ਜਾਗਰਣ ਸੰਵਾਦਦਾਤਾ, ਜਲੰਧਰ :

ਜਾਗਰਣ ਸੰਵਾਦਦਾਤਾ, ਜਲੰਧਰ : ਜਲੰਧਰ ਵੈਸਟ ਵਿਧਾਨ ਸਭਾ ਇਲਾਕੇ ’ਚ ਕਾਨੂੰਨ ਵਿਵਸਥਾ ਤੇ ਮੁੱਢਲੀਆਂ ਸਹਲੂਤਾਂ ਦੀ ਘਾਟ ਨੂੰ ਲੈ ਕੇ ਕਾਂਗਰਸੀਆਂ ਨੇ ਪੰਜਾਬ ਸਰਕਾਰ ਖ਼ਿਲਾਫ਼ ਪ੍ਰਦਰਸ਼ਨ ਕੀਤਾ। ਵੈਸਟ ਹਲਕੇ ਦੀ ਇੰਚਾਰਜ ਸੁਰਿੰਦਰ ਕੌਰ ਦੇ ਅਗਵਾਈ ’ਚ ਪਾਰਟੀ ਅਹੁਦੇਦਾਰਾਂ ਤੇ ਵਰਕਰਾਂ ਨੇ 120 ਫੁੱਟੀ ਰੋਡ 'ਤੇ ਸਥਿਤ ਬਾਬੂ ਜਗਜੀਵਨ ਰਾਮ ਚੌਕ ’ਚ ਪੰਜਾਬ ਸਰਕਾਰ ਤੇ ਨਗਰ ਨਿਗਮ ਖ਼ਿਲਾਫ਼ ਨਾਅਰੇਬਾਜ਼ੀ ਕੀਤੀ ਤੇ ਸਰਕਾਰ ਦਾ ਪੁਤਲਾ ਫੂਕਿਆ। ਸੰਬੋਧਨ ਕਰਦਿਆਂ ਹਲਕੇ ਦੀ ਇੰਚਾਰਜ ਤੇ ਸਾਬਕਾ ਸੀਨੀਅਰ ਡਿਪਟੀ ਮੇਅਰ ਸੁਰਿੰਦਰ ਕੌਰ ਨੇ ਕਿਹਾ ਕਿ ਵੈਸਟ ਵਿਧਾਨ ਸਭਾ ਇਲਾਕੇ ’ਚ ਅਪਰਾਧਿਕ ਸਰਗਰਮੀਆਂ 'ਤੇ ਰੋਕ ਨਹੀਂ ਲੱਗ ਰਹੀ। ਉਨ੍ਹਾਂ ਨੇ ਕਿਹਾ ਕਿ ਪੂਰੇ ਇਲਾਕੇ ਦੇ ਹਾਲਾਤ ਕਾਫੀ ਖਰਾਬ ਹਨ ਤੇ ਅਪਰਾਧੀਆਂ ਦਾ ਹੌਸਲਾ ਬੁਲੰਦ ਹੈ। ਉਨ੍ਹਾਂ ਨੇ ਦੱਸਿਆ ਕਿ ਪਿਛਲੇ ਸਮੇਂ ਦੌਰਾਨ ਹੱਤਿਆ, ਲੁੱਟ-ਖੋਹ, ਚੋਰੀ ਦੀਆਂ ਅਣਗਿਣਤ ਵਾਰਦਾਤਾਂ ਹੋਈਆਂ ਹਨ ਪਰ ਪੁਲਿਸ ਕਿਸੇ ਵੀ ਮਾਮਲੇ ਨੂੰ ਨਾ ਤਾਂ ਹੱਲ ਕਰ ਸਕੀ ਹੈ ਤੇ ਨਾ ਹੀ ਇਨ੍ਹਾਂ ਘਟਨਾਵਾਂ ਨੂੰ ਰੋਕ ਸਕੀ ਹੈ। ਉਨ੍ਹਾਂ ਨੇ ਕਿਹਾ ਕਿ ਪੂਰੇ ਪੰਜਾਬ ਵਿਚ ਕਾਨੂੰਨ ਵਿਵਸਥਾ ਦੇ ਹਾਲਾਤ ਵਿਗੜੇ ਹੋਏ ਹੈ ਤੇ ਸਰਕਾਰ ਪੂਰੀ ਤਰ੍ਹਾਂ ਫੇਲ੍ਹ ਹੋ ਰਹੀ ਹੈ।
ਸੁਰਿੰਦਰ ਕੌਰ ਨੇ ਕਿਹਾ ਕਿ ਵੈਸਟ ਵਿਧਾਨ ਸਭਾ ਇਲਾਕੇ ’ਚ ਨਸ਼ੇ ਅਤੇ ਸ਼ਰਾਬ ਵਿਕਣ ਕਾਰਨ ਲੋਕ ਪਰੇਸ਼ਾਨ ਹਨ। ਨਸ਼ਿਆਂ ਕਾਰਨ ਕਈ ਪਰਿਵਾਰ ਆਪਣੇ ਬੱਚਿਆਂ ਨੂੰ ਗੁਆ ਚੁੱਕੇ ਹਨ। ਲੋਕ ਆਪਣੀ ਖ਼ੂਨ ਪਸੀਨੇ ਦੀ ਕਮਾਈ ਲਾਟਰੀ, ਦੱੜੇ-ਸੱਟੇ ’ਚ ਗੁਆ ਰਹੇ ਹਨ। ਲੁਟੇਰਿਆਂ ਦੇ ਹੌਸਲੇ ਇੰਨੇ ਬੁਲੰਦ ਹਨ ਕਿ ਉਹ ਦਿਨ ਦੇ ਸਮੇਂ ਹੀ ਵਾਰਦਾਤਾਂ ਨੂੰ ਅੰਜਾਮ ਦੇ ਰਹੇ ਹਨ ਤੇ ਲੋਕਾਂ ਘਰਾਂ ’ਚ ਵੀ ਸੁਰੱਖਿਅਤ ਨਹੀਂ। ਪ੍ਰਦਰਸ਼ਨ ’ਚ ਬਲਾਕ ਪ੍ਰਧਾਨ ਰਚਪਾਲ ਜੱਖੂ, ਹਰਮੀਤ ਸਿੰਘ, ਸਤਪਾਲ ਰਾਏ, ਵਿਕਰਮ ਸ਼ਰਮਾ, ਅਵਤਾਰ ਵਿਰਦੀ, ਮੁਨੀਸ਼ ਪਾਹਵਾ, ਜਗਦੀਪ ਸਿੰਘ ਸੰਧਰ, ਅਨਿਲ ਗਿੱਲ, ਨਵਦੀਪ ਜਰੇਵਾਲ, ਪਰਮਜੀਤ ਗੋਲਡੀ, ਪਾਰਸ਼ਦ ਨਿਰਮਲ ਕੁਮਾਰ, ਦੀਪਕ ਯਾਦਵ, ਸਾਹਿਲ ਸਹਦੇਵ, ਲੱਕੀ ਖਾਲਸਾ, ਬ੍ਰਹਮਦੇਵ ਸਹੋਤਾ, ਸੰਜੀਵ ਦੁਆ, ਵਿਪਨ ਕੁਮਾਰ, ਡਾ. ਧੀਮਾਨ, ਅਰੁਣ ਰਤਨ, ਵਰਿੰਦਰ ਕਾਲੀ, ਸੁਰੇਸ਼ ਪਾਲ, ਕਮਲ ਕਾਂਸ਼ੀ ਨਗਰ, ਪ੍ਰੇਮ ਪਾਲ ਡੋਮੇਲੀ ਤੇ ਅਤੁਲ ਚੱਡਾ ਮੌਜੂਦ ਰਹੇ।
---
ਕਈ ਇਲਾਕਿਆਂ ’ਚ ਸੀਵਰੇਜ ਜਾਮ ਤੇ ਸੜਕਾਂ ਟੁੱਟੀਆਂ : ਸੁਰਿੰਦਰ ਕੌਰ
ਕਾਂਗਰਸੀ ਆਗੂ ਸੁਰਿੰਦਰ ਕੌਰ ਨੇ ਕਿਹਾ ਕਿ ਹਲਕੇ ਦੀਆਂ ਕਈ ਸੜਕਾਂ ਦੀ ਹਾਲਤ ਬਹੁਤ ਹੀ ਖਰਾਬ ਹੈ ਤੇ ਵਾਰ-ਵਾਰ ਧਰਨਿਆਂ ਦੇ ਬਾਵਜੂਦ ਨਗਰ ਨਿਗਮ ਇਨ੍ਹਾਂ ਨੂੰ ਬਣਾਉਣ ਲਈ ਕੋਈ ਕਦਮ ਨਹੀਂ ਉਠਾ ਰਿਹਾ। ਵੈਸਟ ਹਲਕੇ ਵਿਚ ਕਈ ਇਲਾਕੇ ਸੀਵਰੇਜ ਸਮੱਸਿਆ ਤੋਂ ਪੀੜਤ ਹਨ ਤੇ ਇਨ੍ਹਾਂ ਦਾ ਕੋਈ ਹੱਲ ਨਹੀਂ ਹੋ ਰਿਹਾ। ਖਾਸ ਤੌਰ ’ਤੇ 120 ਫੁੱਟੀ ਰੋਡ, ਜਿੱਥੇ ਸੀਵਰੇਜ ਜਾਮ ਹੋਣ ਕਾਰਨ ਲੋਕ ਡਾਢੇ ਪਰੇਸ਼ਾਨ ਹਨ। 120 ਫੁੱਟ ਰੋਡ 'ਤੇ ਲੱਗਣ ਵਾਲੀ ਮੰਡੀ ਤੇ ਛੋਟੇ ਦੁਕਾਨਦਾਰਾਂ ਦਾ ਕੰਮ ਵੀ ਸੀਵਰੇਜ ਪ੍ਰਬੰਧ ਠੀਕ ਨਾ ਹੋਣ ਕਾਰਨ ਪ੍ਰਭਾਵਿਤ ਹੋ ਰਿਹਾ ਹੈ। ਇਸ ਤੋਂ ਇਲਾਵਾ ਬਸਤੀਆਂ ’ਚ ਕਈ ਥਾਵਾਂ ਸੀਵਰੇਜ ਜਾਮ ਹੈ। ਇਸ ਕਾਰਨ ਕਈ ਥਾਈਂ ਦੂਸ਼ਿਤ ਪਾਣੀ ਦੀ ਸਪਲਾਈ ਵੀ ਹੋ ਰਹੀ ਹੈ। ਉਨ੍ਹਾਂ ਨੇ ਕਿਹਾ ਕਿ ਵੈਸਟ ਵਿਧਾਨ ਸਭਾ ਖੇਤਰ ਦੇ ਵਿਧਾਇਕ ਪੰਜਾਬ ਸਰਕਾਰ ’ਚ ਕੈਬਨਿਟ ਮੰਤਰੀ ਹਨ ਪਰ ਹਲਕੇ ਦੇ ਵਿਕਾਸ ਲਈ ਕੋਈ ਕੰਮ ਨਹੀਂ ਕਰਵਾ ਰਹੇ। ਇੱਥੋ ਤੱਕ ਕਿ ਲੋਕਾਂ ਨੂੰ ਮੁੱਢਲੀਆਂ ਸਹੂਲਤਾ ਲਈ ਤਰਸ ਰਹੇ ਹਨ।