ਲਾਠੀਚਾਰਜ ਤੇ ਦਸਤਾਰਾਂ ਉਤਾਰਨ ਦੀ ਨਿੰਦਾ
ਸਿੱਖ ਨੌਜਵਾਨਾਂ ’ਤੇ ਲਾਠੀਚਾਰਜ ਕਰਨ ਤੇ ਦਸਤਾਰਾਂ ਉਤਾਰਨ ਦੀ ਕੀਤੀ ਨਿੰਦਾ
Publish Date: Mon, 09 Mar 2026 07:05 PM (IST)
Updated Date: Mon, 09 Mar 2026 07:06 PM (IST)
ਅਮਰਜੀਤ ਸਿੰਘ ਵੇਹਗਲ,, ਪੰਜਾਬੀ ਜਾਗਰਣ, ਜਲੰਧਰ : ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ’ਚ ਸਾਹਿਬ ਸ੍ਰੀ ਗੁਰੂ ਤੇਗ ਬਹਾਦੁਰ ਸਾਹਿਬ ਜੀ ਦੀ ਲਾਸਾਨੀ ਸ਼ਹਾਦਤ ਦੇ ਸਬੰਧੀ ਕਰਵਾਏ ਗਏ ਸਮਾਗਮ ’ਚ ਮੁੱਖ ਮਹਿਮਾਨ ਆਰਐੱਸਐੱਸ ਦੇ ਆਗੂਆਂ ਨੂੰ ਬੁਲਾਉਣਾ ਸਿੱਖ ਇਤਿਹਾਸ ਦਾ ਭਗਵਾਂਕਰਨ ਦੀ ਇਕ ਸੋਚੀ ਸਮਝੀ ਸਾਜ਼ਿਸ਼ ਹੈ, ਜਿਸਦਾ ਵਿਰੋਧ ਕਰਨ ਤੇ ਨੌਜਵਾਨਾਂ ’ਤੇ ਲਾਠੀਚਾਰਜ ਕੀਤਾ ਗਿਆ ਦਸਤਾਰਾਂ ਉਤਾਰੀਆਂ ਗਈਆਂ ਤੇ ਗ੍ਰਿਫਤਾਰ ਵੀ ਕੀਤਾ ਗਿਆ। ਇਸ ਦੀ ਨਿੰਦਾ ਕਰਦਿਆਂ ਹੋਇਆਂ ਸਿੱਖ ਤਾਲਮੇਲ ਕਮੇਟੀ ਦੇ ਆਗੂ ਤਜਿੰਦਰ ਸਿੰਘ ਪਰਦੇਸੀ, ਹਰਪਾਲ ਸਿੰਘ ਚੱਢਾ, ਹਰਪ੍ਰੀਤ ਸਿੰਘ ਨੀਟੂ, ਗੁਰਦੀਪ ਸਿੰਘ, ਗੁਰਵਿੰਦਰ ਸਿੰਘ ਨਾਗੀ, ਪ੍ਰਭਜੋਤ ਸਿੰਘ ਖਾਲਸਾ ਨੇ ਸਾਂਝੇ ਬਿਆਨ ’ਚ ਲਾਠੀਚਾਰਜ ਕਰਨ ਤੇ ਸਿੱਖ ਨੌਜਵਾਨ ਦੀਆਂ ਦਸਤਾਰਾਂ ਉਤਾਰਨ ਸਬੰਧੀ ਉਨ੍ਹਾਂ ਕਿਹਾ ਕਿ ਆਰਐੱਸਐੱਸ ਸਿੱਖ ਇਤਹਾਸ ਦਾ ਹਿੰਦੁਕਰਨ ਕਰਨ ਲਈ ਇਹੋ ਜਿਹੇ ਸੈਮੀਨਾਰ ਕਰਵਾ ਰਹੀ ਹੈ। ਸਿੱਖ ਇਤਹਾਸ ਨੂੰ ਗਲਤ ਢੰਗ ਨਾਲ ਪੇਸ਼ ਕਰਨ ਦੀ ਕੋਸ਼ਿਸ਼ ਹੋ ਰਹੀ ਹੈ, ਜਿਸਨੂੰ ਕਿਸੇ ਵੀ ਕੀਮਤ ’ਤੇ ਬਰਦਾਸ਼ਤ ਨਹੀ ਕੀਤਾ ਜਾ ਸਕਦਾ। ਉਨ੍ਹਾਂ ਕਿਹਾ ਕਿ ਇਸ ਸਬੰਧੀ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜੱਥੇਦਾਰ ਕੁਲਦੀਪ ਸਿੰਘ ਗੜਗੱਜ ਨੂੰ ਅੱਗੇ ਆਉਣਾ ਚਾਹੀਦਾ ਹੈ।