ਵੋਲਟੇਜ ਘਟਣ-ਵਧਣ ਕਾਰਨ ਰਾਓਵਾਲੀ ਦੇ ਖਪਤਕਾਰ ਪਰੇਸ਼ਾਨ
ਪੱਤਰ ਪ੍ਰੇਰਕ, ਜਲੰਧਰ :
Publish Date: Mon, 23 Mar 2026 06:32 PM (IST)
Updated Date: Mon, 23 Mar 2026 06:34 PM (IST)

ਪੱਤਰ ਪ੍ਰੇਰਕ, ਜਲੰਧਰ : ਜਲੰਧਰ-ਪਠਾਨਕੋਟ ਬਾਈਪਾਸ ’ਤੇ ਸਥਿਤ ਪਿੰਡ ਰਾਓਵਾਲੀ ਦੇ ਸਰੂਪ ਨਗਰ ਇਲਾਕੇ ਵਿਚ ਬਿਜਲੀ ਸਪਲਾਈ ਵਿਚ ਇਕਸਾਰਤਾ ਨਾ ਹੋਣ ਦਾ ਮਸਲਾ ਬਰਕਰਾਰ ਹੈ। ਪੰਜਾਬੀ ਬਾਗ਼ ਨੇੜੇ ਪੈਂਦੇ ਇਸ ਇਲਾਕੇ ਦੇ ਖਪਤਕਾਰਾਂ ਨੇ ਦੱਸਿਆ ਕਿ ਕਾਫ਼ੀ ਸਮੇਂ ਤੋਂ ਉਹ ਫਲਕਚੂਏਸ਼ਨ ਭਾਵ ਕਿ ਬਿਜਲੀ ਦੇ ਵੋਲਟੇਜ ਘਟਣ-ਵਧਣ ਕਾਰਨ ਪਰੇਸ਼ਾਨ ਹੋ ਰਹੇ ਹਨ। ਇਸੇ ਤਰ੍ਹਾਂ ਸ਼ਹੀਦ ਭਗਤ ਸਿੰਘ ਦੀ ਸ਼ਹਾਦਤ ਦਾ ਦਿਨ ਮਨਾਉਂਦਿਆਂ 23 ਮਾਰਚ ਨੂੰ ਵੀ ਇੰਝ ਹੀ ਹੋਇਆ। ਦੁਪਹਿਰ ਬਾਅਦ ਢਾਈ ਵਜੇ ਤੋਂ ਲੈ ਕੇ ਸਮਾਚਾਰ ਲਿਖੇ ਜਾਣ ਤੱਕ ਬਿਜਲੀ ਦੀ ਸਪਲਾਈ ਵਿਚ ਇਕਸਾਰਤਾ ਨਹੀਂ ਸੀ। ਇੱਥੋਂ ਤੱਕ ਕਿ ਘਰਾਂ ਦੇ ਬਲਬ ਵੀ ਇੰਝ ਜਗ-ਬੁੱਝ ਰਹੇ ਸਨ ਕਿ ਜਿਵੇਂ ਇਹ 20 ਵਾਟ ਦੇ ਹੋਣ ਤੇ ਕੋਈ ਬਿਜਲਈ-ਯੰਤਰ ਲਗਾ ਕੇ ਜਾਣ-ਬੁੱਝ ਕੇ ਜਗ-ਬੁੱਝ ਕੀਤੀ ਗਈ ਹੋਵੇ। ਖਪਤਕਾਰਾਂ ਨੇ ਦੱਸਿਆ ਕਿ ਉਨ੍ਹਾਂ ਦੇ ਦੋ ਕੁ ਸਾਲ ਪਹਿਲਾਂ ਵੀ ਬਾਈਪਾਸ ਸਥਿਤ ਬਿਜਲੀ ਦਫ਼ਤਰ ਪੁੱਜ ਕੇ ਇਹ ਸ਼ਿਕਾਇਤ ਦਰਜ ਕਰਵਾਈ ਸੀ, ਉਦੋਂ ਉਸ ਸਮੇਂ ਦੇ ਐੱਸਡੀਓ ਨੇ ਕਿਹਾ ਸੀ ਕਿ ਤੁਸੀਂ ਸਾਂਝੀ ਅਰਜ਼ੀ ਲਿਖੋ ਤੇ ਖਪਤਕਾਰਾਂ ਦੇ ਦਸਤਖ਼ਤ ਕਰਵਾ ਕੇ ਦਿਓ, ਜੋ ਕਿ ਉੱਥੇ ਪੁੱਜਦੀ ਕਰ ਦਿੱਤੀ ਗਈ ਸੀ। ਹੁਣ ਫਿਰ ਕੁਝ ਦਿਨਾਂ ਤੋਂ ਫਲਕਚੁਏਸ਼ਨ ਦਾ ਮਸਲਾ ਆਣ ਖੜ੍ਹਾ ਹੋਇਆ ਹੈ। ਇਸ ਤੋਂ ਪਹਿਲਾਂ ਵੀ ਘਰਾਂ ਦੇ ਫਰਿੱਜ਼, ਏਅਰ ਕੰਡੀਸ਼ਨਰ ਤੇ ਪਾਣੀ ਵਾਲੀਆਂ ਮੋਟਰਾਂ ਖ਼ਰਾਬ ਹੁੰਦੀਆਂ ਰਹੀਆਂ ਹਨ ਜੋ ਕਿ ਮੱਧ ਵਰਗ ਦੇ ਲੋਕਾਂ ਲਈ ਵੱਡਾ ਖ਼ਰਚਾ ਹੁੰਦੀਆਂ ਹਨ ਪਰ ਪਾਵਰਕਾਮ ਕਦੇ ਵੀ ਇਸ ਨੁਕਸਾਨ ਦੀ ਜ਼ਿੰਮੇਵਾਰੀ ਆਪਣੇ ਉੱਪਰ ਨਹੀਂ ਲੈਂਦਾ। ਪੰਜਾਬੀ ਬਾਗ, ਸਰੂਪ ਨਗਰ ਰਾਓਵਾਲੀ ਦੇ ਲੋਕਾਂ ਨੇ ਮੰਗ ਕੀਤੀ ਹੈ ਕਿ ਪਾਵਰਕਾਮ ਇਸ ਮਸਲੇ ਦਾ ਹੱਲ ਕਰਨ ਲਈ ਜਾਂਚ ਕਰੇ ਤੇ ਜੇਕਰ ਖਪਤਕਾਰਾਂ ਵਿੱਚੋਂ ਕੋਈ ਜਣਾ ਬਿਜਲੀ ਚੋਰੀ ਕਰਦਾ ਹੈ ਜਾਂ ਕੁੰਡੀ ਲਗਾ ਕੇ ਬਿਜਲੀ ਮਹਿਕਮੇ ਨੂੰ ਘਾਟਾ ਪਾ ਰਿਹਾ ਹੈ ਤਾਂ ਉਸ ਦੀ ਸ਼ਨਾਖ਼ਤ ਕਰ ਕੇ ਬਣਦੀ ਕਾਰਵਾਈ ਕਰਨੀ ਚਾਹੀਦੀ ਹੈ। ਦੱਸਣਯੋਗ ਹੈ ਕਿ ਖਪਤਕਾਰਾਂ ਨੇ ਇਸ ਬਾਰੇ ਆਪਣੇ ਫੋਨ ਤੋਂ ਆਨਲਾਈਨ ਸ਼ਿਕਾਇਤ ਦਰਜ ਕਰਵਾ ਦਿੱਤੀ ਸੀ।