ਕਾਂਗਰਸ ਵੱਲੋਂ ਔਰਤਾਂ ਦੇ ਹੱਕਾਂ ਲਈ ਜ਼ੋਰਦਾਰ ਧਰਨਾ, 48,000 ਤੁਰੰਤ ਦੇਣ ਦੀ ਮੰਗ
ਨਕੋਦਰ ’ਚ ਕਾਂਗਰਸ ਵੱਲੋਂ ਮਹਿਲਾਵਾਂ ਦੇ ਹੱਕਾਂ ਲਈ ਜ਼ੋਰਦਾਰ ਧਰਨਾ, 48,000 ਤੁਰੰਤ ਦੇਣ ਦੀ ਮੰਗ
Publish Date: Sun, 15 Mar 2026 08:10 PM (IST)
Updated Date: Sun, 15 Mar 2026 08:12 PM (IST)

ਧੀਰਜ ਮਰਵਾਹਾ, ਪੰਜਾਬੀ ਜਾਗਰਣ ਨਕੋਦਰ : ਨਕੋਦਰ ’ਚ ਕਾਂਗਰਸ ਪਾਰਟੀ ਵੱਲੋਂ ਪੰਜਾਬ ਦੀਆਂ ਔਰਤਾਂ ਦੇ ਹੱਕਾਂ ਦੀ ਰੱਖਿਆ ਲਈ ਇੱਕ ਜ਼ੋਰਦਾਰ ਧਰਨਾ ਪ੍ਰਦਰਸ਼ਨ ਕੀਤਾ ਗਿਆ। ਇਸ ਧਰਨੇ ’ਚ ਸੈਂਕੜਿਆਂ ਮਹਿਲਾ ਵਰਕਰਾਂ ਤੇ ਕਾਂਗਰਸ ਸਮਰਥਕਾਂ ਨੇ ਵੱਡੀ ਗਿਣਤੀ ’ਚ ਹਿੱਸਾ ਲੈ ਕੇ ਪੰਜਾਬ ਸਰਕਾਰ ਖ਼ਿਲਾਫ਼ ਤਿੱਖਾ ਰੋਸ ਪ੍ਰਗਟ ਕੀਤਾ ਤੇ ਔਰਤਾਂ ਨਾਲ ਕੀਤੇ ਵਾਅਦੇ ਤੁਰੰਤ ਪੂਰੇ ਕਰਨ ਦੀ ਮੰਗ ਕੀਤੀ। ਧਰਨੇ ਦੌਰਾਨ ਔਰਤਾਂ ਨੇ ਕਿਹਾ ਕਿ ਚੋਣਾਂ ਤੋਂ ਪਹਿਲਾਂ ਆਮ ਆਦਮੀ ਪਾਰਟੀ ਵੱਲੋਂ ਹਰ ਮਹਿਲਾ ਨੂੰ 1000 ਪ੍ਰਤੀ ਮਹੀਨਾ ਦੇਣ ਦਾ ਵਾਅਦਾ ਕੀਤਾ ਗਿਆ ਸੀ, ਪਰ ਸਰਕਾਰ ਬਣਨ ਤੋਂ ਬਾਅਦ ਇਹ ਵਾਅਦਾ ਹਾਲੇ ਤੱਕ ਪੂਰਾ ਨਹੀਂ ਕੀਤਾ ਗਿਆ। ਉਨ੍ਹਾਂ ਮੰਗ ਕੀਤੀ ਕਿ ਪਿਛਲੇ ਚਾਰ ਸਾਲਾਂ ਦਾ ਬਣਦਾ ਲਗਭਗ 48,000 ਤੁਰੰਤ ਪੰਜਾਬ ਦੀਆਂ ਔਰਤਾਂ ਨੂੰ ਅਦਾ ਕੀਤਾ ਜਾਵੇ। ਪ੍ਰਦਰਸ਼ਨ ਦੌਰਾਨ ਔਰਤਾਂ ਨੇ ਪੰਜਾਬ ’ਚ ਵਧ ਰਹੀ ਨਸ਼ਿਆਂ ਦੀ ਸਮੱਸਿਆ ’ਤੇ ਵੀ ਗੰਭੀਰ ਚਿੰਤਾ ਜਤਾਈ। ਉਨ੍ਹਾਂ ਕਿਹਾ ਕਿ ਨਸ਼ਿਆਂ ਕਾਰਨ ਨੌਜਵਾਨ ਪੀੜ੍ਹੀ ਬਰਬਾਦ ਹੋ ਰਹੀ ਹੈ ਤੇ ਘਰ-ਪਰਿਵਾਰ ਤਬਾਹ ਹੋ ਰਹੇ ਹਨ। ਇਸ ਹਾਲਤ ਦਾ ਸਭ ਤੋਂ ਵੱਧ ਅਸਰ ਔਰਤਾਂ ’ਤੇ ਪੈ ਰਿਹਾ ਹੈ, ਜਿਨ੍ਹਾਂ ਨੂੰ ਅਸੁਰੱਖਿਆ ਤੇ ਡਰ ਦੇ ਮਾਹੌਲ ’ਚ ਜੀਣਾ ਪੈ ਰਿਹਾ ਹੈ। ਉਨ੍ਹਾਂ ਸਰਕਾਰ ਤੋਂ ਮੰਗ ਕੀਤੀ ਕਿ ਨਸ਼ਿਆਂ ਖ਼ਿਲਾਫ਼ ਸਖ਼ਤ ਤੇ ਪ੍ਰਭਾਵਸ਼ਾਲੀ ਕਾਰਵਾਈ ਕੀਤੀ ਜਾਵੇ। ਇਸ ਮੌਕੇ ਮਹਿਲਾ ਵਰਕਰਾਂ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਅੰਤਰਰਾਸ਼ਟਰੀ ਮਹਿਲਾ ਦਿਵਸ ਮੌਕੇ ਔਰਤਾਂ ਬਾਰੇ ਵਰਤੀ ਗਈ ਭਾਸ਼ਾ ਦੁਖਦਾਈ ਤੇ ਅਪਮਾਨਜਨਕ ਸੀ। ਉਨ੍ਹਾਂ ਮੰਗ ਕੀਤੀ ਕਿ ਮੁੱਖ ਮੰਤਰੀ ਪੰਜਾਬ ਦੀਆਂ ਔਰਤਾਂ ਤੋਂ ਜਨਤਕ ਤੌਰ ’ਤੇ ਮਾਫ਼ੀ ਮੰਗਣ। ਉਨ੍ਹਾਂ ਚਿਤਾਵਨੀ ਦਿੱਤੀ ਕਿ ਜੇਕਰ ਮਾਫ਼ੀ ਨਾ ਮੰਗੀ ਗਈ ਤਾਂ ਕਾਂਗਰਸ ਪਾਰਟੀ ਵੱਲੋਂ ਇਸ ਮਾਮਲੇ ’ਤੇ ਹੋਰ ਤਿੱਖਾ ਸੰਘਰਸ਼ ਕੀਤਾ ਜਾਵੇਗਾ। ਧਰਨੇ ਨੂੰ ਸੰਬੋਧਨ ਕਰਦਿਆਂ ਹਲਕਾ ਇੰਚਾਰਜ ਨਕੋਦਰ ਡਾ. ਨਵਜੋਤ ਦਹੀਆ ਨੇ ਕਿਹਾ ਕਿ ਆਮ ਆਦਮੀ ਪਾਰਟੀ ਨੇ ਚੋਣਾਂ ਦੌਰਾਨ ਲੋਕਾਂ ਨਾਲ ਵੱਡੇ-ਵੱਡੇ ਵਾਅਦੇ ਕਰ ਕੇ ਸੱਤਾ ਹਾਸਲ ਕੀਤੀ ਸੀ, ਪਰ ਹੁਣ ਉਨ੍ਹਾਂ ਵਾਅਦਿਆਂ ਤੋਂ ਮੁਕਰ ਰਹੀ ਹੈ। ਉਨ੍ਹਾਂ ਕਿਹਾ ਕਿ ਪੰਜਾਬ ਦੀਆਂ ਔਰਤਾਂ ਨਾਲ ਕੀਤਾ ਗਿਆ 1000 ਮਹੀਨਾ ਦੇਣ ਦਾ ਵਾਅਦਾ ਪੂਰਾ ਨਾ ਕਰ ਕੇ ਸਰਕਾਰ ਨੇ ਉਨ੍ਹਾਂ ਨਾਲ ਧੋਖਾ ਕੀਤਾ ਹੈ। ਡਾ. ਦਹੀਆ ਨੇ ਕਿਹਾ ਕਿ ਔਰਤਾਂ ਦਾ ਬਣਦਾ 48,000 ਤੁਰੰਤ ਜਾਰੀ ਕੀਤਾ ਜਾਣਾ ਚਾਹੀਦਾ ਹੈ ਤੇ ਕਾਂਗਰਸ ਪਾਰਟੀ ਇਸ ਮਸਲੇ ’ਤੇ ਚੁੱਪ ਨਹੀਂ ਬੈਠੇਗੀ। ਉਨ੍ਹਾਂ ਧਰਨੇ ’ਚ ਵੱਡੀ ਗਿਣਤੀ ’ਚ ਪਹੁੰਚੀਆਂ ਮਹਿਲਾ ਵਰਕਰਾਂ ਤੇ ਕਾਂਗਰਸੀ ਆਗੂਆਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਅੱਜ ਦਾ ਇਕੱਠ ਇਹ ਦਰਸਾਉਂਦਾ ਹੈ ਕਿ ਪੰਜਾਬ ਦੀ ਜਨਤਾ ਆਪਣੇ ਹੱਕਾਂ ਲਈ ਆਵਾਜ਼ ਉਠਾਉਣ ਲਈ ਤਿਆਰ ਹੈ ਤੇ ਕਾਂਗਰਸ ਪਾਰਟੀ ਲੋਕਾਂ ਦੇ ਹਰ ਮੁੱਦੇ ਨੂੰ ਡਟ ਕੇ ਉਠਾਉਂਦੀ ਰਹੇਗੀ। ਇਸ ਮੌਕੇ ਹੈਪੀ ਸੰਧੂ, ਮੁਖਤਿਆਰ ਸਿੰਘ ਹੇਯਰ ਜ਼ਿਲ੍ਹਾ ਪ੍ਰੀਸ਼ਦ ਮੈਂਬਰ, ਤਰਲੋਚਨ ਸਿੰਘ ਸੰਘਾ ਬਲਾਕ ਪ੍ਰਧਾਨ, ਬਲਜੀਤ ਸਿੰਘ ਜੌਹਲ ਬਲਾਕ ਪ੍ਰਧਾਨ, ਸੰਦੀਪ ਕੌਰ ਹੇਯਰ ਮਹਿਲਾ ਬਲਾਕ ਪ੍ਰਧਾਨ, ਹਰਜਿੰਦਰ ਕੌਰ ਮਨੂ ਪ੍ਰਧਾਨ ਨਕੋਦਰ ਸਿਟੀ, ਸੁਰਜੀਤ ਕੌਰ ਬਲਾਕ ਪ੍ਰਧਾਨ ਨੂਰਮਹਲ, ਸੁਮਨ ਪਾਠਕ ਸਿਟੀ ਪ੍ਰਧਾਨ ਨੂਰਮਹਲ, ਮਿਸਜ਼ ਉਸ਼ਾ ਪ੍ਰਧਾਨ ਬਿਲਗਾ, ਜਸਵੀਰ ਸਮਰਾ, ਗੌਰਵ ਜੈਨ ਸਿਟੀ ਪ੍ਰਧਾਨ, ਪਰਮਜੀਤ ਸਿੰਘ ਸਰਪੰਚ ਬਾਠ, ਹਿਮਤ ਗਿੱਲ, ਬੀਬੀ ਇਕਵਿੰਦਰ ਕੌਰ ਬਲਾਕ ਸੰਮਤੀ ਮੈਂਬਰ, ਬੀਬੀ ਰਾਣੀ ਮਲਾਰੀ ਬਲਾਕ ਸੰਮਤੀ ਮੈਂਬਰ, ਕੁਲਵਿੰਦਰ ਕੌਰ ਸੀਨੀਅਰ ਕਾਂਗਰਸੀ ਆਗੂ, ਗਿਆਨ ਕੌਰ ਕੰਗ, ਸਾਬੂ ਸੀਨੀਅਰ ਕਾਂਗਰਸੀ ਆਗੂ, ਸਾਬਕਾ ਮਾਰਕੀਟ ਕਮੇਟੀ ਚੇਅਰਮੈਨ ਜਸਬੀਰ ਉੱਪਲ, ਗੁਰਦੀਪ ਸਿੰਘ ਦੀਪਾ ਥਮਣਵਾਲ, ਗੋਪੀ ਸੰਧੂ ਵਾਈਸ ਪ੍ਰਧਾਨ ਨਗਰ ਕੌਂਸਲ ਨਕੋਦਰ, ਵਿਜੈ ਪੋਪਲੀ, ਗੁਰਵਿੰਦਰ ਬਾਜੂਹਾ ਭਿੰਦਾ ਲਿਤਰਾਂ ਤੇ ਅਵਤਾਰ ਸ਼ਮਸ਼ਾਬਾਦ ਆਦਿ ਹਾਜ਼ਰ ਸਨ।