ਕਾਰੋਬਾਰੀ ਸਿਲੰਡਰਾਂ ਦੀ 20 ਫ਼ੀਸਦੀ ਸਪਲਾਈ ਲਈ ਬਣੇਗੀ ਕਮੇਟੀ
ਜਾਗਰਣ ਸੰਵਾਦਦਾਤਾ, ਜਲੰਧਰ :
Publish Date: Tue, 17 Mar 2026 10:36 PM (IST)
Updated Date: Tue, 17 Mar 2026 10:40 PM (IST)
ਜਾਗਰਣ ਸੰਵਾਦਦਾਤਾ, ਜਲੰਧਰ : ਖੁਰਾਕ ਅਤੇ ਸਪਲਾਈ ਵਿਭਾਗ ਨੇ ਕਾਰੋਬਾਰੀ ਗੈਸ ਸਿਲੰਡਰਾਂ ਦੀ 20 ਫ਼ੀਸਦੀ ਸਪਲਾਈ ਦੇਣ ਲਈ ਪੂਰੇ ਸੂਬੇ ’ਚ ਜ਼ਿਲ੍ਹਾ ਪੱਧਰ 'ਤੇ ਕਮੇਟੀ ਬਣਾਉਣ ਦੇ ਨਿਰਦੇਸ਼ ਜਾਰੀ ਕੀਤੇ ਹਨ। ਇਸ ਕਮੇਟੀ ਤਹਿਤ ਹਸਪਤਾਲਾਂ ਅਤੇ ਸਿੱਖਿਆ ਸੰਸਥਾਵਾਂ ਦੇ ਨਾਲ-ਨਾਲ, ਧੀ ਦੇ ਵਿਆਹ 'ਤੇ ਸਰਕਾਰੀ ਹਦਾਇਤਾਂ ਮੁਤਾਬਕ ਗੈਸ ਸਿਲੰਡਰ ਜਾਰੀ ਕਰਨ ਦੇ ਫੈਸਲੇ ਲਈ ਹੁਕਮ ਦਿੱਤੇ ਗਏ ਹਨ। ਵਿਭਾਗ ਵੱਲੋਂ ਜਾਰੀ ਕੀਤੇ ਨਿਰਦੇਸ਼ਾਂ ਅਨੁਸਾਰ, ਇਸ ਲਈ ਜ਼ਿਲ੍ਹਾ ਪੱਧਰ 'ਤੇ ਵੱਖ-ਵੱਖ ਵਿਭਾਗਾਂ ਦੇ ਜ਼ਿਲ੍ਹਾ ਅਧਿਕਾਰੀਆਂ ’ਤੇ ਆਧਾਰਿਤ ਇਕ ਕਮੇਟੀ ਬਣਾਈ ਜਾਵੇਗੀ। ਇਸ ਕਮੇਟੀ ’ਚ ਐੱਸਐੱਸਐੱਸਪੀ, ਮੈਡੀਕਲ ਅਫਸਰ, ਜ਼ਿਲਾ ਸਿੱਖਿਆ ਅਧਿਕਾਰੀ, ਖੁਰਾਕ ਅਤੇ ਸਪਲਾਈ ਵਿਭਾਗ ਦੇ ਜ਼ਿਲ੍ਹਾ ਅਧਿਕਾਰੀ ਅਤੇ ਤੇਲ ਕੰਪਨੀਆਂ ਦੇ ਜ਼ਿਲ੍ਹਾ ਕੋਆਰਡੀਨੇਟਰ ਸ਼ਾਮਲ ਹੋਣਗੇ। ਇਹ ਕਮੇਟੀ ਹੁਣ ਤੱਕ ਜਾਰੀ ਹੋ ਰਹੀ ਕਾਰੋਬਾਰੀ ਗੈਸ ਸਿਲੰਡਰਾਂ ਦੀ ਕੁੱਲ ਸਪਲਾਈ ਵਿੱਚੋਂ 20 ਫ਼ੀਸਦੀ ਸਪਲਾਈ ਦੇਣ ਦਾ ਆਖ਼ਰੀ ਫੈਸਲਾ ਲਵੇਗੀ। ਵਿਭਾਗ ਨੇ ਇਸ ਕਮੇਟੀ ਨੂੰ ਹਰ ਰੋਜ਼ ਸਵੇਰੇ 10 ਵਜੇ ਬੈਠਕ ਕਰਨ ਤੇ ਤੇਲ ਕੰਪਨੀਆਂ ਦੇ ਜ਼ਿਲ੍ਹਾ ਫੀਲਡ ਅਫਸਰਾਂ ਨੂੰ ਕਾਰੋਬਾਰੀ ਸਿਲੰਡਰ ਉਪਲੱਬਧ ਕਰਨ ਦੇ ਨਿਰਦੇਸ਼ ਵੀ ਦਿੱਤੇ ਹਨ।