ਅੱਚਰਵਾਲ ਦੇ ਪਰਿਵਾਰ ਨਾਲ ਪ੍ਰਗਟਾਇਆ ਦੁੱਖ
ਮਹਿੰਦਰ ਰਾਮ ਫੁੱਗਲਾਣਾ, ਪੰਜਾਬੀ
Publish Date: Fri, 13 Mar 2026 08:48 PM (IST)
Updated Date: Fri, 13 Mar 2026 08:51 PM (IST)

ਮਹਿੰਦਰ ਰਾਮ ਫੁੱਗਲਾਣਾ, ਪੰਜਾਬੀ ਜਾਗਰਣ, ਜਲੰਧਰ : ਸ਼ਹੀਦ ਅਮਰ ਸਿੰਘ ਅੱਚਰਵਾਲ ਦੇ ਅੰਗ ਸੰਗ ਰਹਿਣ ਵਾਲੇ ਨਗਾਹੀਆ ਸਿੰਘ ਜੀ ਦੇ ਸਪੁੱਤਰ ਚਮਕੌਰ ਸਿੰਘ ਅੱਚਰਵਾਲ ਸਦੀਵੀ ਵਿਛੋੜਾ ਦੇ ਗਏ। ਉਨ੍ਹਾਂ ਦੇ ਸਪੁੱਤਰ ਸਿਮਰਜੋਤ ਸਿੰਘ ਤੇ ਮਾਸਟਰ ਜਰਨੈਲ ਸਿੰਘ ਅੱਚਰਵਾਲ ਨੇ ਦੱਸਿਆ ਕਿ ਉਨ੍ਹਾਂ ਦਾ ਬਰਨਾਲਾ ਅਤੇ ਡੀਐੱਮਸੀ ’ਚ ਇਲਾਜ ਚੱਲਦਾ ਰਿਹਾ। ਉਹ ਅੱਜ ਪਰਿਵਾਰ ਤੇ ਇਨਕਲਾਬੀ ਕਾਫ਼ਲੇ ਨੂੰ ਅਲਵਿਦਾ ਕਹਿ ਗਏ। ਉਨ੍ਹਾਂ ਨੂੰ ਸੇਜਲ ਅੱਖਾਂ ਨਾਲ ਅੰਤਿਮ ਵਿਦਾਇਗੀ ਦਿੱਤੀ ਗਈ। ਉਨ੍ਹਾਂ ਦੀ ਯਾਦ ’ਚ ਸ਼ਰਧਾਂਜਲੀ ਸਮਾਗਮ 22 ਮਾਰਚ 12 ਵਜੇ ਪਿੰਡ ਅੱਚਰਵਾਲ ਵਿਖੇ ਹੋਏਗਾ। ਉਹ ਲਗਾਤਾਰ ਦੇਸ਼ ਭਗਤ ਯਾਦਗਾਰ ਹਾਲ ਜਲੰਧਰ ਨਾਲ਼ ਜੁੜੇ ਰਹੇ। ਉਹ ਹਰ ਸਾਲ ਗ਼ਦਰੀ ਬਾਬਿਆਂ ਦੇ ਮੇਲੇ ਲਈ ਪਿੰਡ ਅੱਚਰਵਾਲ ਵੱਲੋਂ ਸਭ ਤੋਂ ਪਹਿਲਾਂ ਰਾਸ਼ਨ ਦੇਸ਼ ਭਗਤ ਯਾਦਗਾਰ ਹਾਲ ਲੈ ਕੇ ਆਇਆ ਕਰਦੇ ਤੇ ਅੱਚਰਵਾਲ ਸ਼ਹੀਦ ਅਮਰ ਸਿੰਘ ਦੀ ਯਾਦ 'ਚ ਅੱਗੇ ਹੋ ਕੇ ਸਮਾਗਮ ਕਰਨ ਦੇ ਨਾਲ ਨਾਲ ਦੇਸ਼ ਭਗਤ ਯਾਦਗਾਰ ਹਾਲ ਜਲੰਧਰ ਹਰ ਸਾਲ ਪਹਿਲੀ ਨਵੰਬਰ ਨੂੰ ਲੱਗਦੇ ਗ਼ਦਰੀ ਬਾਬਿਆਂ ਦੇ ਮੇਲੇ ਮੌਕੇ ਜੱਥੇ ਸਮੇਤ ਸ਼ਾਮਲ ਹੋਇਆ ਕਰਦੇ ਸਨ। ਦੇਸ਼ ਭਗਤ ਯਾਦਗਾਰ ਕਮੇਟੀ ਦੇ ਪ੍ਰਧਾਨ ਕੁਲਵੰਤ ਸਿੰਘ ਸੰਧੂ, ਜਨਰਲ ਸਕੱਤਰ ਗੁਰਮੀਤ ਸਿੰਘ ਤੇ ਸੱਭਿਆਚਾਰਕ ਵਿੰਗ ਦੇ ਕਨਵੀਨਰ ਅਮੋਲਕ ਸਿੰਘ ਨੇ ਦੱਸਿਆ ਕਿ ਸਮੁੱਚੀ ਕਮੇਟੀ ਨੇ ਅੱਜ ਉਨ੍ਹਾਂ ਦੇ ਪਰਿਵਾਰ, ਸਾਕ ਸਬੰਧੀਆਂ ਤੇ ਸੰਗੀ ਸਾਥੀਆਂ ਨਾਲ਼ ਦੁੱਖ਼ ਦਾ ਪ੍ਰਗਟਾਵਾ ਕੀਤਾ ਹੈ।