ਘਰੇਲੂ ਗੈਸ ਦੇ ਖਪਤਕਾਰਾਂ ਦੀਆਂ ਸੰਧੂ ਨੇ ਸੁਣੀਆਂ ਮੁਸ਼ਕਲਾਂ
ਕਾਂਗਰਸੀ ਆਗੂ ਰਜਿੰਦਰ ਸੰਧੂ ਨੇ ਰਸੋਈ ਗੈਸ ਸਿਲੰਡਰ ਲੈਣ ਲਈ ਖਪਤਕਾਰਾਂ ਨੂੰ ਆ ਰਹੀਆਂ ਪ੍ਰੇਸ਼ਾਨੀਆਂ ਸਬੰਧੀ ਹੱਲ ਲਈ ਕੀਤੀ ਗੱਲਬਾਤ
Publish Date: Tue, 17 Mar 2026 06:40 PM (IST)
Updated Date: Tue, 17 Mar 2026 06:43 PM (IST)
ਹਰਜਿੰਦਰ ਸਿੰਘ ਖਾਨਪੁਰ, ਪੰਜਾਬੀ ਜਾਗਰਣ, ਅੱਪਰਾ : ਅੱਜ ਫਿਲੌਰ ’ਚ ਰਸੋਈ ਗੈਸ ਸਿਲੰਡਰ ਲੈਣ ਲਈ ਖਪਤਕਾਰਾਂ ਨੂੰ ਆ ਰਹੀਆਂ ਭਾਰੀ ਮੁਸ਼ਕਲਾਂ ਦੇ ਮੱਦੇਨਜ਼ਰ ਕਾਂਗਰਸ ਆਗੂ ਰਜਿੰਦਰ ਸੰਧੂ ਨੇ ਪ੍ਰਭਾਵਿਤ ਲੋਕਾਂ ਨਾਲ ਗੱਲਬਾਤ ਕੀਤੀ ਤੇ ਉਨ੍ਹਾਂ ਦੀਆਂ ਸਮੱਸਿਆਵਾਂ ਸੁਣੀਆਂ। ਖਪਤਕਾਰਾਂ ਨੇ ਦੱਸਿਆ ਕਿ ਉਹ ਸਵੇਰੇ ਤੋਂ ਲੰਬੀਆਂ ਲਾਈਨਾਂ ’ਚ ਖੜ੍ਹੇ ਰਹਿੰਦੇ ਹਨ ਪਰ ਸਾਰਾ ਦਿਨ ਇੰਤਜ਼ਾਰ ਕਰਨ ਦੇ ਬਾਵਜੂਦ ਉਨ੍ਹਾਂ ਨੂੰ ਗੈਸ ਸਿਲੰਡਰ ਪ੍ਰਾਪਤ ਨਹੀਂ ਹੋ ਰਹੇ। ਇਸ ਕਾਰਨ ਦਿਹਾੜੀਦਾਰ ਮਜ਼ਦੂਰਾਂ ਨੂੰ ਵੱਡਾ ਨੁਕਸਾਨ ਝੱਲਣਾ ਪੈ ਰਿਹਾ ਹੈ, ਕਿਉਂਕਿ ਉਹ ਆਪਣੀ ਰੋਜ਼ੀ-ਰੋਟੀ ਵੀ ਛੱਡ ਕੇ ਲਾਈਨਾਂ ’ਚ ਖੜ੍ਹੇ ਰਹਿਣ ਲਈ ਮਜਬੂਰ ਹਨ। ਲੋਕਾਂ ਨੇ ਕੇਂਦਰ ਤੇ ਪੰਜਾਬ ਸਰਕਾਰ ਦੇ ਪ੍ਰਬੰਧਾਂ ਪ੍ਰਤੀ ਨਾਰਾਜ਼ਗੀ ਜਤਾਉਂਦੇ ਹੋਏ ਕਿਹਾ ਕਿ ਇਸ ਮੁੱਦੇ ਨੂੰ ਗੰਭੀਰਤਾ ਨਾਲ ਨਹੀਂ ਲਿਆ ਜਾ ਰਿਹਾ। ਖਾਸ ਕਰਕੇ ਉਹ ਪਰਿਵਾਰ ਜਿਨ੍ਹਾਂ ਦੇ ਘਰਾਂ ’ਚ ਵਿਆਹ-ਸ਼ਾਦੀ ਜਾਂ ਹੋਰ ਸਮਾਗਮ ਹਨ, ਉਨ੍ਹਾਂ ਨੂੰ ਵਧੇਰੇ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਸ ਮੌਕੇ ਰਜਿੰਦਰ ਸੰਧੂ ਨੇ ਸਰਕਾਰ ਤੋਂ ਮੰਗ ਕੀਤੀ ਕਿ ਰਸੋਈ ਗੈਸ ਸਿਲੰਡਰਾਂ ਦੀ ਸਪਲਾਈ ਨੂੰ ਸੁਚਾਰੂ ਬਣਾਇਆ ਜਾਵੇ ਤੇ ਜਲਦ ਤੋਂ ਜਲਦ ਇਸ ਸਮੱਸਿਆ ਦਾ ਹੱਲ ਕੱਢਿਆ ਜਾਵੇ ਤਾਂ ਜੋ ਆਮ ਲੋਕਾਂ ਨੂੰ ਬੁਨਿਆਦੀ ਸਹੂਲਤਾਂ ਲਈ ਪਰੇਸ਼ਾਨ ਨਾ ਹੋਣਾ ਪਵੇ।