਰੀ
ਰਸੋਈ ਗੈਸ ਸਿਲੰਡਰ ਦੀ ਬੁਕਿੰਗ ਤੋਂ ਬਾਅਦ ਹੁਣ ਖਪਤਕਾਰਾਂ ਨੂੰ ਪੰਜ ਦੀ ਬਜਾਏ ਸੱਤ ਦਿਨ ਬਾਅਦ ਡਲਿਵਰੀ ਮਿਲ ਰਹੀ ਹੈ। ਇਸ ਨਾਲ ਘਰੇਲੂ ਖਪਤਕਾਰਾਂ ਨੂੰ ਇਕ ਸਿਲੰਡਰ ਪ੍ਰਾਪਤ ਕਰਨ ਲਈ 30 ਤੋਂ 32 ਦਿਨ ਦਾ ਇੰਤਜ਼ਾਰ ਕਰਨਾ ਪੈ ਰਿਹਾ ਹੈ। ਜਿਨ੍ਹਾਂ ਘਰਾਂ ’ਚ 20 ਤੋਂ 25 ਦਿਨ ’ਚ ਸਿਲੰਡਰ ਖਤਮ ਹੋ ਜਾਂਦਾ ਹੈ, ਉਨ੍ਹਾਂ ਨੂੰ ਸਭ ਤੋਂ ਵੱਧ ਮੁਸ਼ਕਲ ਆ ਰਹੀ ਹੈ। ਦੂਜੇ ਪਾਸੇ, ਕਾਰੋਬਾਰੀ ਗੈਸ ਸਿਲੰਡਰ ਦੀ ਸਪਲਾਈ ਬਾਰੇ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਬਣਾਈ ਕਮੇਟੀ ਕੋਲ ਅਧਿਕਾਰ ਰੱਖੇ ਗਏ ਹਨ। ਇਜ਼ਰਾਈਨ-ਈਰਾਨ ਜੰਗ ਤੋਂ ਬਾਅਦ ਰਸੋਈ ਗੈਸ ਦੀ ਕਮੀ ਵਧ ਗਈ ਹੈ। ਸਰਕਾਰ ਵੱਲੋਂ ਗੈਸ ਦੀ ਕਮੀ ਨੂੰ ਦੇਖਦਿਆਂ ਕਾਰੋਬਾਰੀ ਗੈਸ ਸਿਲੰਡਰਾਂ ਦੀ ਸਪਲਾਈ ’ਤੇ ਰੋਕ ਲਗਾਈ ਗਈ ਸੀ ਤੇ ਰਸੋਈ ਗੈਸ ਸਿਲੰਡਰ ਦੀ ਡਲਿਵਰੀ ਤੋਂ 25 ਦਿਨ ਬਾਅਦ ਹੀ ਦੂਜੀ ਬੁਕਿੰਗ ਦੀ ਸ਼ਰਤ ਲਾਗੂ ਕੀਤੀ ਗਈ ਹੈ। ਇਸ ਦੌਰਾਨ ਆਮ ਦਿਨਾਂ ’ਚ ਦਿੱਤੀ ਜਾਣ ਵਾਲੀ ਕਾਰੋਬਾਰੀ ਗੈਸ ਦੀ ਕੁੱਲ ਸਪਲਾਈ ’ਚੋਂ 20 ਫੀਸਦੀ ਕੋਟਾ ਜਾਰੀ ਕਰਨ ਦੇ ਨਿਰਦੇਸ਼ ਦਿੱਤੇ ਗਏ ਹਨ ਤੇ ਇਸ ਦੀ ਵੰਡ ਲਈ ਕਮੇਟੀ ਬਣਾਈ ਗਈ ਹੈ। ਹੁਣ ਡਲਿਵਰੀ ਤੋਂ 25 ਦਿਨ ਬਾਅਦ ਬੁਕਿੰਗ ਕਰਨ ’ਤੇ 6 ਤੋਂ 7 ਦਿਨ ’ਚ ਸਿਲੰਡਰ ਮਿਲ ਰਿਹਾ ਹੈ, ਜਿਸ ਨਾਲ ਇਕ ਸਿਲੰਡਰ ਲਈ ਕੁੱਲ 32 ਦਿਨ ਦਾ ਇੰਤਜ਼ਾਰ ਬਣ ਜਾਂਦਾ ਹੈ।
ਖੁਰਾਕ ਤੇ ਸਪਲਾਈ ਵਿਭਾਗ ਦੇ ਜ਼ਿਲ੍ਹਾ ਅਧਿਕਾਰੀ ਨਰਿੰਦਰ ਸਿੰਘ ਨੇ ਕਿਹਾ ਕਿ ਗੈਸ ਏਜੰਸੀਆਂ ਦੇ ਰਿਕਾਰਡ ਤੇ ਗੁਦਾਮਾਂ ’ਚ ਮੌਜੂਦ ਸਟਾਕ ਦੀ ਜਾਂਚ ਲਈ ਟੀਮਾਂ ਬਣਾਈਆਂ ਗਈਆਂ ਹਨ। ਤੇਲ ਕੰਪਨੀਆਂ ਵੱਲੋਂ ਜਾਰੀ ਸਪਲਾਈ ਦੇ ਅਨੁਸਾਰ ਹੀ ਉਪਭੋਗਤਾਵਾਂ ਤੱਕ ਗੈਸ ਪਹੁੰਚਾਈ ਜਾ ਰਹੀ ਹੈ ਤੇ ਵਿਭਾਗ ਵੱਲੋਂ ਇਸ ’ਤੇ ਲਗਾਤਾਰ ਨਿਗਰਾਨੀ ਕੀਤੀ ਜਾ ਰਹੀ ਹੈ।
-----------------------
ਖਪਤਕਾਰਾਂ ਨੇ ਦੂਜੀ ਬੁਕਿੰਗ ਦੀ ਮਿਆਦ ਘਟਾਉਣ ਦੀ ਮੰਗ ਕੀਤੀ
ਘਰੇਲੂ ਖਪਤਕਾਰਾਂ ਨੇ ਬੁਕਿੰਗ ਦੀ ਮਿਆਦ ਘਟਾਉਣ ਦੀ ਮੰਗ ਕੀਤੀ ਹੈ। ਪੂਜਾ ਜੈਨ ਨੇ ਕਿਹਾ ਕਿ ਡਲਿਵਰੀ ਤੋਂ 25 ਦਿਨ ਬਾਅਦ ਬੁਕਿੰਗ ਦੀ ਸ਼ਰਤ ਨੂੰ ਘਟਾ ਕੇ 15 ਦਿਨ ਕੀਤਾ ਜਾਣਾ ਚਾਹੀਦਾ ਹੈ, ਕਿਉਂਕਿ ਬੁਕਿੰਗ ਤੋਂ ਇਕ ਹਫ਼ਤੇ ਬਾਅਦ ਡਲਿਵਰੀ ਮਿਲਦੀ ਹੈ, ਜਿਸ ਨਾਲ ਮੁਸ਼ਕਲ ਵਧ ਰਹੀ ਹੈ। ਗੌਰਵ ਮਾਗੋ ਨੇ ਕਿਹਾ ਕਿ ਰਸੋਈ ਗੈਸ ਦੀ ਸਪਲਾਈ ਬਾਰੇ ਸਰਕਾਰ ਨੂੰ ਗੰਭੀਰ ਹੋਣਾ ਚਾਹੀਦਾ ਹੈ ਕਿਉਂਕਿ ਸਮੇਂ ਨਾਲ ਸਮੱਸਿਆ ਵਧ ਰਹੀ ਹੈ। ਰਵੀ ਸ਼ੰਕਰ ਗੁਪਤਾ ਨੇ ਕਿਹਾ ਕਿ ਗੈਸ ਦੀ ਕਮੀ ਦਾ ਸਭ ਤੋਂ ਵੱਧ ਅਸਰ ਉਨ੍ਹਾਂ ਲੋਕਾਂ ’ਤੇ ਪੈ ਰਿਹਾ ਹੈ ਜੋ ਹੋਰਨਾਂ ਸੂਬਿਆਂ ਤੋਂ ਇੱਥੇ ਆਏ ਹਨ ਤੇ ਜਿਨ੍ਹਾਂ ਕੋਲ ਗੈਸ ਕੁਨੈਕਸ਼ਨ ਨਹੀਂ ਹੈ। ਅਜਿਹੇ ਲੋਕਾਂ ਲਈ ਰੋਟੀ ਬਣਾਉਣ ’ਚ ਵੀ ਮੁਸ਼ਕਲ ਪੈਦਾ ਹੋ ਗਈ ਹੈ, ਇਸ ਲਈ ਇਸ ਵਰਗ ਲਈ ਕਾਰੋਬਾਰੀ ਗੈਸ ਦੀ ਵੱਖਰੀ ਸਪਲਾਈ ਦਾ ਪ੍ਰਬੰਧ ਕੀਤਾ ਜਾਣਾ ਚਾਹੀਦਾ ਹੈ।