ਕਾਨੂੰਨ-ਵਿਵਸਥਾ ਤੇ ਮਨਰੇਗਾ ਨੂੰ ਮੁੱਦਾ ਬਣਾਏਗੀ ਕਾਂਗਰਸ, ਵਿਧਾਨ ਸਭਾ ਚੋਣਾਂ ਦੀ ਤਿਆਰੀ ਸ਼ੁਰੂ
ਕਾਨੂੰਨ-ਵਿਵਸਥਾ ਤੇ ਮਨਰੇਗਾ ਨੂੰ ਮੁੱਦਾ ਬਣਾਏਗੀ ਕਾਂਗਰਸ, ਵਿਧਾਨ ਸਭਾ ਚੋਣਾਂ ਦੀ ਤਿਆਰੀ ਹੁਣੋਂ ਹੀ ਸ਼ੁਰੂ
Publish Date: Sun, 08 Feb 2026 07:44 PM (IST)
Updated Date: Mon, 09 Feb 2026 04:09 AM (IST)

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਜਲੰਧਰ : ਪੰਜਾਬ ਕਾਂਗਰਸ ਦੇ ਕੇਂਦਰੀ ਸਹਿ-ਇੰਚਾਰਜ ਰਵਿੰਦਰ ਦਲਵੀ ਨੇ ਐਤਵਾਰ ਨੂੰ ਪਾਰਟੀ ਆਗੂਆਂ ਨੂੰ ਨਿਰਦੇਸ਼ ਦਿੱਤੇ ਕਿ ਵਿਧਾਨ ਸਭਾ ਚੋਣਾਂ ਨੂੰ ਧਿਆਨ ’ਚ ਰੱਖਦਿਆਂ ਹੁਣ ਤੋਂ ਹੀ ਤਿਆਰੀ ਸ਼ੁਰੂ ਕੀਤੀ ਜਾਵੇ। ਕਾਂਗਰਸ ਭਵਨ ਪਹੁੰਚੇ ਦਲਵੀ ਨਾਲ ਪੰਜਾਬ ਦੀ ਸਿਆਸੀ ਸਥਿਤੀ, ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਤੇ ਸੰਗਠਨ ਦੀ ਮਜ਼ਬੂਤੀ ਨੂੰ ਲੈ ਕੇ ਚਰਚਾ ਹੋਈ। ਸਹਿ-ਇੰਚਾਰਜ ਨੇ ਪਹਿਲਾਂ ਪਾਰਟੀ ਆਗੂਆਂ ਨਾਲ ਖੁੱਲ੍ਹੀ ਚਰਚਾ ਕੀਤੀ ਤੇ ਉਸ ਤੋਂ ਬਾਅਦ ਵਿਧਾਇਕਾਂ, ਹਲਕਾ ਇੰਚਾਰਜਾਂ, ਜ਼ਿਲ੍ਹਾ ਪ੍ਰਧਾਨਾਂ ਤੇ ਬਲਾਕ ਪ੍ਰਧਾਨਾਂ ਨਾਲ ਵੱਖ-ਵੱਖ ਮੀਟਿੰਗਾਂ ਕੀਤੀਆਂ। ਰਵਿੰਦਰ ਦਲਵੀ ਨੇ ਸੰਗਠਨ ਦੀ ਮਜ਼ਬੂਤੀ ’ਤੇ ਜ਼ੋਰ ਦਿੱਤਾ। ਉਨ੍ਹਾਂ ਨਿਰਦੇਸ਼ ਦਿੱਤੇ ਕਿ ਮਨਰੇਗਾ ਸਕੀਮ ’ਚ ਕੀਤੇ ਗਏ ਬਦਲਾਅ ਤੇ ਰਾਜ ’ਚ ਕਾਨੂੰਨ-ਵਿਵਸਥਾ ਦੀ ਸਥਿਤੀ ਨੂੰ ਲੈ ਕੇ ਸਰਕਾਰ ਖ਼ਿਲਾਫ਼ ਮੋਰਚਾ ਖੋਲ੍ਹਿਆ ਜਾਵੇ। ਸਹਿ-ਇੰਚਾਰਜ ਨੇ ਕਿਹਾ ਕਿ ਦੇਹਾਤੀ ਖੇਤਰਾਂ ’ਚ ਮਨਰੇਗਾ ਇਕ ਵੱਡਾ ਮੁੱਦਾ ਹੈ ਤੇ ਇਸ ਨਾਲ ਹਰ ਪਿੰਡ ’ਚ ਵੱਡੀ ਗਿਣਤੀ ’ਚ ਲੋਕ ਪ੍ਰਭਾਵਿਤ ਹੋਏ ਹਨ। ਉਨ੍ਹਾਂ ਜ਼ਿਲ੍ਹਾ ਕਾਂਗਰਸ ਪ੍ਰਧਾਨਾਂ, ਵਿਧਾਇਕਾਂ ਤੇ ਹਲਕਾ ਇੰਚਾਰਜਾਂ ਨੂੰ ਕਿਹਾ ਕਿ ਇਸੇ ਮਹੀਨੇ ਇਕ ਵੱਡੀ ਰੈਲੀ ਦੀ ਤਿਆਰੀ ਕੀਤੀ ਜਾਵੇ। ਦਲਵੀ ਨੇ ਕਿਹਾ ਕਿ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਹੁਣ ਤੋਂ ਹੀ ਅਭਿਆਨ ਚਲਾਉਣ ਦੀ ਲੋੜ ਹੈ। ਜਿਹੜੇ ਨੇਤਾ ਚੋਣ ਲੜਨ ਦੀ ਸੰਭਾਵਨਾ ਰੱਖਦੇ ਹਨ, ਉਹ ਆਪਣੀ ਸਰਗਰਮੀ ਹੋਰ ਤੇਜ਼ ਕਰਨ। ਆਖ਼ਰੀ ਸਮੇਂ ਤੱਕ ਇੰਤਜ਼ਾਰ ਨਹੀਂ ਕੀਤਾ ਜਾਣਾ ਚਾਹੀਦਾ। ਉਨ੍ਹਾਂ ਕਿਹਾ ਕਿ ਜ਼ਿਲ੍ਹਾ ਪੱਧਰ ’ਤੇ ਹਰ ਮਹੀਨੇ ਮੀਟਿੰਗਾਂ ਹੋਣਗੀਆਂ ਤੇ ਉਹ ਖੁਦ ਹਰ ਜ਼ਿਲ੍ਹੇ ਦੇ ਕੰਮ ਦੀ ਸਮੀਖਿਆ ਕਰਨਗੇ। ਕਾਂਗਰਸ ਭਵਨ ’ਚ ਹੋਏ ਪ੍ਰੋਗਰਾਮ ’ਚ ਆਲ ਇੰਡੀਆ ਕਾਂਗਰਸ ਕਮੇਟੀ ਦੇ ਸਕੱਤਰ ਤੇ ਵਿਧਾਇਕ ਪਰਗਟ ਸਿੰਘ, ਵਿਧਾਇਕ ਅਵਤਾਰ ਸਿੰਘ ਜੂਨੀਅਰ ਬਾਵਾ ਹੈਨਰੀ, ਸ਼ਹਿਰੀ ਜ਼ਿਲ੍ਹਾ ਕਾਂਗਰਸ ਪ੍ਰਧਾਨ ਰਜਿੰਦਰ ਬੇਰੀ, ਦੇਹਾਤੀ ਇਕਾਈ ਦੇ ਪ੍ਰਧਾਨ ਤੇ ਵਿਧਾਇਕ ਹਰਦੇਵ ਸਿੰਘ ਲਾਡੀ ਸ਼ੇਰੋਵਾਲੀਆ, ਵਿਧਾਇਕ ਸੁਖਵਿੰਦਰ ਸਿੰਘ ਕੋਟਲੀ, ਵਿਕਰਮਜੀਤ ਸਿੰਘ ਚੌਧਰੀ, ਜਲੰਧਰ ਵੈਸਟ ਦੀ ਹਲਕਾ ਇੰਚਾਰਜ ਸੁਰਿੰਦਰ ਕੌਰ, ਕਰਤਾਰਪੁਰ ਦੇ ਇੰਚਾਰਜ ਰਜਿੰਦਰ ਸਿੰਘ ਹਲਕਾ, ਸਾਬਕਾ ਵਿਧਾਇਕ ਚੌਧਰੀ ਸੁਰਿੰਦਰ ਸਿੰਘ, ਨਕੋਦਰ ਦੇ ਇੰਚਾਰਜ ਨਵਜੋਤ ਸਿੰਘ ਦਹੀਆ, ਪਾਰਸ਼ਦ ਪਵਨ ਕੁਮਾਰ ਤੇ ਕਈ ਹੋਰ ਪਦਾਧਿਕਾਰੀ ਮੌਜੂਦ ਰਹੇ। ------------------------- ਸੰਗਠਨ ਦੀ ਮਜ਼ਬੂਤੀ ’ਤੇ ਜ਼ੋਰ, ਖ਼ਰਾਬ ਕਾਰਗੁਜ਼ਾਰੀ ਵਾਲੇ ਬਲਾਕ ਪ੍ਰਧਾਨ ਹਟਾਉਣ ਦੇ ਨਿਰਦੇਸ਼ ਸਹਿ-ਇੰਚਾਰਜ ਰਵਿੰਦਰ ਦਲਵੀ ਨੇ ਪਾਰਟੀ ਦੇ ਵਿਧਾਇਕਾਂ, ਹਲਕਾ ਇੰਚਾਰਜਾਂ ਤੇ ਬਲਾਕ ਪ੍ਰਧਾਨਾਂ ਨਾਲ ਮੀਟਿੰਗ ਕੀਤੀ। ਬਲਾਕ ਪ੍ਰਧਾਨਾਂ ਨੂੰ ਆਪਣੇ-ਆਪਣੇ ਇਲਾਕਿਆਂ ’ਚ ਨਵੀਆਂ ਟੀਮਾਂ ਬਣਾਉਣ ਦੇ ਨਿਰਦੇਸ਼ ਦਿੱਤੇ ਗਏ। ਦੇਹਾਤੀ ਜ਼ਿਲ੍ਹਾ ਪ੍ਰਧਾਨ ਹਰਦੇਵ ਸਿੰਘ ਲਾਡੀ ਸ਼ੇਰੋਵਾਲੀਆ ਤੇ ਸ਼ਹਿਰੀ ਜ਼ਿਲ੍ਹਾ ਪ੍ਰਧਾਨ ਰਜਿੰਦਰ ਬੇਰੀ ਨੂੰ ਵੀ ਆਪਣੀਆਂ ਟੀਮਾਂ ਬਣਾਉਣ ਦੀ ਤਿਆਰੀ ਕਰਨ ਲਈ ਕਿਹਾ ਗਿਆ। ਨਾਲ ਹੀ ਜਿਹੜੇ ਬਲਾਕ ਪ੍ਰਧਾਨ ਠੀਕ ਤਰ੍ਹਾਂ ਕੰਮ ਨਹੀਂ ਕਰ ਰਹੇ, ਉਨ੍ਹਾਂ ਨੂੰ ਬਦਲਣ ਦੇ ਨਿਰਦੇਸ਼ ਦਿੱਤੇ ਗਏ। ਮੀਟਿੰਗ ’ਚ ਬੂਥ ਲੈਵਲ ਏਜੰਟਾਂ ਨੂੰ ਵੀ ਬੁਲਾਇਆ ਗਿਆ ਤੇ ਉਨ੍ਹਾਂ ਤੋਂ ਫੀਡਬੈਕ ਲਿਆ ਗਿਆ। ਸਹ-ਇੰਚਾਰਜ ਨੇ ਨਿਰਦੇਸ਼ ਦਿੱਤੇ ਕਿ ਜਿਨ੍ਹਾਂ ਵਿਧਾਨ ਸਭਾ ਹਲਕਿਆਂ ’ਚ ਹਾਲੇ ਤੱਕ ਬੂਥ ਲੈਵਲ ਏਜੰਟ ਨਹੀਂ ਬਣੇ, ਉੱਥੇ ਤੁਰੰਤ ਨਿਯੁਕਤੀ ਕੀਤੀ ਜਾਵੇ। ਉਨ੍ਹਾਂ ਕਿਹਾ ਕਿ ਜੇ ਸੰਗਠਨ ਮਜ਼ਬੂਤ ਹੋਵੇਗਾ ਤਾਂ ਚੋਣਾਂ ’ਚ ਪ੍ਰਦਰਸ਼ਨ ਹੋਰ ਬਿਹਤਰ ਹੋਵੇਗਾ। ਦਲਵੀ ਨੇ ਜ਼ੋਰ ਦਿੱਤਾ ਕਿ ਪੰਜਾਬ ਪ੍ਰਦੇਸ਼ ਦੇ ਪਾਰਟੀ ਪ੍ਰੋਗਰਾਮਾਂ ਨੂੰ ਲਾਗੂ ਕਰਨਾ ਬਹੁਤ ਜ਼ਰੂਰੀ ਹੈ। ਇਸ ’ਚ ਲਾਪਰਵਾਹੀ ਕਰਨ ਵਾਲੇ ਬਲਾਕ ਤੇ ਜ਼ਿਲ੍ਹਾ ਪ੍ਰਧਾਨਾਂ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇਗੀ। ਜਲਦੀ ਹੀ ਪੰਜਾਬ ਕਾਂਗਰਸ ਵੱਲੋਂ ਬੂਥ, ਬਲਾਕ ਤੇ ਜ਼ਿਲ੍ਹਾ ਪੱਧਰ ਦੇ ਪ੍ਰੋਗਰਾਮ ਜਾਰੀ ਕੀਤੇ ਜਾਣਗੇ। ---------------------------- ਦੇਹਾਤੀ ਇਕਾਈ ’ਚ ਸਭ ਠੀਕ ਨਹੀਂ, ਦਲਵੀ ਤੱਕ ਪਹੁੰਚੀਆਂ ਸ਼ਿਕਾਇਤਾਂ ਕਾਂਗਰਸ ਦੀ ਜਲੰਧਰ ਦੇਹਾਤੀ ਇਕਾਈ ’ਚ ਸਭ ਕੁਝ ਠੀਕ ਨਹੀਂ ਦਿਖਾਈ ਦੇ ਰਿਹਾ। ਇਸ ਕਾਰਨ ਦੇਹਾਤੀ ਇਕਾਈ ਦੇ ਕਈ ਨੇਤਾ ਮੀਟਿੰਗ ’ਚ ਗੈਰਹਾਜ਼ਰ ਰਹੇ। ਕੁਝ ਨੇਤਾਵਾਂ ਨੂੰ ਪ੍ਰੋਗਰਾਮ ਦੀ ਸੂਚਨਾ ਨਹੀਂ ਦਿੱਤੀ ਗਈ, ਜਦਕਿ ਕੁਝ ਨੇਤਾ ਨਾਰਾਜ਼ਗੀ ਦੇ ਚਲਦੇ ਨਹੀਂ ਆਏ। ਜਾਣਕਾਰੀ ਅਨੁਸਾਰ, ਦੇਹਾਤੀ ਇਕਾਈ ਦੇ ਕੁਝ ਨਾਰਾਜ਼ ਨੇਤਾਵਾਂ ਨੇ ਇਸ ਮਾਮਲੇ ’ਚ ਪੰਜਾਬ ਕਾਂਗਰਸ ਦੇ ਸਹ-ਇੰਚਾਰਜ ਰਵਿੰਦਰ ਦਲਵੀ ਨਾਲ ਫ਼ੋਨ ’ਤੇ ਗੱਲਬਾਤ ਕੀਤੀ ਤੇ ਸੰਗਠਨ ’ਚ ਕੁਝ ਨੇਤਾਵਾਂ ਨੂੰ ਅਲੱਗ-ਥਲੱਗ ਕਰਨ ਲਈ ਹੋ ਰਹੀ ਸਾਜ਼ਿਸ਼ ਬਾਰੇ ਦੱਸਿਆ। ਸਹ-ਇੰਚਾਰਜ ਨੇ ਇਨ੍ਹਾਂ ਨੇਤਾਵਾਂ ਨੂੰ ਭਰੋਸਾ ਦਿਵਾਇਆ ਕਿ ਪਾਰਟੀ ’ਚ ਸਭ ਕੁਝ ਠੀਕ ਕੀਤਾ ਜਾਵੇਗਾ ਤੇ ਇਸ ਮਾਮਲੇ ’ਤੇ ਚਰਚਾ ਵੀ ਕੀਤੀ ਜਾਵੇਗੀ।