ਸ਼ਰਾਬ ਤਸਕਰ ਦੇ ਘਰੋਂ ਨਜਾਇਜ਼ ਸ਼ਰਾਬ ਦੀ ਖੇਪ ਬਰਾਮਦ
ਸ਼ਰਾਬ ਤਸਕਰ ਦੇ ਘਰੋਂ ਨਜਾਇਜ਼ ਸ਼ਰਾਬ ਦੀ ਖੇਪ ਬਰਾਮਦ
Publish Date: Wed, 22 Apr 2026 09:28 PM (IST)
Updated Date: Wed, 22 Apr 2026 09:31 PM (IST)

-ਨਸ਼ਾ ਤਸਕਰ ਰਾਜੂ ਚੌਹਾਨ ਗ੍ਰਿਫਤਾਰ ਰਾਕੇਸ਼ ਗਾਂਧੀ, ਪੰਜਾਬੀ ਜਾਗਰਣ, ਜਲੰਧਰ : ਥਾਣਾ ਬਸਤੀ ਬਾਵਾ ਖੇਲ ਦੀ ਹੱਦ ’ਚ ਪੈਂਦੇ ਮਧੁਬਨ ਕਾਲੋਨੀ ’ਚ ਸਥਿਤ ਇਕ ਸ਼ਰਾਬ ਤਸਕਰ ਦੇ ਘਰ ਪੁਲਿਸ ਤੇ ਆਬਕਾਰੀ ਵਿਭਾਗ ਨੇ ਸਾਂਝੇ ਤੌਰ ਤੇ ਕਾਰਵਾਈ ਕਰਦਿਆਂ ਨਾਜਾਇਜ਼ ਸ਼ਰਾਬ ਦੀ ਖੇਪ ਬਰਾਮਦ ਕੀਤੀ ਹੈ। ਇਹੀ ਕਾਰਵਾਈ ਸ਼ਰਾਬ ਤਸਕਰ ਰਾਜਿੰਦਰ ਕੁਮਾਰ ਉਰਫ਼ ਰਾਜੂ ਚੌਹਾਨ ਜਿਸ ਖਿਲਾਫ ਇਸ ਤੋਂ ਪਹਿਲਾਂ ਵੀ ਸ਼ਰਾਬ ਤਸਕਰੀ ਦੇ ਕਈ ਮਾਮਲੇ ਦਰਜ ਹਨ ਦੇ ਘਰ ਤੇ ਮਾਰਿਆ ਗਿਆ, ਜਿੱਥੋਂ ਵੱਡੀ ਮਾਤਰਾ ’ਚ ਨਾਜਾਇਜ਼ ਸ਼ਰਾਬ ਬਰਾਮਦ ਕੀਤੀ ਗਈ। ਰਾਜੂ ਚੌਹਾਨ ਨੂੰ ਮੌਕੇ ਤੇ ਗ੍ਰਿਫ਼ਤਾਰ ਕਰ ਲਿਆ ਗਿਆ। ਜਾਣਕਾਰੀ ਦਿੰਦੇ ਹੋਏ ਏਸੀਪੀ ਆਤਿਸ਼ ਭਾਟੀਆ ਨੇ ਦੱਸਿਆ ਕਿ ਉਨਾਂ ਨੂੰ ਇਕ ਸੂਚਨਾ ਮਿਲੀ ਸੀ ਕਿ ਇਲਾਕੇ ਦੇ ਇਕ ਰਿਹਾਇਸ਼ੀ ਘਰ ’ਚ ਸ਼ਰਾਬ ਗੈਰ-ਕਾਨੂੰਨੀ ਢੰਗ ਨਾਲ ਸਟੋਰ ਕੀਤੀ ਹੋਈ ਹੈ। ਘਰ ਦੇ ਬਾਹਰ ਜੂਸ ਕਾਰਨਰ ਬਣਾਇਆ ਹੋਇਆ ਹੈ ਜਿਸ ਦੀ ਆੜ ’ਚ ਸ਼ਰਾਬੀਆਂ ਨੂੰ ਸਸਤੇ ਭਾਅ ’ਤੇ ਸ਼ਰਾਬ ਲਿਆ ਕੇ ਮਹਿੰਗੇ ਭਾਅ ’ਤੇ ਵੇਚੀ ਜਾਂਦੀ ਹੈ। ਇਸ ਖਾਸ ਖੁਫੀਆ ਜਾਣਕਾਰੀ ਤੇ ਕਾਰਵਾਈ ਕਰਦਿਆਂ ਪੁਲਿਸ ਤੇ ਆਬਕਾਰੀ ਵਿਭਾਗ ਨੇ ਕਾਰਵਾਈ ਸ਼ੁਰੂ ਕੀਤੀ। ਛਾਪੇਮਾਰੀ ਦੌਰਾਨ ਘਰ ਤੋਂ ਲਗਭਗ 50 ਤੋਂ 60 ਡੱਬੇ ਵਿਸਕੀ ਬਰਾਮਦ ਕੀਤੇ ਗਏ। ਆਬਕਾਰੀ ਵਿਭਾਗ ਦੇ ਅਧਿਕਾਰੀ ਮਨਜੀਤ ਸਿੰਘ ਨੇ ਦੱਸਿਆ ਕਿ ਪਹਿਲਾਂ ਵੀ ਇਸ ਥਾਂ ’ਤੇ ਛਾਪਾਮਾਰੀ ਕੀਤੀ ਗਈ ਸੀ। ਉਸ ਵੇਲੇ ਸ਼ਰਾਬ ਦੀ ਛੋਟੀ ਖੇਪ ਪੁਲਿਸ ਦੇ ਹੱਥ ਲੱਗੀ ਸੀ। ਉਸ ਵੇਲੇ ਵੀ ਸ਼ਰਾਬ ਤਸਕਰ ਨੂੰ ਕਾਬੂ ਕੀਤਾ ਗਿਆ ਸੀ ਪਰ ਉਹ ਇਸ ਤੋ ਬਾਜ਼ ਨਹੀਂ ਆ ਰਿਹਾ। ਉਨ੍ਹਾਂ ਕਿਹਾ ਕਿ ਜਾਂਚ ’ਚ ਇਹੀ ਗੱਲ ਸਾਹਮਣੇ ਆਈ ਹੈ ਕਿ ਰਾਜੂ ਚੌਹਾਨ ਖਿਲਾਫ ਇਸ ਤੋਂ ਪਹਿਲਾਂ ਵੀ ਸ਼ਰਾਬ ਤਸਕਰੀ ਦੇ ਕਈ ਮਾਮਲੇ ਦਰਜ ਹਨ ਤੇ ਕਈ ਵਾਰ ਇਹ ਜੇਲ੍ਹ ਦੀ ਹਵਾ ਵੀ ਖਾ ਚੁੱਕਾ ਹੈ। ਰਾਜੂ ਚੌਹਾਨ ਨੂੰ ਗ੍ਰਿਫਤਾਰ ਕਰਕੇ ਉਸ ਖਿਲਾਫ ਥਾਣਾ ਬਸਤੀ ਬਾਬਾ ਖੇਲ ’ਚ ਆਬਕਾਰੀ ਐਕਟ ਅਧੀਨ ਮਾਮਲਾ ਦਰਜ ਕਰਕੇ ਉਸ ਕੋਲੋਂ ਪੁੱਛਗਿੱਛ ਕੀਤੀ ਜਾ ਰਹੀ ਹੈ। ਇਹੀ ਪਤਾ ਲਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਵੱਡੀ ਸ਼ਰਾਬ ਦੀ ਖੇਪ ਉਹ ਕਿੱਥੋਂ ਲੈ ਕੇ ਆਉਂਦਾ ਹੈ ਤੇ ਉਸ ਦੀ ਕਿਸ ਨਾਲ ਮਿਲੀਭੁਗਤ ਹੈ। ਫਿਲਹਾਲ ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ।