ਨਜ਼ਰਅੰਦਾਜ਼ ਕਰਨ ’ਤੇ ਕਾਂਗਰਸੀ ਕੌਂਸਲਰ ਵੱਲੋਂ ਉਦਘਾਟਨ
ਨਜ਼ਰਅੰਦਾਜ਼ ਕਰਨ ਦੇ ਦੋਸ਼ਾਂ ਵਿਚਕਾਰ ਕਾਂਗਰਸੀ ਕੌਂਸਲਰ ਵੱਲੋਂ ਨਵੇਂ ਸੀਵਰੇਜ ਤੇ ਵਾਟਰ ਸਪਲਾਈ ਕੰਮਾਂ ਦਾ ਉਦਘਾਟਨ
Publish Date: Thu, 15 Jan 2026 08:02 PM (IST)
Updated Date: Thu, 15 Jan 2026 08:03 PM (IST)

ਪੰਜਾਬੀ ਜਾਗਰਣ ਰਿਪੋਰਟਰ, ਜਲੰਧਰ : ਜਲੰਧਰ ਸੈਂਟਰਲ ਹਲਕੇ ਅਧੀਨ ਆਉਂਦੇ ਵਾਰਡ ਨੰਬਰ 7 ’ਚ ਵੱਖ-ਵੱਖ ਮੁਹੱਲਿਆਂ ’ਚ ਨਵੀਂ ਸੀਵਰੇਜ ਤੇ ਵਾਟਰ ਸਪਲਾਈ ਲਾਈਨਾਂ ਪਾਉਣ ਦੇ ਕੰਮ ਦੀ ਸ਼ੁਰੂਆਤ ਕਰਨ ਨੂੰ ਲੈ ਕੇ ਸੱਤਾਧਾਰੀ ਤੇ ਵਿਰੋਧ ਧਿਰ ਵੱਲੋਂ ਵੱਖ-ਵੱਖ ਤੌਰ ’ਤੇ ਉਦਘਾਟਨ ਕੀਤਾ ਗਿਆ। ਸਵੇਰੇ ਪਹਿਲਾਂ ਸੱਤਾਧਾਰੀ ਪਾਰਟੀ ਦੇ ਹਲਕਾ ਇੰਚਾਰਜ ਨਿਤਿਨ ਕੋਹਲੀ ਤੇ ਪਾਰਟੀ ਆਗੂਆ ਨੇ ਵਿਕਾਸ ਕੰਮਾਂ ਦਾ ਉਦਘਾਟਨ ਕੀਤਾ। ਉਸ ਤੋਂ ਬਾਅਦ ਵਾਰਡ ਦੀ ਮੌਜੂਦਾ ਕਾਂਗਰਸੀ ਕੌਂਸਲਰ ਨਿਰਮਲ ਕੌਰ ਵੱਲੋਂ ਵੀ ਪਾਰਟੀ ਦੇ ਜ਼ਿਲ੍ਹਾ ਸ਼ਹਿਰੀ ਪ੍ਰਧਾਨ ਦੀ ਮੌਜੂਦਗੀ ’ਚ ਵਿਕਾਸ ਦਾ ਕੰਮ ਦਾ ਉਦਘਾਟਨ ਕੀਤਾ ਗਿਆ। ਇਸ ਮੌਕੇ ਉਨ੍ਹਾਂ ਨੇ ਖੁਦ ਨੀਂਹ ਪੱਥਰ ਰੱਖ ਕੇ ਕੰਮ ਦਾ ਉਦਘਾਟਨ ਕੀਤਾ। ਕੌਂਸਲਰ ਨਿਰਮਲ ਕੌਰ ਨੇ ਕਿਹਾ ਕਿ ਸੀਵਰੇਜ, ਵਾਟਰ ਸਪਲਾਈ, ਸੜਕਾਂ ਤੇ ਸਟ੍ਰੀਟ ਲਾਈਟਾਂ ਵਰਗੇ ਵਿਕਾਸੀ ਕੰਮ ਕੌਂਸਲਰ ਪੱਧਰ ਦੇ ਹੁੰਦੇ ਹਨ ਤੇ ਇਨ੍ਹਾਂ ਲਈ ਲੋਕ ਸਿੱਧੇ ਆਪਣੇ ਵਾਰਡ ਦੇ ਚੁਣੇ ਹੋਏ ਨੁਮਾਇੰਦੇ ਨਾਲ ਸੰਪਰਕ ਕਰਦੇ ਹਨ। ਉਨ੍ਹਾਂ ਦੋਸ਼ ਲਾਇਆ ਕਿ ਆਮ ਆਦਮੀ ਪਾਰਟੀ ਵੱਲੋਂ ਵਾਰਡ ਦੇ ਮੌਜੂਦਾ ਕੌਂਸਲਰ ਨੂੰ ਜਾਣਬੁੱਝ ਕੇ ਨਜ਼ਰਅੰਦਾਜ਼ ਕੀਤਾ ਜਾ ਰਿਹਾ ਹੈ, ਜੋ ਜਮੂਹਰੀ ਰਵਾਇਤਾਂ ਖ਼ਿਲਾਫ਼ ਹੈ। ਉਨ੍ਹਾਂ ਕਿਹਾ ਕਿ ਨਗਰ ਨਿਗਮ ਦੀ ਗ੍ਰਾਂਟ ਨਾਲ ਹੋ ਰਹੇ ਕੰਮਾਂ ਦੇ ਉਦਘਾਟਨ ਦਾ ਅਧਿਕਾਰ ਵਾਰਡ ਦੇ ਕੌਂਸਲਰ ਤੇ ਇਲਾਕੇ ਦੇ ਲੋਕਾਂ ਦਾ ਹੁੰਦਾ ਹੈ। ਕੌਂਸਲਰ ਲੋਕਾਂ ਵੱਲੋਂ ਵੋਟਾਂ ਰਾਹੀਂ ਚੁਣਿਆ ਜਾਂਦਾ ਹੈ, ਜਦਕਿ ਹਲਕਾ ਇੰਚਾਰਜ ਜਾਂ ਵਾਰਡ ਇੰਚਾਰਜ ਕੋਲ ਇਹ ਅਧਿਕਾਰ ਨਹੀਂ ਕਿ ਉਹ ਸਰਕਾਰੀ ਨੀਂਹ ਪੱਥਰਾਂ ’ਤੇ ਆਪਣੇ ਨਾਮ ਲਿਖਵਾ ਕੇ ਉਦਘਾਟਨ ਕਰਨ। ਉਨ੍ਹਾਂ ਕਿਹਾ ਕਿ ਇਹ ਸਭ ਕੁਝ ਆਪ ਸਰਕਾਰ ਦੀ ਸਿਆਸੀ ਸੋਚ ਦਾ ਨਤੀਜਾ ਹੈ। ਇਸ ਮੌਕੇ ਸਾਬਕਾ ਵਿਧਾਇਕ ਤੇ ਜ਼ਿਲ੍ਹਾ ਕਾਂਗਰਸ ਪ੍ਰਧਾਨ ਰਜਿੰਦਰ ਬੇਰੀ, ਜਤਿੰਦਰ ਜੋਨੀ, ਰਵੀ ਕੁਮਾਰ, ਆਲਮ, ਕਪੂਰ, ਸਾਈ, ਕਾਲਾ, ਰਾਜੇਸ਼ ਬਿੱਟਾ, ਰਮਨਦੀਪ ਤੇ ਹੁਸਨ ਲਾਲ ਸਮੇਤ ਹੋਰ ਪਾਰਟੀ ਆਗੂ ਤੇ ਇਲਾਕੇ ਦੇ ਵਾਸੀ ਮੌਜੂਦ ਸਨ।