ਪੰਜਾਬੀ ਪਾਠ ਪੁਸਤਕਾਂ ’ਚ ਗਲਤ ਭਾਸ਼ਾ ਬਾਰੇ ਡੀਸੀ ਤੇ ਸੀਪੀ ਨੂੰ ਸ਼ਿਕਾਇਤ
ਪੰਜਾਬੀ ਪਾਠ ਪੁਸਤਕਾਂ ’ਚ ਗਲਤ ਭਾਸ਼ਾ ਬਾਰੇ ਡੀਸੀ ਤੇ ਸੀਪੀ ਨੂੰ ਸ਼ਿਕਾਇਤ, ਕਾਰਵਾਈ ਦੀ ਮੰਗ
Publish Date: Tue, 24 Mar 2026 10:46 PM (IST)
Updated Date: Tue, 24 Mar 2026 10:49 PM (IST)
ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਜਲੰਧਰ : ਪੰਜਾਬ, ਹਰਿਆਣਾ, ਦਿੱਲੀ ਸਮੇਤ ਹੋਰ ਰਾਜਾਂ ਦੇ ਸਕੂਲਾਂ ’ਚ ਵਰਤੀਆਂ ਜਾ ਰਹੀਆਂ ਪੰਜਾਬੀ ਪਾਠ ਪੁਸਤਕਾਂ ਨੂੰ ਲੈ ਕੇ ਗੰਭੀਰ ਚਿੰਤਾਵਾਂ ਪ੍ਰਗਟਾਈਆਂ ਗਈਆਂ ਹਨ। ਇਹ ਪੁਸਤਕਾਂ ਜਲੰਧਰ-ਦਿੱਲੀ ਦੇ ਪ੍ਰਕਾਸ਼ਕਾਂ ਵੱਲੋਂ ਛਪੀਆਂ ਹੋਈਆਂ ਹਨ ਤੇ ਕਈ ਸਕੂਲਾਂ ’ਚ ਵਰਤੀਆਂ ਜਾ ਰਹੀਆਂ ਹਨ। ਮੰਗਲਵਾਰ ਨੂੰ ਹਿੰਦੂ ਏਕਤਾ ਮੰਚ ਕਮੇਟੀ ਦੇ ਪ੍ਰਧਾਨ ਅਤੁਲ ਚੱਢਾ ਤੇ ਨਗਰ ਨਿਗਮ ਕਰਮਚਾਰੀ ਤਾਲਮੇਲ ਕਮੇਟੀ ਦੇ ਪ੍ਰਧਾਨ ਪ੍ਰੇਮਪਾਲ ਡੁਮੇਲੀ ਨੇ ਮਹੇਸ਼ ਦੱਤ ਤੇ ਕਸ਼ਮੀਰੀ ਲਾਲ ਦੇ ਨਾਲ ਡੀਸੀ ਦੀ ਗੈਰ-ਹਾਜ਼ਰੀ ’ਚ ਸੁਪਰਡੈਂਟ ਦਵਿੰਦਰ ਪਾਲ ਸਿੰਘ ਨੂੰ ਸ਼ਿਕਾਇਤ ਦੇ ਕੇ ਕਾਰਵਾਈ ਦੀ ਮੰਗ ਕੀਤੀ।
ਸ਼ਿਕਾਇਤ ’ਚ ਕਿਹਾ ਗਿਆ ਹੈ ਕਿ ਇਹ ਕਿਤਾਬਾਂ ਪ੍ਰੀ-ਨਰਸਰੀ ਤੋਂ ਕਲਾਸ ਅੱਠਵੀਂ ਤੱਕ ਦੇ ਵਿਦਿਆਰਥੀਆਂ ਲਈ ਹਨ, ਜੋ ਨਵੀ ਨੁਹਾਰ, ਨਵੀ ਨੁਹਾਰ ਡੀਏਵੀ, ਨਿਕੁੰਜ, ਨਿਰਮੋਲਕ ਆਦਿ ਵੱਖ-ਵੱਖ ਨਾਵਾਂ ਨਾਲ ਪ੍ਰਕਾਸ਼ਿਤ ਕੀਤੀਆਂ ਗਈਆਂ ਹਨ। ਇਨ੍ਹਾਂ ਪੁਸਤਕਾਂ ਦਾ ਪ੍ਰਕਾਸ਼ਨ ਸਮਾਜ ਦੇ ਕਿਸੇ ਖਾਸ ਵਰਗ ਤੇ ਆਮ ਲੋਕਾਂ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦੇ ਇਰਾਦੇ ਨਾਲ ਕੀਤਾ ਗਿਆ ਦੱਸਿਆ ਗਿਆ ਹੈ। ਪ੍ਰਕਾਸ਼ਨ ਦੇ ਤਰੀਕੇ ’ਤੇ ਵੀ ਸਵਾਲ ਉੱਠ ਰਹੇ ਹਨ, ਕਿਉਂਕਿ ਇਕੋ ਹੀ ਵਿਸ਼ਾਵਸਤੂ ਨੂੰ ਵੱਖ-ਵੱਖ ਬ੍ਰਾਂਡ ਨਾਮਾਂ ਨਾਲ ਛਾਪਿਆ ਗਿਆ ਹੈ ਤੇ ਇਨ੍ਹਾਂ ਪੁਸਤਕਾਂ ’ਚ ਪ੍ਰਕਾਸ਼ਕ ਬਾਰੇ ਪੂਰੀ ਜਾਣਕਾਰੀ ਵੀ ਉਪਲੱਬਧ ਨਹੀਂ ਹੈ। ਸੀਬੀਐੱਸਈ ਨੇ (2024) ’ਚ ਜਾਰੀ ਹਦਾਇਤਾਂ ’ਚ ਕਿਹਾ ਸੀ ਕਿ ਸਕੂਲ ਇਹ ਯਕੀਨੀ ਬਣਾਉਣ ਕਿ ਕਿਸੇ ਵੀ ਪਾਠ ਪੁਸਤਕ ’ਚ ਅਜਿਹੀ ਸਮੱਗਰੀ ਨਾ ਹੋਵੇ ਜੋ ਕਿਸੇ ਵੀ ਵਰਗ, ਭਾਈਚਾਰੇ, ਲਿੰਗ ਜਾਂ ਧਰਮ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਵੇ। ਨਾਲ ਹੀ ਸਕੂਲ ਪ੍ਰਬੰਧਨ ਦੀ ਜ਼ਿੰਮੇਵਾਰੀ ਹੋਵੇਗੀ ਕਿ ਉਹ ਪਾਠ ਪੁਸਤਕਾਂ ਨੂੰ ਪੂਰੀ ਜਾਂਚ ਤੋਂ ਬਾਅਦ ਹੀ ਮਨਜ਼ੂਰੀ ਦੇਣ। ਇਸ ਦੇ ਬਾਵਜੂਦ ਕਈ ਸਕੂਲਾਂ ’ਚ ਇਹ ਪੁਸਤਕਾਂ ਵਰਤੀਆਂ ਜਾ ਰਹੀਆਂ ਹਨ। ਸ਼ਿਕਾਇਤਕਰਤਿਆਂ ਨੇ ਪੰਜਾਬ ਦੇ ਮੁੱਖ ਮੰਤਰੀ, ਸਿੱਖਿਆ ਮੰਤਰੀ, ਭਾਰਤ ਦੇ ਸਿੱਖਿਆ ਮੰਤਰੀ, ਪੰਜਾਬ ਐੱਸਸੀ-ਐੱਸਟੀ ਕਮਿਸ਼ਨ, ਭਾਰਤ ਦੇ ਐੱਸਸੀ-ਐੱਸਟੀ ਕਮਿਸ਼ਨ, ਸੀਬੀਐੱਸਈ, ਜਲੰਧਰ ਦੇ ਡੀਸੀ ਤੇ ਪੁਲਿਸ ਕਮਿਸ਼ਨਰ ਦੇ ਕੋਲ ਵੀ ਸ਼ਿਕਾਇਤ ਦਰਜ ਕਰਵਾਈ ਹੈ। ਇਸ ’ਚ ਪ੍ਰਕਾਸ਼ਕ ’ਤੇ ਪਾਬੰਦੀ ਲਗਾਉਣ, ਇਹ ਪੁਸਤਕਾਂ ਵਾਪਸ ਮੰਗਵਾਉਣ, ਜ਼ਿੰਮੇਵਾਰੀ ਤੈਅ ਕਰਨ ਤੇ ਕਾਨੂੰਨੀ ਕਾਰਵਾਈ ਕਰਨ ਦੇ ਨਾਲ ਨਾਲ ਐੱਫਆਈਆਰ ਦਰਜ ਕਰਨ ਦੀ ਅਪੀਲ ਕੀਤੀ ਗਈ ਹੈ।