- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਜਾਸ, ਜਲੰਧਰ : ਸ਼ਹਿਰ

ਜਾਸ, ਜਲੰਧਰ : ਸ਼ਹਿਰ ’ਚ ਕੰਕਰੀਟ ਸੜਕਾਂ ਉਖੜਣ ਦਾ ਸਿਲਸਿਲਾ ਜਾਰੀ ਹੈ। ਬਾਬਾ ਮੋਹਨ ਦਾਸ ਨਗਰ ’ਚ ਪਿਛਲੇ 15 ਦਿਨਾਂ ਵਿਚ ਦੋ ਵਾਰ ਸੜਕ ਉਖੜ ਚੁੱਕੀ ਹੈ। ਨਾਲ ਹੀ ਇਕਹਿਰੀ ਪੁਲੀ ਨੇੜੇ ਵੀ ਸੜਕ ਦਾ ਇਕ ਹਿੱਸਾ ਉਖੜ ਗਿਆ ਹੈ। ਗਰਮੀ ’ਚ ਇਸ ਤਰ੍ਹਾਂ ਦੀਆਂ ਘਟਨਾਵਾਂ ਨੇ ਸੜਕ ਬਣਾਉਣ ਦੀ ਗੁਣਵੱਤਾ ਤੇ ਬੇਸ ਵਰਕ 'ਤੇ ਗੰਭੀਰ ਸਵਾਲ ਖੜ੍ਹੇ ਕਰ ਦਿੱਤੇ ਹਨ।
ਬਾਬਾ ਮੋਹਨ ਦਾਸ ਨਗਰ ’ਚ 15 ਦਿਨ ਪਹਿਲਾਂ ਸੜਕ ਉਖੜੀ ਸੀ। ਤਿੰਨ ਦਿਨ ਪਹਿਲਾਂ ਉਸੇ ਸੜਕ 'ਤੇ ਦੂਜੇ ਸਥਾਨ ਤੋਂ ਫਿਰ ਉਹ ਹੀ ਹਾਲਾਤ ਬਣ ਗਏ। ਹੁਣ ਇਕਹਿਰੀ ਪੁਲੀ ਦੀ ਸੜਕ, ਜੋ ਕਾਫੀ ਪਹਿਲਾਂ ਬਣਾਈ ਗਈ ਸੀ ਪਰ ਸੜਕਾਂ ਦੇ ਉਖੜਨ ਨਾਲ ਬਣਾਉਣ ਦੀ ਤਕਨੀਕ 'ਤੇ ਸਵਾਲ ਉੱਠ ਰਹੇ ਹਨ। ਨਿਗਮ ਅਧਿਕਾਰੀ ਸੜਕਾਂ ਦੇ ਉਖੜਨ ਦੀ ਵੱਡੀ ਵਜ੍ਹਾ ਗਰਮੀ ’ਚ ਕੰਕਰੀਟ ਦਾ ਫੈਲਣਾ ਦੱਸ ਰਹੇ ਹਨ। ਉਹ ਕਹਿੰਦੇ ਹਨ ਕਿ ਦੋ ਬਲਾਕਾਂ ਨੂੰ ਆਪਸ ’ਚ ਜੋੜਨ ਲਈ ਨਿਯਮਾਂ ਮੁਤਾਬਕ ਜਗ੍ਹਾ ਛੱਡੀ ਜਾ ਰਹੀ ਹੈ ਪਰ ਤਾਪਮਾਨ ਵੱਧ ਜਾਣ ਕਾਰਨ ਸੜਕਾਂ ਵੱਧ ਫੈਲ ਰਹੀਆਂ ਹਨ। ਜਗ੍ਹਾ ਘੱਟ ਹੋਣ ਕਾਰਨ ਬਲਾਕ ਆਪਸ ’ਚ ਟਕਰਾਅ ਕੇ ਉਖੜ ਰਹੇ ਹਨ। ਹਾਲਾਂਕਿ ਮਾਹਿਰਾਂ ਦਾ ਮੰਨਣਾ ਹੈ ਕਿ ਸਿਰਫ ਗਰਮੀ ਹੀ ਕਾਰਨ ਨਹੀਂ ਹੈ। ਨਿਰਮਾਣ ਦੌਰਾਨ ਲਾਪਰਵਾਹੀ ਵੀ ਇਕ ਵੱਡਾ ਕਾਰਨ ਹੈ। ਇਸ ਦੀ ਇਕ ਵਜ੍ਹਾ ਖਰਾਬ ਬੇਸ ਵਰਕ ਹੋ ਸਕਦੀ ਹੈ। ਨਵੀਆਂ ਸੜਕਾਂ ਨੂੰ ਬਣਾਉਣ ਬਾਅਦ ਯੋਗ ਪਾਣੀ ਨਾ ਦੇਣਾ ਵੀ ਮਜ਼ਬੂਤੀ 'ਤੇ ਅਸਰ ਪਾਉਂਦਾ ਹੈ। ਜੇ ਸੀਮੈਂਟ ਨਾਲ ਬਣੇ ਮਟੀਰੀਅਲ ਨੂੰ ਸੁੱਕਣ ਮਗਰੋਂ ਵਾਰ-ਵਾਰ ਪਾਣੀ ਨਾ ਦਿੱਤਾ ਜਾਵੇ ਤਾਂ ਇਸ ’ਚ ਤਰੇੜਾਂ ਆ ਜਾਂਦੀਆਂ ਹਨ। ਸੜਕ ਬਣਾਉਣ ਨਾਲ ਜੁੜੇ ਠੇਕੇਦਾਰ ਗੌਰਵ ਦਾ ਕਹਿਣਾ ਹੈ ਕਿ ਕੰਕਰੀਟ ਰੋਡ ਬਣਨ ਮਗਰੋਂ ਲਗਾਤਾਰ ਪਾਣੀ ਲਾਉਣਾ ਜ਼ਰੂਰੀ ਹੈ ਤਾਂ ਜੋ ਸੜਕ ਮਜ਼ਬੂਤ ਹੋਵੇ। ਨਾਲ ਹੀ ਬਲਾਕ ਦਾ ਆਕਾਰ ਵੱਡਾ ਨਹੀਂ ਹੋਣਾ ਚਾਹੀਦਾ। ਗਰਮੀਆਂ ’ਚ ਫੈਲਣ 'ਤੇ ਵੱਡੇ ਬਲਾਕ ਦੂਜੇ ਬਲਾਕ ਨਾਲ ਟਕਰਾਅ ਕੇ ਉਖੜ ਸਕਦੇ ਹਨ। ਜੇ ਜੋੜ ’ਚ ਜਗ੍ਹਾ ਘੱਟ ਹੋਵੇਗੀ ਤਾਂ ਸੜਕ ਨੂੰ ਫੈਲਣ ਲਈ ਥਾਂ ਨਹੀਂ ਮਿਲੇਗੀ ਤੇ ਸੜਕਾਂ ਦੇ ਉਖੜਨ ਦਾ ਖ਼ਤਰਾ ਵੱਧ ਜਾਂਦਾ ਹੈ।
---
ਸੀਵਰੇਜ ਲਾਈਨ ਰਾਹੀਂ ਗੈਸ ਬਣਨਾ ਵੀ ਕਾਰਨ
ਕੰਕਰੀਟ ਰੋਡ ’ਚ ਤਰੇੜ ਆਉਣ ਦੀ ਇਕ ਵੱਡੀ ਵਜ੍ਹਾ ਸੜਕ ਦੇ ਹੇਠਾਂ ਪਾਈ ਗਈ ਸੀਵਰੇਜ ਲਾਈਨ ’ਚ ਜਾਮ ਜਾਂ ਲੀਕੇਜ ਹੋ ਸਕਦੀ ਹੈ। ਸੜਕ ਦੇ ਹੇਠਾਂ ਗੰਦਾ ਪਾਣੀ ਹੋਣ ਤੇ ਗਰਮੀ ’ਚ ਇਸ ਪਾਣੀ ਤੋਂ ਗੈਸ ਬਣਦੀ ਹੈ ਤੇ ਦਬਾਅ ਵੱਧਣ 'ਤੇ ਸੜਕ ਦੇ ਬਲਾਕ ਉਖੜ ਜਾਂਦੇ ਹਨ। ਨਗਰ ਨਿਗਮ ਦੇ ਸੇਵਾਮੁਕਤ ਐੱਸਈ ਕੁਲਵਿੰਦਰ ਸਿੰਘ ਦਾ ਕਹਿਣਾ ਹੈ ਕਿ ਸੜਕ ਦੇ ਬੇਸ ’ਚ ਕਿਤੇ ਗੰਦਾ ਪਾਣੀ ਇਕੱਠਾ ਹੋਣ ਕਾਰਨ ਅਜਿਹੀ ਸੜਕ ਉਖੜਨ ਦਾ ਖ਼ਤਰਾ ਵੱਧ ਜਾਂਦਾ ਹੈ। ਸੜਕ ਦੇ ਹੇਠਾਂ ਜੰਮਿਆ ਗੰਦਾ ਪਾਣੀ ਗੈਸ ਬਣਾਉਂਦਾ ਹੈ। ਗਰਮੀ ’ਚ ਇਹ ਗੈਸ ਇੰਨੀ ਖਤਰਨਾਕ ਹੋ ਜਾਂਦੀ ਹੈ ਕਿ ਸੜਕ ਦੇ ਬਲਾਕ ਤੱਕ ਉਖਾੜ ਦਿੰਦੀ ਹੈ। ਇਸ ਲਈ ਜ਼ਰੂਰੀ ਹੈ ਕਿ ਕੰਕਰੀਟ ਦਾ ਕੰਮ ਕਰਨ ਤੋਂ ਪਹਿਲਾਂ ਹੇਠਾਂ ਪਾਈ ਗਈ ਸੀਵਰੇਜ ਲਾਈਨ ਨੂੰ ਜ਼ਰੂਰ ਚੈੱਕ ਕਰਨਾ ਚਾਹੀਦਾ ਹੈ। ਇਹ ਦੇਖਣਾ ਜ਼ਰੂਰੀ ਹੈ ਕਿ ਕਿਤੇ ਲੀਕੇਜ ਤਾਂ ਨਹੀਂ ਹੈ ਜਾਂ ਕਿਸੇ ਹੋਰ ਥਾਂ ਤੋਂ ਗੰਦਾ ਪਾਣੀ ਸੜਕ ਦੇ ਹੇਠਾਂ ਤਾਂ ਨਹੀਂ ਆ ਰਿਹਾ। ਇਸ ਦੇ ਬੇਸ ’ਚ ਗੜਬੜ ਹੋ ਸਕਦੀ ਹੈ। ਜੇ ਕੰਕਰੀਟ ਮਟੀਰੀਅਲ ਵਿਚ ਕਮੀ ਹੋਵੇਗੀ ਤਾਂ ਸੜਕ ਉਖੜਨ ਦੀ ਬਜਾਏ ਧਸ ਜਾਵੇਗੀ।
---
ਗਰਮੀ ਕਾਰਨ ਹੀ ਉਖੜ ਰਹੀਆਂ ਸੜਕਾਂ : ਐੱਸਈ
ਨਗਰ ਨਿਗਮ ਦੇ ਸੁਪਰਡੈਂਟ ਇੰਜੀਨੀਅਰ ਰਾਹੁਲ ਧਵਨ ਨੇ ਕੰਕਰੀਟ ਸੜਕਾਂ ਦੇ ਉਖੜਨ 'ਤੇ ਕਿਹਾ ਕਿ ਇਸ ਵਾਰ ਗਰਮੀ ਕਾਫੀ ਪੈ ਰਹੀ ਹੈ। ਇਸ ਕਾਰਨ ਸੜਕਾਂ ਵੱਧ ਫੈਲ ਰਹੀਆਂ ਹਨ। ਨਿਰਮਾਣ ਦੌਰਾਨ ਕੰਕਰੀਟ ਰੋਡ ਦੇ ਦੋ ਬਲਾਕਾਂ ਦੇ ਵਿਚਾਲੇ ਜੋੜ ’ਚ ਥਾਂ ਛੱਡੀ ਜਾ ਰਹੀ ਹੈ ਪਰ ਵੱਧ ਫੈਲਣ ਕਾਰਨ ਸੜਕ ਉਖੜਨ ਦੀਆਂ ਘਟਨਾਵਾਂ ਵਧੀਆਂ ਹਨ। ਧਵਨ ਨੇ ਕਿਹਾ ਕਿ ਇਹ ਪਹਿਲੀ ਵਾਰ ਹੋ ਰਿਹਾ ਹੈ। ਨਗਰ ਨਿਗਮ ਇਸ ਦੀ ਤਕਨੀਕੀ ਜਾਂਚ ਵੀ ਕਰਵਾ ਰਿਹਾ ਹੈ ਤਾਂ ਜੋ ਅੱਗੇ ਤੋਂ ਅਜਿਹੀ ਮੁਸ਼ਕਲ ਨਾ ਆਏ। ਜਾਂਚ ’ਚ ਦੇਖਿਆ ਜਾਵੇਗਾ ਕਿ ਜੋੜ, ਬੇਸ ਵਰਕ ਤੇ ਨਿਰਮਾਣ ’ਚ ਕਿੱਥੇ ਕਮੀ ਰਹੀ।
---
ਵਿਜੀਲੈਂਸ ਨੂੰ ਸ਼ਿਕਾਇਤ ਦੇ ਚੁੱਕੇ ਕੇਡੀ ਭੰਡਾਰੀ
ਬਾਬਾ ਮੋਹਨ ਦਾਸ ਨਗਰ ’ਚ ਸੜਕ ਉਖੜਨ ਦੇ ਮਾਮਲੇ ’ਚ ਉੱਤਰੀ ਵਿਧਾਨ ਸਭਾ ਖੇਤਰ ਦੇ ਸਾਬਕਾ ਵਿਧਾਇਕ ਕ੍ਰਿਸ਼ਨ ਦੇਵ ਭੰਡਾਰੀ ਨੇ ਨਗਰ ਨਿਗਮ ਤੋਂ ਜਾਂਚ ਦੀ ਮੰਗ ਕੀਤੀ ਸੀ ਪਰ ਹਾਲੇ ਤੱਕ ਕੋਈ ਜਾਂਚ ਸ਼ੁਰੂ ਨਹੀਂ ਹੋਈ ਹੈ। ਭੰਡਾਰੀ ਨੇ ਇਲਾਕੇ ਦੇ ਨਿਵਾਸੀਆਂ ਨਾਲ ਵਿਜੀਲੈਂਸ ਬਿਊਰੋ ਨੂੰ ਸ਼ਿਕਾਇਤ ਦੇ ਕੇ ਕਾਰਵਾਈ ਦੀ ਮੰਗ ਕੀਤੀ ਹੈ। ਉਨ੍ਹਾਂ ਕਿਹਾ ਕਿ ਨਵੀਂ ਬਣੀ ਸੜਕ ਦਾ ਵਾਰ-ਵਾਰ ਉਖੜਨਾ ਚਿੰਤਾ ਦਾ ਵਿਸ਼ਾ ਹੈ। ਨਿਗਮ ਦੇ ਕੰਮ ਦੀ ਗੁਣਵੱਤਾ 'ਤੇ ਸਵਾਲ ਉਠ ਰਹੇ ਹਨ ਪਰ ਜਾਂਚ ਤੱਕ ਨਹੀਂ ਕਰਵਾਈ ਜਾ ਰਹੀ। ਬੇਸ਼ੱਕ ਸੜਕ ਦੇ ਟੁੱਟੇ ਹਿੱਸੇ ਨੂੰ ਬਣਾ ਦਿੱਤਾ ਗਿਆ ਹੈ ਪਰ ਇਸ ਨਾਲ ਦੋਸ਼ ਖਤਮ ਨਹੀਂ ਹੁੰਦਾ।