ਕਾਂਗਰਸ ਵੱਲੋਂ ‘ਮਨਰੇਗਾ ਬਚਾਓ ਸੰਗਰਾਮ’ ਸਬੰਧੀ ਇਕੱਤਰਤਾ
ਕਾਂਗਰਸ ਵੱਲੋਂ ‘ਮਨਰੇਗਾ ਬਚਾਓ ਸੰਗਰਾਮ’ ਤਹਿਤ ਆਦਮਪੁਰ ਵਿਖੇ ਮੀਟਿੰਗ ਕਰਵਾਈ
Publish Date: Wed, 07 Jan 2026 10:14 PM (IST)
Updated Date: Wed, 07 Jan 2026 10:18 PM (IST)

-ਟਾਂਡਾ ਰੈਲੀ ’ਚ 500 ਤੋਂ ਵੱਧ ਵਰਕਰ ਲੈ ਕੇ ਜਾਣਗੇ : ਵਿਧਾਇਕ ਕੋਟਲੀ ਅਕਸ਼ੇਦੀਪ ਸ਼ਰਮਾ, ਪੰਜਾਬੀ ਜਾਗਰਣ, ਆਦਮਪੁਰ : ਕੇਂਦਰ ਦੀ ਭਾਜਪਾ ਸਰਕਾਰ ਵੱਲੋਂ ਮਨਰੇਗਾ ਸਕੀਮ ’ਚ ਲਿਆਂਦੇ ਗਏ ਨਵੇਂ ਨਿਯਮਾਂ ਦੇ ਵਿਰੋਧ ’ਚ ਕਾਂਗਰਸ ਪਾਰਟੀ ਵੱਲੋਂ ‘ਮਨਰੇਗਾ ਬਚਾਓ ਸੰਗਰਾਮ’ ਦੀ ਲੜੀ ਤਹਿਤ ਪੰਜਾਬ ਭਰ ’ਚ ਸੰਘਰਸ਼ ਤੇਜ਼ ਕੀਤਾ ਜਾ ਰਿਹਾ ਹੈ। ਇਸੇ ਕੜੀ ਤਹਿਤ ਬੁੱਧਵਾਰ ਹੁਸ਼ਿਆਰਪੁਰ ਜ਼ਿਲ੍ਹੇ ਦੇ ਹਲਕੇ ਟਾਂਡਾ ਉੜਮੁੜ ਵਿਖੇ ਹੋਣ ਵਾਲੀ ਰੈਲੀ ਨੂੰ ਕਾਮਯਾਬ ਬਣਾਉਣ ਲਈ ਆਦਮਪੁਰ ’ਚ ਵਿਧਾਇਕ ਸੁਖਵਿੰਦਰ ਸਿੰਘ ਕੋਟਲੀ ਦੀ ਅਗਵਾਈ ਹੇਠ ਮੀਟਿੰਗ ਕਰਕੇ ਤਿਆਰੀਆਂ ਕੀਤੀਆਂ ਗਈਆਂ। ਮੀਟਿੰਗ ਦੌਰਾਨ ਵਿਧਾਇਕ ਕੋਟਲੀ ਨੇ ਦੱਸਿਆ ਕਿ ਆਦਮਪੁਰ ਹਲਕੇ ਦੇ ਵੱਖ-ਵੱਖ ਪਿੰਡਾਂ ਤੋਂ 500 ਤੋਂ ਵੱਧ ਕਾਂਗਰਸੀ ਵਰਕਰ ਟਾਂਡਾ ਰੈਲੀ ’ਚ ਸ਼ਮੂਲੀਅਤ ਕਰਨਗੇ। ਉਨ੍ਹਾਂ ਕਿਹਾ ਕਿ ਭਾਜਪਾ ਸਰਕਾਰ ਦੀਆਂ ਗਰੀਬ ਵਿਰੋਧੀ ਨੀਤੀਆਂ ਨੂੰ ਲੋਕਾਂ ਸਾਹਮਣੇ ਲਿਆ ਜਾ ਰਿਹਾ ਹੈ, ਕਿਉਂਕਿ ਕੇਂਦਰ ਸਰਕਾਰ ਦੇ ਨਵੇਂ ਫੈਸਲਿਆਂ ਨਾਲ ਮਨਰੇਗਾ ਅਧੀਨ ਕੰਮ ਕਰਨ ਵਾਲੇ ਮਜ਼ਦੂਰਾਂ ਨੂੰ ਰੋਜ਼ੀ-ਰੋਟੀ ਤੋਂ ਵਾਂਝਾ ਕੀਤਾ ਜਾ ਰਿਹਾ ਹੈ ਤੇ ਹੁਣ ਮਜ਼ਦੂਰ ਆਪਣੇ ਹੱਕ ਅਨੁਸਾਰ ਕੰਮ ਦੀ ਮੰਗ ਵੀ ਨਹੀਂ ਕਰ ਸਕਣਗੇ। ਵਿਧਾਇਕ ਕੋਟਲੀ ਨੇ ਕਿਹਾ ਕਿ ਆਉਣ ਵਾਲੇ ਦਿਨਾਂ ’ਚ ਕਾਂਗਰਸ ਪਾਰਟੀ ਵੱਲੋਂ ਸੰਘਰਸ਼ ਦੀ ਲੜੀ ਨੂੰ ਹੋਰ ਤੇਜ਼ ਕਰਦਿਆਂ ਆਦਮਪੁਰ ਵਿਧਾਨ ਸਭਾ ਹਲਕੇ ’ਚ ਲੋਕਾਂ ਨੂੰ ਮਨਰੇਗਾ ਸਕੀਮ ਸਬੰਧੀ ਜਾਗਰੂਕ ਕੀਤਾ ਜਾਵੇਗਾ।