ਕਾਂਗਰਸੀ ਆਗੂ ਸ਼ੁਕਲਾ ਵੱਲੋਂ ਨਾਰੀ ਨਿਕੇਤਨ ਦਾ ਦੌਰਾ
ਕਾਂਗਰਸੀ ਆਗੂ ਰਾਜੀਵ ਸ਼ੁਕਲਾ ਵੱਲੋਂ ਦੂਜੀ ਵਾਰ ਨਾਰੀ ਨਿਕੇਤਨ ਜਲੰਧਰ ਦਾ ਦੌਰਾ, ਬੱਚਿਆਂ ਨੂੰ ਮਿਲ ਕੇ ਹੋਏ ਭਾਵੁਕ
Publish Date: Wed, 22 Apr 2026 10:24 PM (IST)
Updated Date: Wed, 22 Apr 2026 10:28 PM (IST)

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਜਲੰਧਰ : ਸੀਨੀਅਰ ਕਾਂਗਰਸੀ ਆਗੂ ਤੇ ਸੰਸਦ ਮੈਂਬਰ ਰਾਜੀਵ ਸ਼ੁਕਲਾ ਨੇ ਅੱਜ ਨਾਰੀ ਨਿਕੇਤਨ ਜਲੰਧਰ ਦਾ ਵਿਸ਼ੇਸ਼ ਦੌਰਾ ਕੀਤਾ। ਇਹ ਉਨ੍ਹਾਂ ਦਾ ਇਸ ਸੰਸਥਾ ’ਚ ਦੂਜਾ ਦੌਰਾ ਸੀ। ਦੌਰੇ ਦੌਰਾਨ ਉਨ੍ਹਾਂ ਨੇ ਬੱਚਿਆਂ ਨਾਲ ਮਿਲ ਕੇ ਗੱਲਬਾਤ ਕੀਤੀ ਤੇ ਉਨ੍ਹਾਂ ਦੀ ਭਲਾਈ ਲਈ ਕੀਤੇ ਜਾ ਰਹੇ ਉਪਰਾਲਿਆਂ ਦੀ ਸ਼ਲਾਘਾ ਕੀਤੀ। ਨਾਰੀ ਨਿਕੇਤਨ ਪੁੱਜਣ ’ਤੇ ਟਰੱਸਟ ਦੀ ਜਨਰਲ ਸਕੱਤਰ ਗੁਰਜੋਤ ਕੌਰ ਤੇ ਟਰੱਸਟੀ ਸੀਮਾ ਚੋਪੜਾ ਵੱਲੋਂ ਉਨ੍ਹਾਂ ਦਾ ਨਿੱਘਾ ਸਵਾਗਤ ਕੀਤਾ ਗਿਆ। ਰਾਜੀਵ ਸ਼ੁਕਲਾ ਨੇ ਬੱਚਿਆਂ ਨਾਲ ਸਮਾਂ ਬਿਤਾਉਂਦਿਆਂ ਉਨ੍ਹਾਂ ਦੀ ਜ਼ਿੰਦਗੀ ਬਾਰੇ ਜਾਣਕਾਰੀ ਲਈ। ਇਸ ਦੌਰਾਨ ਉਹ ਭਾਵੁਕ ਹੋ ਗਏ ਤੇ ਬੱਚਿਆਂ ਨੂੰ ਜੀਵਨ ਦੀਆਂ ਔਕੜਾਂ ਤੋਂ ਸਿੱਖ ਲੈ ਕੇ ਅੱਗੇ ਵਧਣ ਲਈ ਪ੍ਰੇਰਿਤ ਕੀਤਾ। ਸਫਲਤਾ ਦਾ ਕੋਈ ਸ਼ਾਰਟਕੱਟ ਨਹੀਂ ਹੁੰਦਾ ਤੇ ਸਖਤ ਮਿਹਨਤ ਨਾਲ ਹੀ ਮੰਜ਼ਿਲ ਹਾਸਲ ਕੀਤੀ ਜਾ ਸਕਦੀ ਹੈ। ਉਨ੍ਹਾਂ ਨੇ ਨਾਰੀ ਨਿਕੇਤਨ ਟਰੱਸਟ ਵੱਲੋਂ ਅਨਾਥ ਤੇ ਬੇਸਹਾਰਾ ਬੱਚਿਆਂ, ਖਾਸ ਕਰਕੇ ਲੜਕੀਆਂ ਦੀ ਪ੍ਰਵਰਿਸ਼ ਲਈ ਕੀਤੇ ਜਾ ਰਹੇ ਯੋਗਦਾਨ ਦੀ ਭਰਪੂਰ ਸ਼ਲਾਘਾ ਕੀਤੀ। ਉਨ੍ਹਾਂ ਦੱਸਿਆ ਕਿ ਇਹ ਸੰਸਥਾ ਇੰਦਰ ਕੁਮਾਰ ਗੁਜਰਾਲ ਦੇ ਮਾਤਾ-ਪਿਤਾ ਪੁਸ਼ਪਾ ਗੁਜਰਾਲ ਤੇ ਅਵਤਾਰ ਨਾਰਾਇਣ ਗੁਜਰਾਲ ਵੱਲੋਂ ਵੰਡ ਦੇ ਸਮੇਂ ਬੇਸਹਾਰਾ ਔਰਤਾਂ ਦੀ ਮਦਦ ਲਈ ਸਥਾਪਿਤ ਕੀਤੀ ਗਈ ਸੀ। ਇਹ ਸੰਸਥਾ ਅੱਜ ਵੀ ਉਸੇ ਸੇਵਾ ਭਾਵ ਨਾਲ ਚੱਲ ਰਹੀ ਹੈ ਤੇ ਬੱਚਿਆਂ ਨੂੰ ਨਾ ਸਿਰਫ਼ ਆਸਰਾ, ਸਗੋਂ ਸਿੱਖਿਆ ਦੇ ਕੇ ਆਪਣੇ ਪੈਰਾਂ ’ਤੇ ਖੜ੍ਹਾ ਹੋਣ ਲਈ ਤਿਆਰ ਕੀਤਾ ਜਾ ਰਿਹਾ ਹੈ। ਰਾਜੀਵ ਸ਼ੁਕਲਾ ਨੇ ਕਿਹਾ ਕਿ ਇੱਥੇ ਆ ਕੇ ਉਹ ਅਕਸਰ ਭਾਵੁਕ ਹੋ ਜਾਂਦੇ ਹਨ ਤੇ ਸੰਸਥਾ ਦੀ ਮਨੁੱਖਤਾ ਲਈ ਸੇਵਾ ਬੇਮਿਸਾਲ ਹੈ, ਜਿਸ ਦਾ ਜ਼ਿਕਰ ਉਹ ਆਪਣੀ ਪੁਸਤਕ ’ਚ ਵੀ ਕਰ ਚੁੱਕੇ ਹਨ।