ਸੇਵਾਮੁਕਤ ਆਰਮੀ ਅਫਸਰ ਨਾਲ ਹਥਿਆਰਾਂ ਦੇ ਜ਼ੋਰ ’ਤੇ ਲੁੱਟ, ਕੀਤੀ ਕੁੱਟਮਾਰ
ਕਮਿਸ਼ਨਰ ਮੈਡਮ ਬਚਾਓ, ਲੁਟੇਰੇ ਲੁੱਟ ਵੀ ਰਹੇ ਹਨ ਤੇ ਕੁੱਟ ਵੀ ਰਹੇ ਹਨ...
Publish Date: Sun, 05 Apr 2026 09:47 PM (IST)
Updated Date: Sun, 05 Apr 2026 09:49 PM (IST)

- ਗੁਰੂ ਨਾਨਕਪੁਰਾ ਮਾਰਕੀਟ ’ਚ ਸਵੇਰੇ ਤੜਕੇ 4:30 ਵਜੇ ਵਾਪਰੀ ਵਾਰਦਾਤ, ਤਿੰਨ ਬਦਮਾਸ਼ ਨਕਦੀ ਲੁੱਟ ਕੇ ਫ਼ਰਾਰ ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਜਲੰਧਰ : ਜਲੰਧਰ ’ਚ ਲੁਟੇਰੇ ਸਿਰਫ਼ ਲੁੱਟ ਹੀ ਨਹੀਂ ਕਰ ਰਹੇ, ਸਗੋਂ ਹਮਲਾ ਕਰ ਕੇ ਕੁੱਟਮਾਰ ਵੀ ਕਰ ਰਹੇ ਹਨ। ਸ਼ਹਿਰ ਦੇ ਗੁਰੂ ਨਾਨਕਪੁਰਾ ਇਲਾਕੇ ’ਚ ਇੱਕ ਸੇਵਾਮੁਕਤ ਆਰਮੀ ਕਲੈਰੀਕਲ ਅਫਸਰ ਨੂੰ ਨਿਸ਼ਾਨਾ ਬਣਾਉਂਦੇ ਹੋਏ ਤਿੰਨ ਲੁਟੇਰਿਆਂ ਨੇ ਹਥਿਆਰਾਂ ਦੇ ਜ਼ੋਰ ’ਤੇ ਲੁੱਟ ਦੀ ਵਾਰਦਾਤ ਨੂੰ ਅੰਜਾਮ ਦਿੱਤਾ। ਵਿਰੋਧ ਕਰਨ ’ਤੇ ਬਜ਼ੁਰਗ ਅਫਸਰ ਨਾਲ ਕੁੱਟਮਾਰ ਵੀ ਕੀਤੀ ਗਈ, ਜਿਸ ਤੋਂ ਬਾਅਦ ਮੁਲਜ਼ਮ ਮੌਕੇ ਤੋਂ ਫ਼ਰਾਰ ਹੋ ਗਏ। ਜਾਣਕਾਰੀ ਮੁਤਾਬਿਕ 88 ਸਾਲਾ ਸੂਰਜ ਸਿੰਘ, ਜੋ ਆਰਮੀ ਤੋਂ ਸੇਵਾਮੁਕਤ ਕਲੈਰੀਕਲ ਅਫਸਰ ਹਨ ਤੇ ਗੁਰੂ ਨਾਨਕਪੁਰਾ ਵੈਸਟ ਦੇ ਰਹਿਣ ਵਾਲੇ ਹਨ, ਹਰ ਰੋਜ਼ ਦੀ ਤਰ੍ਹਾਂ ਸਵੇਰੇ ਸੈਰ ਕਰਨ ਤੇ ਸ਼ਹਿਰ ਵੱਲ ਜਾਣ ਲਈ ਨਿਕਲੇ ਸਨ। ਐਤਵਾਰ ਸਵੇਰੇ ਤੜਕੇ ਕਰੀਬ 4:30 ਵਜੇ ਜਦੋਂ ਉਹ ਗੁਰੂ ਨਾਨਕਪੁਰਾ ਫਾਟਕ ਦੇ ਨੇੜੇ ਸਥਿਤ ਮਾਰਕੀਟ ਕੋਲ ਪਹੁੰਚੇ ਤਾਂ ਅਚਾਨਕ ਇੱਕ ਨੌਜਵਾਨ ਨੇ ਪਿੱਛੋਂ ਆ ਕੇ ਉਨ੍ਹਾਂ ਦੇ ਹੱਥ ਫੜ ਲਏ। ਸੂਰਜ ਸਿੰਘ ਨੇ ਹਿੰਮਤ ਦਿਖਾਉਂਦੇ ਹੋਏ ਆਪਣੇ ਆਪ ਨੂੰ ਛੁਡਾਉਣ ਦੀ ਕੋਸ਼ਿਸ਼ ਕੀਤੀ। ਉਨ੍ਹਾਂ ਦੇ ਹੱਥ ’ਚ ਇੱਕ ਡੰਡਾ ਵੀ ਸੀ, ਜੋ ਉਹ ਸੁਰੱਖਿਆ ਵਾਸਤੇ ਨਾਲ ਰੱਖਦੇ ਸਨ। ਪਰ ਇਸ ਦੌਰਾਨ ਦੋ ਹੋਰ ਲੁਟੇਰੇ ਵੀ ਮੌਕੇ ’ਤੇ ਪਹੁੰਚ ਗਏ ਤੇ ਤਿੰਨਾਂ ਨੇ ਮਿਲ ਕੇ ਉਨ੍ਹਾਂ ਨੂੰ ਕਾਬੂ ਕਰ ਲਿਆ। ਇਸ ਦੌਰਾਨ ਇਕ ਬਦਮਾਸ਼ ਨੇ ਲੋਹੇ ਦੀ ਰਾਡ ਵਰਗੇ ਹਥਿਆਰ ਨਾਲ ਉਨ੍ਹਾਂ ਦੇ ਹੱਥ ’ਤੇ ਵਾਰ ਕਰ ਦਿੱਤਾ, ਜਿਸ ਨਾਲ ਉਹ ਜ਼ਖ਼ਮੀ ਹੋ ਗਏ। ਹਮਲੇ ਤੋਂ ਬਾਅਦ ਮੁਲਜ਼ਮਾਂ ਨੇ ਉਨ੍ਹਾਂ ਦੀ ਜੇਬ ਵਿੱਚੋਂ 200 ਰੁਪਏ ਨਕਦ ਲੁੱਟ ਲਏ ਅਤੇ ਮੌਕੇ ਤੋਂ ਫ਼ਰਾਰ ਹੋ ਗਏ। ਹੈਰਾਨੀ ਦੀ ਗੱਲ ਹੈ ਕਿ ਲੁਟੇਰਿਆਂ ਨੇ ਸਿਰਫ਼ ਕੁਝ ਸੌ ਰੁਪਏ ਲਈ ਇੰਨੀ ਬੇਰਹਿਮੀ ਦਿਖਾਈ। ਘਟਨਾ ਤੋਂ ਬਾਅਦ ਪੀੜਤ ਨੇ ਥਾਣਾ ਰਾਮਾ ਮੰਡੀ ਪੁਲਿਸ ਨੂੰ ਸ਼ਿਕਾਇਤ ਦੇ ਦਿੱਤੀ ਹੈ। ਪੁਲਿਸ ਨੇ ਮਾਮਲਾ ਦਰਜ ਕਰ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ ਤੇ ਆਸ-ਪਾਸ ਲੱਗੇ ਸੀਸੀਟੀਵੀ ਫੁਟੇਜ ਦੀ ਜਾਂਚ ਕੀਤੀ ਜਾ ਰਹੀ ਹੈ, ਤਾਂ ਜੋ ਮੁਲਜ਼ਮਾਂ ਦੀ ਪਛਾਣ ਕਰ ਕੇ ਉਨ੍ਹਾਂ ਨੂੰ ਜਲਦੀ ਗ੍ਰਿਫ਼ਤਾਰ ਕੀਤਾ ਜਾ ਸਕੇ।