ਸੈਂਟਰਲ ਹਲਕੇ ਦੇ ਟੈਂਡਰਾਂ ’ਚ ਹੇਰਾਫੇਰੀ ਹੋਣ ਦੇ ਕਾਂਗਰਸ ਨੇ ਲਾਏ ਦੋਸ਼
ਜਲੰਧਰ ਸੈਂਟਰਲ ਹਲਕੇ ਦੇ ਟੈਂਡਰਾਂ ’ਚ ਹੇਰਾਫੇਰੀ ਹੋਣ ਦੇ ਕਾਂਗਰਸ ਨੇ ਲਾਏ ਦੋਸ਼
Publish Date: Thu, 01 Jan 2026 08:08 PM (IST)
Updated Date: Fri, 02 Jan 2026 04:12 AM (IST)

ਸੱਤਾਧਾਰੀ ਆਗੂ ਆਪਣੇ ਖਾਸ ਲੋਕਾਂ ਦੀਆ ਫਰਮਾਂ ਨੂੰ 2 ਫੀਸਦੀ ਲੈੱਸ ’ਤੇ ਦੇ ਰਹੇ ਕੰਮ : ਬੇਰੀ ਕਿਹਾ- ਟੈਂਡਰਾਂ ’ਚ ਹੇਰਾਫੇਰੀ ਦੀ ਹੋਣੀ ਚਾਹੀਦੀ ਹੈ ਉੱਚ ਪੱਧਰੀ ਜਾਂਚ ਡਿਪਟੀ ਚੀਫ ਰਿਪੋਰਟਰ, ਪੰਜਾਬੀ ਜਾਗਰਣ, ਜਲੰਧਰ : ਕਾਂਗਰਸੀ ਆਗੂਆ ਨੇ ਨਗਰ ਨਿਗਮ ਵੱਲੋਂ ਸੈਂਟਰਲ ਹਲਕੇ ’ਚ ਵਿਕਾਸ ਦੇ ਕੰਮਾਂ ਦੇ ਜੋ ਟੈਂਡਰ ਲਾਏ ਜਾ ਰਹੇ ਹਨ, ਉਨ੍ਹਾਂ ਟੈਂਡਰਾਂ ’ਚ ਵੱਡੇ ਪੱਧਰ ’ਤੇ ਹੇਰਾਫੇਰੀ ਹੋਣ ਦੇ ਦੋਸ਼ ਲਾਏ ਹਨ। ਕਾਂਗਰਸੀਆ ਨੇ ਇਸ ਦੇ ਵਿਰੋਧ ’ਚ ਵੀਰਵਾਰ ਨੂੰ ਨਗਰ ਨਿਗਮ ਦੇ ਮੁੱਖ ਗੇਟ ਦੇ ਬਾਹਰ ਸੜਕ ’ਤੇ ਰੋਸ ਪ੍ਰਦਰਸ਼ਨ ਕੀਤਾ। ਕਾਂਗਰਸੀ ਆਗੂਆ ਨੇ ਮੰਗ ਕੀਤੀ ਕਿ ਟੈਂਡਰਾਂ ’ਚ ਹੋ ਰਹੀ ਹੇਰਾਫੇਰੀ ਦੀ ਉੱਚ ਪੱਧਰੀ ਜਾਂਚ ਹੋਣੀ ਚਾਹੀਦੀ ਹੈ। ਇਸ ਮੌਕੇ ਗੱਲਬਾਤ ਕਰਦਿਆ ਕਾਂਗਰਸ ਜ਼ਿਲ੍ਹਾ ਸ਼ਹਿਰੀ ਦੇ ਪ੍ਰਧਾਨ ਤੇ ਸਾਬਕਾ ਵਿਧਾਇਕ ਰਜਿੰਦਰ ਬੇਰੀ ਨੇ ਕਿਹਾ ਕਿ ਜਿਹੜੇ ਠੇਕੇਦਾਰਾਂ ਨੂੰ ਕੰਪੀਟੀਸ਼ਨ ’ਚ ਟੈਂਡਰ ਮਿਲਦੇ ਹਨ ਉਹ ਤਾਂ 35 ਫੀਸਦੀ ’ਤੇ ਮਿਲਦੇ ਹਨ ਤੇ ਜੋ ਸੱਤਾਧਾਰੀ ਆਗੂਆ ਦੇ ਖਾਸ ਠੇਕੇਦਾਰ ਹਨ ਜਾਂ ਇਨ੍ਹਾਂ ਆਗੂਆਂ ਨੇ ਆਪਣੇ ਖ਼ਾਸ ਲੋਕਾਂ ਦੀਆਂ ਫਰਮਾਂ ਬਣਾਈਆਂ ਹਨ, ਉਨ੍ਹਾਂ ਨੂੰ 2 ਫੀਸਦੀ ਲੈੱਸ ’ਤੇ ਕੰਮ ਦਿੱਤੇ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਨਗਰ ਨਿਗਮ ’ਚ ਬੈਠੇ ਅਧਿਕਾਰੀਆਂ ਨੂੰ ਇਸ ਗੱਲ ਵੱਲ ਵਿਸ਼ੇਸ਼ ਧਿਆਨ ਦੇਣਾ ਚਾਹੀਦਾ ਹੈ ਕਿ ਇਹ ਹੇਰਾਫੇਰੀ ਕਿਸ ਪੱਧਰ ’ਤੇ ਹੋ ਰਹੀ ਹੈ। ਬੇਰੀ ਨੇ ਆਖਿਆ ਕਿ ਸੱਤਾਧਾਰੀ ਆਗੂ ਆਪਣੇ ਚਹੇਤੇ ਠੇਕੇਦਾਰਾਂ ਕੋਲੋਂ ਐਡਵਾਂਸ ’ਚ ਕੰਮ ਕਰਵਾ ਕੇ ਜਨਤਾ ’ਚ ਵਾਹਾ-ਵਾਹੀ ਖੱਟ ਰਹੇ ਹਨ ਪਰ ਉਸ ਤੋਂ ਬਾਅਦ ਕੀ ਖੇਡ ਖੇਡੀ ਜਾਂਦੀ ਹੈ, ਇਹ ਸਭ ਆਮ ਜਨਤਾ ਨੂੰ ਪਤਾ ਵੀ ਨਹੀਂ ਲੱਗਦਾ। ਉਨ੍ਹਾਂ ਕਿਹਾ ਕਿ ਸੱਤਾਧਾਰੀ ਆਪਣੇ ਚਹੇਤੇ ਠੇਕੇਦਾਰਾਂ ਨੂੰ ਖੁਸ਼ ਕਰਨ ਲਈ ਨਗਰ ਨਿਗਮ ’ਚ ਵੱਡੇ ਪੱਧਰ ’ਤੇ ਇਹ ਖੇਡਾਂ ਖੇਡੀਆਂ ਜਾ ਰਹੀਆਂ ਹਨ। ਕਈ-ਕਈ ਸਾਲ ਪੁਰਾਣੇ ਠੇਕੇਦਾਰ ਜੋ ਕਿ ਕੰਪੀਟੀਸ਼ਨ ’ਚ ਕੰਮ ਭਰ ਰਹੇ ਹਨ ਪਰ ਇਨ੍ਹਾਂ ਸਿਆਸੀ ਆਗੂਆਂ ਦੇ ਚਹੇਤੇ ਠੇਕੇਦਾਰਾਂ ਨੂੰ 2 ਫੀਸਦੀ ’ਤੇ ਕੰਮ ਅਲਾਟ ਕਰ ਕੇ ਵੱਡਾ ਘਪਲਾ ਕੀਤਾ ਜਾ ਰਿਹਾ ਹੈ। ਬੇਰੀ ਨੇ ਕਿਹਾ ਕਿ ਟੈਂਡਰਾਂ ’ਚ ਹੋ ਰਹੇ ਇਸ ਘਪਲੇ ਦਾ ਪਰਦਾਫਾਸ ਕਰਨ ਤੇ ਲੋਕਾਂ ਦੀਆਂ ਨਜ਼ਰਾਂ ਸਾਹਮਣੇ ਸੱਚ ਲਿਆਉਣ ਲਈ ਪਾਰਟੀ ਆਗੂਆ ਤੇ ਵਰਕਰਾਂ ਵੱਲੋਂ ਇਹ ਵਿਰੋਧ ਪ੍ਰਦਰਸ਼ਨ ਕੀਤਾ ਗਿਆ ਹੈ। ਇਸ ਮੌਕੇ ਪਰਮਜੋਤ ਸਿੰਘ ਸ਼ੈਰੀ ਚੱਢਾ, ਡਾ. ਜਸਲੀਨ ਸੇਠੀ, ਮਨਦੀਪ ਜੱਸਲ, ਮਨੋਜ ਕੁਮਾਰ ਮਨੂੰ ਬੜਿੰਗ, ਮੰਗਾ ਸਿੰਘ ਮੁਧੜ, ਸੁਨੀਲ ਦਕੋਹਾ, ਜਗਜੀਤ ਜੀਤਾ, ਜਤਿੰਦਰ ਜੋਨੀ, ਸੁਨੀਲ ਸ਼ਰਮਾ, ਰਵੀ ਬੱਗਾ, ਵਿਕਰਮ ਸ਼ਰਮਾ, ਗੁਲਸ਼ਨ ਮਿੱਡਾ, ਰੋਹਨ ਚੱਢਾ, ਆਦੇਸ਼ ਮਾਗੋ, ਵਿਕੀ ਆਬਾਦਪੁਰਾ, ਆਲਮ, ਰਵਿੰਦਰ ਲਾਡੀ, ਸੁਧੀਰ ਘੁੱਗੀ, ਨੰਦ ਲਾਲ, ਪ੍ਰੇਮ ਨਾਥ ਦਕੋਹਾ, ਮੁਨੀਪਾ, ਲੱਕੀ, ਮੁਨੀਸ਼ ਪਾਹਵਾ ਮੌਜੂਦ ਸਨ।