12 ਫੁੱਟ ਤੱਕ ਰਾਹ ਖੋਲ੍ਹਣ ’ਤੇ ਬਣੀ ਸਹਿਮਤੀ
ਜਾਸ, ਜਲੰਧਰ : ਗੁਰੂ
Publish Date: Fri, 20 Mar 2026 11:04 PM (IST)
Updated Date: Fri, 20 Mar 2026 11:07 PM (IST)
ਜਾਸ, ਜਲੰਧਰ : ਗੁਰੂ ਅਮਰਦਾਸ ਨਗਰ ਸਥਿਤ ਸ਼੍ਰੀ ਗੌਰੀ ਸ਼ੰਕਰ ਮੰਦਰ ਰੋਡ ਨੂੰ ਗਾਰਡਰ ਲਾ ਕੇ ਬੰਦ ਕਰਨ ਦੇ ਵਿਵਾਦ ’ਚ ਦੋਵਾਂ ਧਿਰਾਂ ਵਿਚਕਾਰ ਰਾਹ ਛੱਡਣ ’ਤੇ ਸਹਿਮਤੀ ਬਣ ਗਈ ਹੈ। ਮੀਟਿੰਗ ’ਚ ਇਹ ਫੈਸਲਾ ਕੀਤਾ ਗਿਆ ਕਿ ਗੱਡੀਆਂ ਦੇ ਆਉਣ-ਜਾਣ ਲਈ 12 ਫੁੱਟ ਰਸਤਾ ਛੱਡਿਆ ਜਾਵੇਗਾ। ਇਹ ਫੈਸਲਾ ਸ਼ੁੱਕਰਵਾਰ ਸ਼ਾਮ ਨੂੰ ਸਾਰੀਆਂ ਧਿਰਾਂ ਦੀ ਬੈਠਕ ’ਚ ਲਿਆ ਗਿਆ। ਚਾਰ ਦਿਨਾਂ ਤੋਂ ਇਸ ਨੂੰ ਲੈ ਕੇ ਵਿਵਾਦ ਚੱਲ ਰਿਹਾ ਸੀ ਤੇ ਪੂਰਾ ਇਲਾਕਾ ਦੋ ਹਿੱਸਿਆਂ ’ਚ ਵੰਡਿਆ ਹੋਇਆ ਸੀ। ਗਾਰਡਰ ਲਾਉਣ ਨਾਲ ਆ ਰਹੀ ਮੁਸ਼ਕਲਾਂ ਕਾਰਨ ਦੁਕਾਨਦਾਰਾਂ, ਇਲਾਕੇ ਦੇ ਨਿਵਾਸੀਆਂ ਤੇ ਸ਼੍ਰੀ ਗੌਰੀ ਸ਼ੰਕਰ ਮੰਦਰ ਕਮੇਟੀ ਦੇ ਅਹੁਦੇਦਾਰਾਂ ਨੇ ਗਾਰਡਰ ਲਾਉਣ ਵਾਲੀ ਗੁਰੂ ਅਮਰਦਾਸ ਨਗਰ ਵਸਨੀਕ ਸੁਸਾਇਟੀ ਦੇ ਅਹੁਦੇਦਾਰਾਂ ਨਾਲ ਤਿੰਨ ਵਾਰੀ ਮੀਟਿੰਗ ਕੀਤੀ ਤੇ ਸ਼ੁੱਕਰਵਾਰ ਨੂੰ ਇਸ ਸਮੱਸਿਆ ਦਾ ਕਾਫੀ ਹੱਦ ਤੱਕ ਹੱਲ ਨਿਕਲ ਆਇਆ ਹੈ।
ਪਹਿਲਾਂ ਗਾਰਡਰ ਲਾਉਣ ਵਾਲੀ ਗੁਰੂ ਅਮਰਦਾਸ ਨਗਰ ਵਸਨੀਕ ਸੁਸਾਇਟੀ ਇਸ ਗੱਲ ’ਤੇ ਅੜੀ ਹੋਈ ਸੀ ਕਿ ਉਹ ਸਿਰਫ ਦੋ ਗਾਰਡਰ ਹਟਾਉਣਗੇ, ਜਦਕਿ ਮੰਦਰ ਕਮੇਟੀ ਤਿੰਨ ਗਾਰਡਰ ਹਟਾਉਣ ਦੀ ਮੰਗ ਕਰ ਰਹੀ ਸੀ। ਇਸ ਕਾਰਨ ਵੀਰਵਾਰ ਨੂੰ ਵੀ ਲੰਬੀ ਮੀਟਿੰਗ ਹੋਣ ਦੇ ਬਾਵਜੂਦ ਕੋਈ ਹੱਲ ਨਹੀਂ ਨਿਕਲਿਆ ਸੀ। ਮੰਦਰ ਕਮੇਟੀ ਨੇ ਗਾਰਡਰ ਹਟਾਉਣ ਦੇ ਹੱਕ ’ਚ ਕਾਲੋਨੀ ਦੇ ਨਿਵਾਸੀਆਂ ਤੇ ਦੁਕਾਨਦਾਰਾਂ ਤੋਂ ਦਸਤਖ਼ਤ ਮੁਹਿੰਮ ਵੀ ਸ਼ੁਰੂ ਕਰ ਦਿੱਤੀ ਸੀ। ਵੱਡੀ ਗਿਣਤੀ ’ਚ ਲੋਕ ਗਾਰਡਰ ਹਟਾਉਣ ਦੇ ਹੱਕ ’ਚ ਸਨ। ਇਸ ਕਾਰਨ ਸ਼ੁੱਕਰਵਾਰ ਸ਼ਾਮ ਨੂੰ ਹੀ ਮੀਟਿੰਗ ’ਚ ਇਹ ਫੈਸਲਾ ਹੋਇਆ ਕਿ ਹੁਣ ਕਾਲੋਨੀ ਲਈ ਲਗਪਗ 12 ਫੁੱਟ ਦਾ ਰਸਤਾ ਦਿੱਤਾ ਜਾਵੇਗਾ।