ਸਵਰਗੀ ਐੱਮਪੀ ਚੌਧਰੀ ਸੰਤੋਖ ਸਿੰਘ ਦੀ ਤੀਜੀ ਬਰਸੀ ’ਤੇ ਕਾਂਗਰਸੀਆਂ ਵੱਲੋਂ ਸ਼ਰਧਾਂਜਲੀ
ਸਵਰਗੀ ਸੰਸਦ ਮੈਂਬਰ ਚੌਧਰੀ ਸੰਤੋਖ ਸਿੰਘ ਦੀ ਤੀਜੀ ਬਰਸੀ ’ਤੇ ਕਾਂਗਰਸ ਆਗੂਆਂ ਵੱਲੋਂ ਸ਼ਰਧਾਂਜਲੀ
Publish Date: Thu, 15 Jan 2026 10:19 PM (IST)
Updated Date: Fri, 16 Jan 2026 04:12 AM (IST)

- ਚੌਧਰੀ ਪਰਿਵਾਰ ਕਾਂਗਰਸ ਪਾਰਟੀ ਦਾ ਮਜ਼ਬੂਤ ਥੰਮ ਹੈ : ਪ੍ਰਤਾਪ ਬਾਜਵਾ - ਪਿਤਾ ਦੇ ਸੁਪਨਿਆਂ ਨੂੰ ਸਾਕਾਰ ਕਰਨ ਲਈ ਹਲਕੇ ਤੇ ਸਮਾਜ ਦੀ ਭਲਾਈ ਲਈ ਲਗਾਤਾਰ ਸਮਰਪਿਤ ਰਹਾਂਗੇ : ਵਿਧਾਇਕ ਵਿਕਰਮਜੀਤ ਚੌਧਰੀ ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਜਲੰਧਰ : ਅੱਜ ਸਾਬਕਾ ਸੰਸਦ ਮੈਂਬਰ ਚੌਧਰੀ ਸੰਤੋਖ ਸਿੰਘ ਦੀ ਤੀਜੀ ਬਰਸੀ ਮੌਕੇ ਉਨ੍ਹਾਂ ਨੂੰ ਡੂੰਘੇ ਸਨਮਾਨ ਤੇ ਭਾਵੁਕਤਾ ਨਾਲ ਯਾਦ ਕੀਤਾ ਗਿਆ। ਉਨ੍ਹਾਂ ਦੇ ਗ੍ਰਹਿ ਸਥਾਨ ’ਤੇ ਕਰਵਾਏ ਸਮਾਗਮ ਦੌਰਾਨ ਕਾਂਗਰਸ ਦੇ ਵਿਧਾਇਕਾਂ, ਸੀਨੀਅਰ ਆਗੂਆਂ ਤੇ ਵੱਡੀ ਗਿਣਤੀ ’ਚ ਪਾਰਟੀ ਵਰਕਰਾਂ ਨੇ ਪਹੁੰਚ ਕੇ ਉਨ੍ਹਾਂ ਨੂੰ ਸ਼ਰਧਾਂਜਲੀ ਭੇਟ ਕੀਤੀ। ਸ਼ਰਧਾਂਜਲੀ ਭੇਟ ਕਰਦੇ ਹੋਏ ਪੰਜਾਬ ਵਿਧਾਨ ਸਭਾ ’ਚ ਵਿਰੋਧੀ ਧਿਰ ਦੇ ਆਗੂ ਪ੍ਰਤਾਪ ਬਾਜਵਾ ਨੇ ਕਿਹਾ ਕਿ ਚੌਧਰੀ ਪਰਿਵਾਰ ਕਾਂਗਰਸ ਪਾਰਟੀ ਦਾ ਮਜ਼ਬੂਤ ਥੰਮ ਹੈ। ਦੇਸ਼ ਦੀ ਆਜ਼ਾਦੀ ਦੇ ਸਮੇਂ ਪੂਰਵ ਸੰਸਦ ਮੈਂਬਰ ਚੌਧਰੀ ਸੰਤੋਖ ਸਿੰਘ ਦੇ ਪਿਤਾ ਮਾਸਟਰ ਗੁਰਬੰਤਾ ਸਿੰਘ ਸਰਕਾਰ ’ਚ ਮੰਤਰੀ ਰਹੇ। ਇਸ ਤੋਂ ਬਾਅਦ ਉਨ੍ਹਾਂ ਦੀ ਵਿਰਾਸਤ ਨੂੰ ਚੌਧਰੀ ਸੰਤੋਖ ਸਿੰਘ ਨੇ ਅੱਗੇ ਵਧਾਇਆ। ਚੌਧਰੀ ਸੰਤੋਖ ਸਿੰਘ ਪੰਜਾਬ ਦੇ ਦੋਆਬਾ ਖੇਤਰ ਦੇ ਪ੍ਰਮੁੱਖ ਦਲਿਤ ਆਗੂ ਰਹੇ। ਬੇਅੰਤ ਸਿੰਘ ਦੀ ਸਰਕਾਰ ਤੋਂ ਲੈ ਕੇ ਹਰਚਰਨ ਸਿੰਘ ਬਰਾਡ਼, ਰਜਿੰਦਰ ਕੌਰ ਭੱਠਲ ਤੇ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਹੇਠ ਬਣੀਆਂ ਪੰਜਾਬ ਸਰਕਾਰਾਂ ’ਚ ਉਹ ਮੰਤਰੀ ਰਹੇ। ਸਾਲ 2014 ਤੇ 2019 ’ਚ ਉਹ ਜਲੰਧਰ ਤੋਂ ਦੋ ਵਾਰ ਸੰਸਦ ਮੈਂਬਰ ਚੁਣੇ ਗਏ। ਰਾਹੁਲ ਗਾਂਧੀ ਦੀ ‘ਭਾਰਤ ਜੋੜੋ ਯਾਤਰਾ’ ਦੌਰਾਨ ਉਹ ਰਾਹੁਲ ਗਾਂਧੀ ਨਾਲ ਪੈਦਲ ਚੱਲਦਿਆਂ ਆਪਣੀ ਆਖਰੀ ਸਾਹ ਤੱਕ ਪਾਰਟੀ ਲਈ ਨਿਛਾਵਰ ਕਰ ਗਏ। ਪ੍ਰਤਾਪ ਬਾਜਵਾ ਨੇ ਕਿਹਾ ਕਿ ਅੱਜ ਉਨ੍ਹਾਂ ਦੀ ਵਿਰਾਸਤ ਨੂੰ ਉਨ੍ਹਾਂ ਦੇ ਪੁੱਤਰ ਵਿਕਰਮ ਚੌਧਰੀ, ਜੋ ਕਿ ਫਿਲੌਰ ਤੋਂ ਵਿਧਾਇਕ ਹਨ, ਅੱਗੇ ਵਧਾ ਰਹੇ ਹਨ। ਇਸ ਮੌਕੇ ਉਨ੍ਹਾਂ ਕਿਹਾ ਕਿ ਪੰਜਾਬ ਦੇ ਹਾਲਾਤ ਬਹੁਤ ਹੀ ਖਰਾਬ ਹੋ ਚੁੱਕੇ ਹਨ। ਵਪਾਰੀਆਂ ਨੂੰ ਫਿਰੌਤੀਆਂ ਲਈ ਗੈਂਗਸਟਰਾਂ ਦੇ ਫ਼ੋਨ ਆ ਰਹੇ ਹਨ। ਰੋਜ਼ਾਨਾ ਗੈਂਗਸਟਰ ਸੁਨਿਆਰਿਆਂ ਦੀਆਂ ਦੁਕਾਨਾਂ ’ਚ ਦਾਖ਼ਲ ਹੋ ਕੇ ਲੁੱਟ-ਖੋਹ ਕਰ ਕੇ ਚਲੇ ਜਾਂਦੇ ਹਨ। ਉਨ੍ਹਾਂ ਕਿਹਾ ਕਿ ਅੱਜ ਪੰਜਾਬ ਦੇ ਲੋਕ ਆਪਣੀ ਜਾਨ ਤੇ ਜਾਇਦਾਦ ਦੀ ਸੁਰੱਖਿਆ ਨੂੰ ਲੈ ਕੇ ਡਰ ਦੇ ਮਾਹੌਲ ’ਚ ਜੀਅ ਰਹੇ ਹਨ, ਜੋ ਕਿ ਕਾਨੂੰਨ-ਵਿਵਸਥਾ ਦੀ ਗੰਭੀਰ ਨਾਕਾਮੀ ਨੂੰ ਦਰਸਾਉਂਦਾ ਹੈ। ਇਸ ਮੌਕੇ ਚੌਧਰੀ ਸੰਤੋਖ ਸਿੰਘ ਨੂੰ ਸ਼ਰਧਾਂਜਲੀ ਭੇਟ ਕਰਦੇ ਹੋਏ ਭੁੱਲੱਥ ਤੋਂ ਵਿਧਾਇਕ ਸੁਖਪਾਲ ਸਿੰਘ ਖੈਹਰਾ ਨੇ ਆਮ ਆਦਮੀ ਪਾਰਟੀ ਦੀ ਸਰਕਾਰ ’ਤੇ ਤਿੱਖਾ ਹਮਲਾ ਬੋਲਦਿਆਂ ਕਿਹਾ ਕਿ ਪੰਜਾਬ ’ਚ ਸਰਕਾਰ ਵੱਲੋਂ ‘ਯੁੱਧ ਨਸ਼ਿਆਂ ਵਿਰੁੱਧ’ ਜੋ ਮੁਹਿੰਮ ਚਲਾਈ ਗਈ ਹੈ, ਉਹ ਸਿਰਫ਼ ਪ੍ਰਚਾਰ ਤੇ ਇਸ਼ਤਿਹਾਰਬਾਜ਼ੀ ਤੱਕ ਹੀ ਸੀਮਿਤ ਹੈ, ਜਦਕਿ ਜ਼ਮੀਨੀ ਪੱਧਰ ’ਤੇ ਹਾਲਾਤ ਬਹੁਤ ਨਾਜ਼ੁਕ ਹੋ ਚੁੱਕੇ ਹਨ। ਉਨ੍ਹਾਂ ਦੋਸ਼ ਲਾਇਆ ਕਿ ਪੰਜਾਬ ਸਰਕਾਰ ਸੂਬੇ ਦੀ ਆਬੋ-ਹਵਾ ਨੂੰ ਤਬਾਹ ਕਰਨ ’ਤੇ ਤੁਲੀ ਹੋਈ ਹੈ। ਸਰਕਾਰ ਲੈਂਡ ਮਾਫੀਆ ਨਾਲ ਮਿਲੀਭੁਗਤ ਕਰ ਕੇ ਪੈਸੇ ਕਮਾਉਣ ਦੇ ਚੱਕਰ ’ਚ ਪੀਐੱਲਪੀਏ ਐਕਟ ਦੀ ਧਾਰਾ-4 ’ਚ ਤਬਦੀਲੀ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਸਰਕਾਰ ਦੋਹਾਂ ਹੱਥਾਂ ਨਾਲ ਪੰਜਾਬ ਨੂੰ ਲੁੱਟਣ ਜਾ ਰਹੀ ਹੈ। ਵਿਧਾਇਕ ਵਿਕਰਮਜੀਤ ਸਿੰਘ ਚੌਧਰੀ ਨੇ ਸਮਾਗਮ ’ਚ ਮੌਜੂਦ ਆਗੂਆਂ ਤੇ ਵਿਸ਼ੇਸ਼ ਤੌਰ ’ਤੇ ਹਲਕਾ ਫਿਲੌਰ ਦੇ ਲੋਕਾਂ ਦਾ ਧੰਨਵਾਦ ਕੀਤਾ। ਉਨ੍ਹਾਂ ਭਰੋਸਾ ਦਿਵਾਇਆ ਕਿ ਉਹ ਆਪਣੇ ਪਿਤਾ ਦੇ ਸੁਪਨਿਆਂ ਨੂੰ ਸਾਕਾਰ ਕਰਨ ਲਈ ਹਲਕੇ ਤੇ ਸਮਾਜ ਦੀ ਭਲਾਈ ਲਈ ਲਗਾਤਾਰ ਸਮਰਪਿਤ ਰਹਿਣਗੇ। ਇਸ ਤੋਂ ਪਹਿਲਾਂ ਵਿਕਰਮਜੀਤ ਸਿੰਘ ਚੌਧਰੀ ਨੇ ਪਰਿਵਾਰਕ ਮੈਂਬਰਾਂ ਸਮੇਤ ਪਿੰਡ ਧਾਲੀਵਾਲ ਕਾਡੀਆਂ, ਜਲੰਧਰ ’ਚ ਸਥਿਤ ਚੌਧਰੀ ਸੰਤੋਖ ਸਿੰਘ ਦੇ ਸਮਾਰਕ ’ਤੇ ਫੁੱਲਾਂ ਨਾਲ ਸ਼ਰਧਾਂਜਲੀ ਅਰਪਿਤ ਕੀਤੀ। ਇਸ ਮੌਕੇ ਵਿਧਾਇਕ ਹਰਦੇਵ ਸਿੰਘ ਲਾਡੀ, ਨਰੇਸ਼ ਪੁਰੀ ਵਿਧਾਇਕ, ਸੁਖਵਿੰਦਰ ਕੋਟਲੀ ਵਿਧਾਇਕ, ਰਾਜਿੰਦਰ ਬੇਰੀ ਪੂਰਵ ਵਿਧਾਇਕ, ਸ਼ੀਤਲ ਅੰਗੁਰਾਲ ਸਾਬਕਾ ਵਿਧਾਇਕ, ਰਾਜਪਾਲ ਅਟਵਾਲ, ਕਮਲ ਧਾਲੀਵਾਲ, ਤਜਿੰਦਰ ਸਿੰਘ ਬਿੱਟੂ, ਪਵਨ ਦੀਵਾਨ, ਡਾ. ਅਸ਼ਵਨੀ ਆਸ਼ੂ, ਦਵਿੰਦਰ ਸਿੰਘ ਲਸਾਡਾ ਬਲਾਕ ਪ੍ਰਧਾਨ ਫਿਲੌਰ, ਰਾਕੇਸ਼ ਦੁੱਗਲ, ਨਗਰ ਕੌਂਸਲ ਦੇ ਪ੍ਰਧਾਨ ਮਹਿੰਦਰ ਪਾਲ, ਦਰਸ਼ਨ ਸੈਂਹਬੀ, ਮਾਰਕੀਟ ਕਮੇਟੀ ਦੇ ਸਾਬਕਾ ਪ੍ਰਧਾਨ ਦਾਰਾ ਸਿੰਘ ਤੇ ਮੱਖਣ ਸਿੰਘ ਖਹਿਰਾ ਵੱਲੋਂ ਵੀ ਸ਼ਰਧਾਂਜਲੀ ਅਰਪਿਤ ਕੀਤੀ ਗਈ।