ਬੇਕਸੂਰ ਨੂੰ ਫਸਾਉਣ ਦੀ ਸਾਜ਼ਿਸ਼ ਨਾਕਾਮ: CCTV ਫੁਟੇਜ ਨੇ ਬੇਨਕਾਬ ਕੀਤੇ ਪੁਲਿਸ ਦੇ 'ਝੂਠੇ ਪਰਚੇ', SHO ਸਣੇ ਤਿੰਨ 'ਤੇ ਡਿੱਗੀ ਗਾਜ
'ਨਸ਼ਾ ਮੁਕਤ ਪੰਜਾਬ' ਮੁਹਿੰਮ ਦੇ ਨਾਂ ਹੇਠ ਪੁਲਿਸ ਵੱਲੋਂ ਕੀਤੀ ਗਈ ਇਕ ਕਾਰਵਾਈ ਨੇ ਪੂਰੇ ਵਿਭਾਗ ਨੂੰ ਉਸ ਸਮੇਂ ਸ਼ਰਮਸਾਰ ਕਰ ਦਿੱਤਾ, ਜਦੋਂ ਇਕ ਨਿਰਦੋਸ਼ ਵਿਅਕਤੀ ਨੂੰ ਫਸਾਉਣ ਲਈ ਪੁਲਿਸ ਦੀ 'ਪਲਾਨਿੰਗ' ਸੀਸੀਟੀਵੀ ਕੈਮਰੇ ਵਿੱਚ ਕੈਦ ਹੋ ਗਈ। ਇਸ ਮਾਮਲੇ ਦੇ ਸਾਹਮਣੇ ਆਉਣ ਤੋਂ ਬਾਅਦ ਐੱਸਐੱਸਪੀ ਜਲੰਧਰ (ਦਿਹਾਤੀ) ਨੇ ਸਖ਼ਤ ਰੁਖ਼ ਅਖਤਿਆਰ ਕਰਦਿਆਂ ਥਾਣਾ ਸ਼ਾਹਕੋਟ ਦੇ ਐੱਸਐੱਚਓ ਬਲਵਿੰਦਰ ਸਿੰਘ, ਏਐੱਸਆਈ ਸੁਖਵਿੰਦਰ ਸਿੰਘ ਅਤੇ ਲੇਡੀ ਕਾਂਸਟੇਬਲ ਹੈਵਨਪ੍ਰੀਤ ਕੌਰ ਨੂੰ ਤੁਰੰਤ ਲਾਈਨ ਹਾਜ਼ਰ ਕਰ ਦਿੱਤਾ ਹੈ।
Publish Date: Sat, 11 Apr 2026 04:15 PM (IST)
Updated Date: Sat, 11 Apr 2026 04:17 PM (IST)

ਪ੍ਰਿਤਪਾਲ ਸਿੰਘ, ਪੰਜਾਬੀ ਜਾਗਰਣ, ਸ਼ਾਹਕੋਟ : 'ਨਸ਼ਾ ਮੁਕਤ ਪੰਜਾਬ' ਮੁਹਿੰਮ ਦੇ ਨਾਂ ਹੇਠ ਪੁਲਿਸ ਵੱਲੋਂ ਕੀਤੀ ਗਈ ਇਕ ਕਾਰਵਾਈ ਨੇ ਪੂਰੇ ਵਿਭਾਗ ਨੂੰ ਉਸ ਸਮੇਂ ਸ਼ਰਮਸਾਰ ਕਰ ਦਿੱਤਾ, ਜਦੋਂ ਇਕ ਨਿਰਦੋਸ਼ ਵਿਅਕਤੀ ਨੂੰ ਫਸਾਉਣ ਲਈ ਪੁਲਿਸ ਦੀ 'ਪਲਾਨਿੰਗ' ਸੀਸੀਟੀਵੀ ਕੈਮਰੇ ਵਿੱਚ ਕੈਦ ਹੋ ਗਈ। ਇਸ ਮਾਮਲੇ ਦੇ ਸਾਹਮਣੇ ਆਉਣ ਤੋਂ ਬਾਅਦ ਐੱਸਐੱਸਪੀ ਜਲੰਧਰ (ਦਿਹਾਤੀ) ਨੇ ਸਖ਼ਤ ਰੁਖ਼ ਅਖਤਿਆਰ ਕਰਦਿਆਂ ਥਾਣਾ ਸ਼ਾਹਕੋਟ ਦੇ ਐੱਸਐੱਚਓ ਬਲਵਿੰਦਰ ਸਿੰਘ, ਏਐੱਸਆਈ ਸੁਖਵਿੰਦਰ ਸਿੰਘ ਅਤੇ ਲੇਡੀ ਕਾਂਸਟੇਬਲ ਹੈਵਨਪ੍ਰੀਤ ਕੌਰ ਨੂੰ ਤੁਰੰਤ ਲਾਈਨ ਹਾਜ਼ਰ ਕਰ ਦਿੱਤਾ ਹੈ।
ਬੀਤੀ 9 ਅਪ੍ਰੈਲ ਨੂੰ ਪੁਲਿਸ ਨੇ ਪਿੰਡ ਦੌਲਤਪੁਰ ਢੱਡਾ ਦੇ ਰਹਿਣ ਵਾਲੇ ਅਕਰਮ ਵਿਰੁੱਧ ਐਕਸਾਈਜ਼ ਐਕਟ ਤਹਿਤ ਮਾਮਲਾ ਦਰਜ ਕੀਤਾ ਸੀ। ਪੁਲਿਸ ਦਾ ਦਾਅਵਾ ਸੀ ਕਿ ਛਾਪੇਮਾਰੀ ਦੌਰਾਨ ਅਕਰਮ ਦੇ ਘਰੋਂ 35 ਲੀਟਰ ਲਾਹਣ ਬਰਾਮਦ ਹੋਈ ਹੈ ਪਰ ਸੱਚਾਈ ਉਦੋਂ ਸਾਹਮਣੇ ਆਈ ਜਦੋਂ ਗਲੀ ਵਿੱਚ ਲੱਗੇ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਵਾਇਰਲ ਹੋਈ।
CCTV ਫੁਟੇਜ ਨੇ ਇੰਝ ਬੇਨਕਾਬ ਕੀਤਾ ਪੁਲਿਸ ਦਾ ਝੂਠ
ਫੁਟੇਜ ਵਿੱਚ ਸਾਫ਼ ਨਜ਼ਰ ਆ ਰਿਹਾ ਹੈ ਕਿ ਪੁਲਿਸ ਮੁਲਾਜ਼ਮ ਖੁਦ ਇਕ ਨੀਲੇ ਰੰਗ ਦਾ ਡਰੱਮ ਗੱਡੀ ਵਿੱਚੋਂ ਉਤਾਰ ਕੇ ਅਕਰਮ ਦੇ ਘਰ ਦੇ ਅੰਦਰ ਲੈ ਕੇ ਜਾ ਰਹੇ ਹਨ।
ਭਾਰਾ ਸੀ ਡਰੱਮ
ਪੁਲਿਸ ਨੇ ਬਚਾਅ ਵਿੱਚ ਕਿਹਾ ਕਿ ਉਹ ਖਾਲੀ ਡਰੱਮ ਸਾਮਾਨ ਪਾਉਣ ਲਈ ਅੰਦਰ ਲੈ ਕੇ ਗਏ ਸਨ, ਪਰ ਫੁਟੇਜ ਦਿਖਾ ਰਹੀ ਹੈ ਕਿ ਡਰੱਮ ਖਾਲੀ ਨਹੀਂ ਸੀ, ਕਿਉਂਕਿ ਉਸਨੂੰ ਦੋ ਮੁਲਾਜ਼ਮਾਂ ਨੇ ਮਿਲ ਕੇ ਚੁੱਕਿਆ ਹੋਇਆ ਸੀ।
ਮਹਿਜ਼ 13 ਮਿੰਟ ਦਾ ਖੇਡ: ਪੁਲਿਸ ਟੀਮ ਅੰਦਰ ਗਈ ਅਤੇ ਮਹਿਜ਼ 13 ਮਿੰਟਾਂ ਵਿੱਚ ਉਸੇ ਡਰੱਮ ਨੂੰ 'ਬਰਾਮਦਗੀ' ਦਿਖਾ ਕੇ ਬਾਹਰ ਲੈ ਆਈ।
ਘਰ 'ਚ ਕੋਈ ਨਹੀਂ ਸੀ ਮੌਜੂਦ: ਜਿਸ ਸਮੇਂ ਇਹ ਪੂਰਾ ਡਰਾਮਾ ਰਚਿਆ ਗਿਆ, ਅਕਰਮ ਘਰ ਵਿੱਚ ਮੌਜੂਦ ਹੀ ਨਹੀਂ ਸੀ।
ਉੱਚ ਪੱਧਰੀ ਜਾਂਚ ਦੇ ਹੁਕਮ
ਮਾਮਲਾ ਗਰਮਾਉਂਦਾ ਦੇਖ ਐੱਸਐੱਸਪੀ ਜਲੰਧਰ ਨੇ ਇਸ ਦੀ ਜਾਂਚ ਐੱਸਪੀ (ਇਨਵੈਸਟੀਗੇਸ਼ਨ) ਵਨੀਤ ਅਹਲਾਵਤ ਨੂੰ ਸੌਂਪ ਦਿੱਤੀ ਹੈ। ਅਧਿਕਾਰੀਆਂ ਦਾ ਕਹਿਣਾ ਹੈ ਕਿ ਪੁਲਿਸ ਦਾ ਕੰਮ ਗੁਨਾਹਗਾਰਾਂ ਨੂੰ ਫੜਨਾ ਹੈ, ਨਾ ਕਿ ਬੇਕਸੂਰਾਂ ਨੂੰ ਫਸਾਉਣਾ। ਜੇਕਰ ਜਾਂਚ ਵਿੱਚ ਦੋਸ਼ ਸਾਬਤ ਹੁੰਦੇ ਹਨ, ਤਾਂ ਸਬੰਧਤ ਮੁਲਾਜ਼ਮਾਂ ਖਿਲਾਫ਼ ਐਫਆਈਆਰ (FIR) ਵੀ ਦਰਜ ਕੀਤੀ ਜਾ ਸਕਦੀ ਹੈ।
ਇਸ ਘਟਨਾ ਨੇ ਜਿੱਥੇ ਪੁਲਿਸ ਦੀ ਕਾਰਜਪ੍ਰਣਾਲੀ 'ਤੇ ਸਵਾਲੀਆ ਨਿਸ਼ਾਨ ਖੜ੍ਹੇ ਕੀਤੇ ਹਨ, ਉੱਥੇ ਹੀ ਆਮ ਜਨਤਾ ਵਿੱਚ ਪੁਲਿਸ ਦੇ ਅਕਸ ਨੂੰ ਵੀ ਭਾਰੀ ਸੱਟ ਮਾਰੀ ਹੈ।