ਸਾਮਰਾਜੀ ਲੁੱਟ, ਦਾਬੇ ਤੇ ਪਸਾਰਵਾਦ ਖਿਲਾਫ ਪ੍ਰਚੰਡ ਲਹਿਰ ਚਲਾਉਣਗੇ ਕਮਿਊਨਿਸਟ : ਪਾਸਲਾ
ਸਾਮਰਾਜੀ ਲੁੱਟ, ਦਾਬੇ ਤੇ ਪਸਾਰਵਾਦ ਖਿਲਾਫ ਪ੍ਰਚੰਡ ਲੋਕ ਯੁੱਧ ਵਿੱਢਣਗੇ ਕਮਿਊਨਿਸਟ
Publish Date: Mon, 05 Jan 2026 06:53 PM (IST)
Updated Date: Tue, 06 Jan 2026 04:06 AM (IST)

-ਵੇਨਜ਼ੁਏਲਾ ਤੇ ਅਮਰੀਕੀ ਹੱਲੇ ਦੇ ਵਿਰੋਧ ’ਚ ਪਿੰਡਾਂ-ਸ਼ਹਿਰਾਂ ਚ ਫੂਕੇ ਜਾਣਗੇ ਟਰੰਪ ਦੇ ਪੁਤਲੇ ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਜਲੰਧਰ : ਸੀਪੀਆਈ ਦੇ ਸੂਬਾ ਸਕੱਤਰ ਸਾਥੀ ਬੰਤ ਬਰਾੜ, ਆਰਐੱਮਪੀਆਈ ਦੇ ਜਨਰਲ ਸਕੱਤਰ ਸਾਥੀ ਮੰਗਤ ਰਾਮ ਪਾਸਲਾ, ਸੀਪੀਆਈ (ਐੱਮਐੱਲ) ਲਿਬ੍ਰੇਸ਼ਨ ਦੇ ਸੂਬਾ ਸਕੱਤਰ ਸਾਥੀ ਗੁਰਮੀਤ ਸਿੰਘ ਬਖ਼ਤਪੁਰ ਤੇ ਸੀਪੀਆਈ (ਐੱਮਐੱਲ) ਨਿਊ ਡੈਮੋਕ੍ਰੇਸੀ ਦੇ ਸੀਨੀਅਰ ਆਗੂ ਸਾਥੀ ਅਜਮੇਰ ਸਿੰਘ ਸਮਰਾ ਨੇ ਹਮ ਖਿਆਲ ਸਿਆਸੀ ਧਿਰਾਂ ਤੇ ਜਨ ਸੰਗਠਨਾਂ, ਨਿਆਂ ਪਸੰਦ ਤੇ ਪ੍ਰਗਤੀਸ਼ੀਲ ਤਾਕਤਾਂ ਨਾਲ ਮਿਲ ਕੇ ਵੈਨੇਜ਼ੁਏਲਾ ਤੇ ਅਮਰੀਕੀ ਹੱਲੇ ਖਿਲਾਫ ਨਿਰੰਤਰ ਪ੍ਰਤੀਰੋਧ ਮੁਹਿੰਮ ਚਲਾਉਣ ਦਾ ਐਲਾਨ ਕੀਤਾ ਹੈ। ਆਰਐੱਮਪੀਆਈ ਦੇ ਸੂਬਾ ਸਕੱਤਰ ਸਾਥੀ ਪਰਗਟ ਸਿੰਘ ਜਾਮਾਰਾਏ ਨੇ ਉਕਤ ਆਗੂਆਂ ਵੱਲੋਂ ਜਾਰੀ ਇਕ ਸਾਂਝੇ ਬਿਆਨ ਰਾਹੀਂ ਇਹ ਜਾਣਕਾਰੀ ਦਿੰਦਿਆਂ ਚਾਰਾਂ ਪਾਰਟੀਆਂ ਦੀਆਂ ਹੇਠਲੀਆਂ ਈਕਾਈਆਂ ਨੂੰ ਸੱਦਾ ਦਿੱਤਾ ਹੈ ਕਿ ਪਿੰਡਾਂ-ਸ਼ਹਿਰਾਂ ਅੰਦਰ ਅਮਰੀਕੀ ਸਾਮਰਾਜ ਦੀ ਉਕਤ ਦਾਦਾਗਿਰੀ ਖਿਲਾਫ ਸਮੂਹ ਲੋਕਾਈ, ਖਾਸ ਕਰ ਕੇ ਕਿਰਤੀ ਵਰਗਾਂ ਨੂੰ ਜਾਗਰੂਕ ਤੇ ਜਥੇਬੰਦ ਕਰਨ ਪੱਖੋਂ ਕੋਈ ਕਸਰ ਬਾਕੀ ਨਾ ਛੱਡੀ ਜਾਵੇ ਤੇ ਥਾਂ ਪੁਰ ਥਾਂ ਵੱਡੇ ਲੋਕ ਇਕੱਠ ਕਰਕੇ ਟਰੰਪ ਦੇ ਪੁਤਲੇ ਫੂਕੇ ਜਾਣ। ਕਮਿਊਨਿਸਟ ਆਗੂਆਂ ਨੇ ਟਰੰਪ ਦੇ ਇਸ ਪਸਾਰਵਾਦੀ ਹੱਲੇ ਦੀ ਡੱਟਵੀਂ, ਸਪਸ਼ਟ ਨਿਖੇਧੀ ਨਾ ਕਰਨ ਬਦਲੇ ਕੇਂਦਰ ਦੀ ਮੋਦੀ ਸਰਕਾਰ ਦੀ ਵੀ ਕਰੜੀ ਨਿਖੇਧੀ ਕਰਦਿਆਂ ਚਿਤਾਵਨੀ ਦਿੱਤੀ ਹੈ ਕਿ ਵੈਨਜ਼ੁਏਲਾ ਤੇ ਅਮਰੀਕੀ ਹੱਲਾ ਸੰਸਾਰ ਦੇ ਸਭਨਾਂ ਨਵੇਂ ਆਜ਼ਾਦ ਹੋਏ, ਖੁਦ ਮੁਖਤਾਰ ਦੇਸ਼ਾਂ ਤੇ ਵਿਕਾਸਸ਼ੀਲ ਰਾਸ਼ਟਰਾਂ ਲਈ ਖਤਰੇ ਦੀ ਘੰਟੀ ਹੈ। ਉਨ੍ਹਾਂ ਕਿਹਾ ਕਿ ਇਹ ਗੱਲ ਦਿਨੋ-ਦਿਨ ਵਧੇਰੇ ਤੋਂ ਵਧੇਰੇ ਸਾਫ ਹੁੰਦੀ ਜਾ ਰਹੀ ਹੈ ਕਿ ਅਮਰੀਕਾ ਦੀ ਅਗਵਾਈ ਹੇਠਲਾ ਸਾਮਰਾਜੀ ਦੇਸ਼ਾਂ ਦਾ ਗੁਟ ਆਪਣੇ ਆਰਥਕ ਸੰਕਟ ਦਾ ਹੱਲ ਲੱਭਣ ਲਈ ਵਿਸ਼ਵ ਦੇ ਸਭਨਾਂ ਮੁਲਕਾਂ, ਖਾਸ ਕਰਕੇ ਸੰਸਾਰਕ ਦੱਖਣ ਦੇ ਦੇਸ਼ਾਂ ਦੇ ਕੁਦਰਤੀ ਤੇ ਮਾਨਵੀ ਵਸੀਲੇ ਹੜੱਪਣ ਲਈ ਵਹਿਸ਼ੀਪੁਣੇ ਦੀ ਕਿਸੇ ਵੀ ਹੱਦ ਤੱਕ ਜਾ ਸਕਦਾ ਹੈ। ਆਗੂਆਂ ਨੇ ਕਿਹਾ ਕਿ ਅਮਰੀਕਾ ਦੀਆਂ ਧੌਂਸਵਾਦੀ ਕਾਰਵਾਈਆਂ ਤੋਂ ਨਵੀਂ ਵਿਸ਼ਵ ਜੰਗ ਛਿੜਨ ਦਾ ਖਤਰਾ ਪਲੋ-ਪਲੀ ਵਧਦਾ ਜਾ ਰਿਹਾ ਹੈ ਤੇ ਵਿਸ਼ਵ ਭਰ ਦੇ ਅਮਨ ਪ੍ਰੇਮੀਆਂ ਨੂੰ ਬਿਨਾਂ ਦੇਰੀ ਇਸ ਨੂੰ ਰੋਕਣ ਲਈ ਕਮਰਕੱਸੇ ਕਰ ਲੈਣੇ ਚਾਹੀਦੇ ਹਨ। ਉਨ੍ਹਾਂ ਕਿਹਾ ਕਿ ਇਹ ਹਮੇਸ਼ਾ ਯਾਦ ਰੱਖਣ ਯੋਗ ਹੈ ਕਿ ਪਿਛਲੀਆਂ ਦੋ ਸੰਸਾਰ ਜੰਗਾਂ ਵੀ ਸਾਮਰਾਜੀਆਂ ਦੀ ਇਸੇ ਪਸਾਰਵਾਦੀ ਨੀਤੀ ਦੀ ਪੈਦਾਇਸ਼ ਸਨ। ਆਗੂਆਂ ਨੇ ਸਮੂਹ ਦੇਸ਼ ਵਾਸੀਆਂ ਨੂੰ ਸਾਮਰਾਜ ਦੇ ਉਕਤ ਤਬਾਹਕੁੰਨ ਨੀਤੀ ਚੌਖਟੇ ਖਿਲਾਫ ਹਰ ਮੁਹਾਜ਼ ਤੋਂ ਸ਼ਕਤੀਸ਼ਾਲੀ ਪ੍ਰਤੀਰੋਧ ਉਸਾਰਨ ਤੇ ਅਮਨ ਦੇ ਚਾਹਵਾਨ ਵਿਸ਼ਵ ਨਾਗਰਿਕਾਂ ਨਾਲ ਯਕਜਹਿਤੀ ਪ੍ਰਗਟਾਉਣ ਦੀ ਅਪੀਲ ਕੀਤੀ ਹੈ।