ਮੀਂਹ ਤੇ ਗੜੇਮਾਰੀ ਕਾਰਨ ਦੋ ਦਿਨਾਂ ’ਚ ਤਾਪਮਾਨ 10 ਡਿਗਰੀ ਡਿੱਗਿਆ
ਬਰਸਾਤ ਤੇ ਓਲਾਵ੍ਰਿਸ਼ਟੀ ਨਾਲ ਮੁੜ ਆਈ ਠੰਢ, ਦੋ ਦਿਨਾਂ ’ਚ ਤਾਪਮਾਨ 10 ਡਿਗਰੀ ਘਟਿਆ
Publish Date: Mon, 16 Mar 2026 10:51 PM (IST)
Updated Date: Mon, 16 Mar 2026 10:55 PM (IST)

-ਮੀਂਹ ਕਾਰਨ ਲੋਕਾਂ ਨੇ ਮੁੜ ਕੱਢੇ ਗਰਮ ਕੱਪੜੇ ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਜਲੰਧਰ : ਮਹਾਨਗਰ ’ਚ ਪਿਛਲੇ ਦੋ ਦਿਨਾਂ ਤੋਂ ਰੁਕ-ਰੁਕ ਕੇ ਹੋ ਰਹੀ ਬਰਸਾਤ ਤੇ ਕੁਝ ਇਲਾਕਿਆਂ ’ਚ ਹੋਈ ਓਲਾਵ੍ਰਿਸ਼ਟੀ ਕਾਰਨ ਮੌਸਮ ਨੇ ਅਚਾਨਕ ਰੁਖ ਬਦਲ ਲਿਆ ਹੈ। ਕੇਵਲ ਦੋ ਦਿਨਾਂ ’ਚ ਹੀ ਵੱਧ ਤੋਂ ਵੱਧ ਤਾਪਮਾਨ ’ਚ ਕਰੀਬ 10 ਡਿਗਰੀ ਸੈਲਸੀਅਸ ਦੀ ਕਮੀ ਦਰਜ ਕੀਤੀ ਗਈ ਹੈ। ਸ਼ਨਿਚਰਵਾਰ ਤੱਕ ਜਿੱਥੇ ਤਾਪਮਾਨ 28 ਡਿਗਰੀ ਸੈਲਸੀਅਸ ਤੱਕ ਪਹੁੰਚ ਗਿਆ ਸੀ, ਉੱਥੇ ਸੋਮਵਾਰ ਸਵੇਰੇ ਇਹ ਘਟ ਕੇ ਲਗਭਗ 18 ਡਿਗਰੀ ਸੈਲਸੀਅਸ ਰਹਿ ਗਿਆ, ਜਦਕਿ ਘੱਟੋ-ਘੱਟ ਤਾਪਮਾਨ 12.1 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। ਪਿਛਲੇ 24 ਘੰਟਿਆਂ ’ਚ 3.5 ਮਿਲੀਮੀਟਰ ਬਰਸਾਤ ਰਿਕਾਰਡ ਕੀਤੀ ਗਈ ਹੈ। ਤੇਜ਼ ਹਵਾਵਾਂ ਐਤਵਾਰ ਤੋਂ ਹੀ ਚੱਲਣ ਲੱਗ ਪਈਆਂ ਸਨ ਜੋ ਸੋਮਵਾਰ ਸਵੇਰੇ ਤੱਕ ਜਾਰੀ ਰਹੀਆਂ। ਸਵੇਰੇ ਕਰੀਬ ਸਵਾ ਨੌਂ ਤੋਂ ਪੌਣੇ 10 ਵਜੇ ਦੇ ਦਰਮਿਆਨ ਹੋਈ ਬਰਸਾਤ ਦੇ ਨਾਲ ਕਈ ਇਲਾਕਿਆਂ ’ਚ ਗੜੇਮਾਰੀ ਵੀ ਹੋਈ। ਦਿਨ ਭਰ ਠੰਢੀਆਂ ਹਵਾਵਾਂ ਚੱਲਦੀਆਂ ਰਹਿਣ ਕਾਰਨ ਮੌਸਮ ’ਚ ਕਾਫ਼ੀ ਠੰਢਕ ਮਹਿਸੂਸ ਕੀਤੀ ਗਈ। ਤਾਪਮਾਨ ’ਚ ਆਈ ਇਸ ਅਚਾਨਕ ਕਮੀ ਕਾਰਨ ਲੋਕਾਂ ਨੂੰ ਇਕ ਵਾਰ ਫਿਰ ਅਲਮਾਰੀਆਂ ’ਚੋਂ ਜੈਕਟਾਂ ਤੇ ਸਵੈਟਰ ਕੱਢਣੇ ਪਏ। ਸ਼ਹਿਰ ਦੀਆਂ ਸੜਕਾਂ ਤੇ ਬਾਜ਼ਾਰਾਂ ’ਚ ਦਿਨ ਭਰ ਲੋਕ ਸਵੈਟਰ ਤੇ ਜੈਕਟ ਪਹਿਨੇ ਨਜ਼ਰ ਆਏ। ਫਰਵਰੀ ਦੇ ਆਖ਼ਰੀ ਹਫ਼ਤੇ ਤੋਂ ਲੈ ਕੇ ਮਾਰਚ ਦੇ ਵਿਚਕਾਰ ਤੱਕ ਤਾਪਮਾਨ ਕਰੀਬ 30 ਡਿਗਰੀ ਸੈਲਸੀਅਸ ਦੇ ਆਲੇ-ਦੁਆਲੇ ਰਹਿੰਦਾ ਸੀ। ਇਸ ਕਾਰਨ ਲੋਕ ਅੱਧੀ ਬਾਂਹਾਂ ਵਾਲੀਆਂ ਕਮੀਜ਼ਾਂ ਤੇ ਟੀ-ਸ਼ਰਟਾਂ ’ਚ ਹੀ ਨਜ਼ਰ ਆ ਰਹੇ ਸਨ। ਮੀਂਹ ਦਾ ਇਕ ਸਕਾਰਾਤਮਕ ਅਸਰ ਹਵਾ ਦੀ ਗੁਣਵੱਤਾ ’ਤੇ ਵੀ ਵੇਖਣ ਨੂੰ ਮਿਲਿਆ। ਬਰਸਾਤ ਕਾਰਨ ਵਾਤਾਵਰਨ ’ਚ ਮੌਜੂਦ ਧੂੜ ਤੇ ਪ੍ਰਦੂਸ਼ਣ ਦੇ ਕਣ ਹੇਠਾਂ ਬੈਠ ਗਏ, ਜਿਸ ਨਾਲ ਏਅਰ ਕੁਆਲਟੀ ਇੰਡੈਕਸ ’ਚ ਸੁਧਾਰ ਆਇਆ। ਘੱਟੋ-ਘੱਟ ਏਕਿਊਆਈ 39 ਤੇ ਵੱਧ ਤੋਂ ਵੱਧ 49 ਦਰਜ ਕੀਤਾ ਗਿਆ। ਇਸ ਕਰਕੇ ਦਿਨ ਭਰ ਸਾਫ਼ ਤੇ ਤਾਜ਼ਾ ਹਵਾ ਵਗਦੀ ਰਹੀ। ਹਾਲਾਂਕਿ ਬਰਸਾਤ ਤੇ ਓਲਾਵ੍ਰਿਸ਼ਟੀ ਨੇ ਕਿਸਾਨਾਂ ਦੀਆਂ ਚਿੰਤਾਵਾਂ ਵੀ ਵਧਾ ਦਿੱਤੀਆਂ ਹਨ। ਇਸ ਸਮੇਂ ਖੇਤਾਂ ’ਚ ਕਣਕ ਦੀ ਫਸਲ ਪੱਕਣ ਦੇ ਮੋੜ ਤੇ ਹੈ। ਜੇ ਲਗਾਤਾਰ ਮੀਂਹ ਕਾਰਨ ਖੇਤਾਂ ’ਚ ਪਾਣੀ ਖੜ੍ਹਾ ਰਹਿ ਗਿਆ ਜਾਂ ਤੇਜ਼ ਹਵਾਵਾਂ ਨਾਲ ਓਲੇ ਪਏ ਤਾਂ ਫਸਲ ਡਿੱਗਣ ਦਾ ਖਤਰਾ ਵੱਧ ਜਾਂਦਾ ਹੈ। ਇਸ ਨਾਲ ਦਾਣੇ ਦੀ ਗੁਣਵੱਤਾ ਤੇ ਪੈਦਾਵਾਰ ਦੋਵੇਂ ਪ੍ਰਭਾਵਿਤ ਹੋ ਸਕਦੇ ਹਨ। ਸਬਜ਼ੀਆਂ ਦੀਆਂ ਫਸਲਾਂ ਤੇ ਵੀ ਇਸ ਦਾ ਅਸਰ ਪੈ ਸਕਦਾ ਹੈ। ਗੜੇਮਾਰੀ ਨਾਲ ਪੱਤਿਆਂ ਵਾਲੀਆਂ ਸਬਜ਼ੀਆਂ ਨੂੰ ਨੁਕਸਾਨ ਹੋਣ ਦੀ ਸੰਭਾਵਨਾ ਰਹਿੰਦੀ ਹੈ, ਜਦਕਿ ਵੱਧ ਨਮੀ ਕਾਰਨ ਕਈ ਤਰ੍ਹਾਂ ਦੇ ਉੱਲੀ ਰੋਗ ਵੀ ਫੈਲ ਸਕਦੇ ਹਨ। ਇਸ ਲਈ ਕਿਸਾਨ ਮੌਸਮ ਸਾਫ਼ ਹੋਣ ਦੀ ਉਡੀਕ ਕਰ ਰਹੇ ਹਨ ਤੇ ਫਸਲ ਦੀ ਸੁਰੱਖਿਆ ਲਈ ਸਾਵਧਾਨ ਹਨ। -------------------------- ਅੱਜ ਤੇ ਕੱਲ੍ਹ ਅੰਸ਼ਿਕ ਬੱਦਲ, 19 ਤੇ 20 ਨੂੰ ਮੁੜ ਯੈਲੋ ਅਲਰਟ ਮੌਸਮ ਮਾਹਿਰ ਡਾ. ਦਲਜੀਤ ਸਿੰਘ ਦਾ ਕਹਿਣਾ ਹੈ ਕਿ ਮੌਸਮ ਵਿਭਾਗ ਵੱਲੋਂ ਆਉਣ ਵਾਲੇ ਦਿਨਾਂ ਲਈ ਵੀ ਅਨੁਮਾਨ ਜਾਰੀ ਕੀਤਾ ਗਿਆ ਹੈ। ਇਸ ਮੁਤਾਬਕ ਮੰਗਲਵਾਰ ਤੇ ਬੁੱਧਵਾਰ ਨੂੰ ਵੀ ਅੰਸ਼ਿਕ ਤੌਰ ਤੇ ਬੱਦਲ ਛਾਏ ਰਹਿਣਗੇ। ਇਸ ਦੌਰਾਨ ਤੇਜ਼ ਹਵਾਵਾਂ ਚੱਲਣ ਦਾ ਸਿਲਸਿਲਾ ਵੀ ਜਾਰੀ ਰਹਿ ਸਕਦਾ ਹੈ, ਜਿਸ ਨਾਲ ਤਾਪਮਾਨ ਤੇ ਅਸਰ ਪਵੇਗਾ। ਉਨ੍ਹਾਂ ਨੇ ਦੱਸਿਆ ਕਿ 19 ਤੇ 20 ਮਾਰਚ ਨੂੰ ਮੁੜ ਥੰਡਰ ਸ਼ਾਵਰ, ਤੇਜ਼ ਹਵਾਵਾਂ, ਮੀਂਹ ਤੇ ਗੜੇਮਾਰੀ ਦੀ ਸੰਭਾਵਨਾ ਨੂੰ ਲੈ ਕੇ ਯੈਲੋ ਅਲਰਟ ਜਾਰੀ ਕੀਤਾ ਗਿਆ ਹੈ। ਖੇਤਾਂ ’ਚ ਫਸਲਾਂ ਪੱਕਣ ਦੇ ਮੋੜ ਤੇ ਖੜ੍ਹੀਆਂ ਹਨ। ਅਜਿਹੇ ’ਚ ਜੇ ਤੇਜ਼ ਹਵਾਵਾਂ ਚੱਲਣ, ਗੜੇਮਾਰੀ ਜਾਂ ਪਾਣੀ ਖੇਤਾਂ ’ਚ ਲੰਬੇ ਸਮੇਂ ਤੱਕ ਖੜ੍ਹਾ ਰਹੇ ਤਾਂ ਇਹ ਫਸਲਾਂ ਲਈ ਨੁਕਸਾਨਦਾਇਕ ਹੋ ਸਕਦਾ ਹੈ। ---------------------------- ਜਾਣੋ ਪਿਛਲੇ ਸਾਲਾਂ ’ਚ ਅੱਜ ਦੇ ਦਿਨ ਕਿਵੇਂ ਰਿਹਾ ਸੀ ਤਾਪਮਾਨ ਸਾਲ ਵੱਧ ਤੋਂ ਵੱਧ ਘੱਟੋ-ਘੱਟ 2025 25.1 12.6 2024 28.3 11.3 2023 20.5 16.4 2022 32.1 17.1 2021 29.1 14.1 2020 20.6 11.3 ------------------------- ਮੀਂਹ ਕਾਰਨ ਸੜਕ ਨਿਰਮਾਣ ਕੰਮ ’ਚ ਰੁਕਾਵਟ, ਮਹਾਵੀਰ ਮਾਰਗ ਦਾ ਇਕ ਹਿੱਸਾ ਵੀ ਉਖੜਿਆ ਐਤਵਾਰ ਤੋਂ ਰੁਕ-ਰੁਕ ਕੇ ਹੋ ਰਹੀ ਬਰਸਾਤ ਕਾਰਨ ਸ਼ਹਿਰ ’ਚ ਸੜਕਾਂ ਦੇ ਨਿਰਮਾਣ ਦਾ ਕੰਮ ਰੁਕ ਗਿਆ ਹੈ। ਤਾਪਮਾਨ ’ਚ ਅਚਾਨਕ ਕਮੀ ਆ ਗਈ ਹੈ ਤੇ ਸੰਭਾਵਨਾ ਹੈ ਕਿ ਇਸ ਹਫ਼ਤੇ ਸੜਕ ਨਿਰਮਾਣ ਦਾ ਕੰਮ ਰੁਕਿਆ ਰਹੇਗਾ। ਡਾ. ਬੀਆਰ ਅੰਬੇਡਕਰ ਚੌਕ ਤੋਂ ਫੁਟਬਾਲ ਚੌਕ ਤੱਕ ਬਣ ਰਹੀ ਸੜਕ ਦਾ ਕੰਮ ਵੀ ਰੁਕ ਗਿਆ ਹੈ ਤੇ ਕਰੀਬ 200 ਮੀਟਰ ਸੜਕ ਦਾ ਕੰਮ ਪੈਂਡਿੰਗ ਰਹਿ ਗਿਆ ਹੈ। ਮੀਂਹ ਤੇ ਘੱਟ ਤਾਪਮਾਨ ’ਚ ਸੜਕ ਨਿਰਮਾਣ ਨਹੀਂ ਕੀਤਾ ਜਾ ਸਕਦਾ ਕਿਉਂਕਿ ਲੁੱਕ-ਬਜਰੀ ਦੀ ਪਕੜ ਮਜ਼ਬੂਤ ਨਹੀਂ ਰਹਿੰਦੀ। ਇਸੇ ਕਾਰਨ ਟੀਵੀ ਸੈਂਟਰ ਦੇ ਨੇੜੇ ਬਣ ਰਹੀ ਸੜਕ ਦਾ ਇਕ ਹਿੱਸਾ ਮੀਂਹ ਦੌਰਾਨ ਉਖੜ ਗਿਆ। ਕਰੀਬ 100 ਮੀਟਰ ਸੜਕ ਤੇ ਬਜਰੀ ਨਿਕਲ ਗਈ ਹੈ, ਜਿਸ ਕਾਰਨ ਸੜਕ ਦੀ ਗੁਣਵੱਤਾ ਤੇ ਵੀ ਸਵਾਲ ਖੜ੍ਹੇ ਹੋ ਰਹੇ ਹਨ। ਮੀਂਹ ਕਾਰਨ ਸ਼ਹਿਰ ਦੇ ਹੋਰ ਕਈ ਇਲਾਕਿਆਂ ’ਚ ਵੀ ਸੜਕਾਂ ਨੂੰ ਨੁਕਸਾਨ ਪਹੁੰਚਿਆ ਹੈ। ਇਸ ਨਾਲ ਨਗਰ ਨਿਗਮ ਲਈ ਮੁਸ਼ਕਲਾਂ ਵਧ ਸਕਦੀਆਂ ਹਨ ਤੇ ਲੋਕਾਂ ਨੂੰ ਵੀ ਪਰੇਸ਼ਾਨੀ ਝੇਲਣੀ ਪਵੇਗੀ। ਕੁਝ ਸੜਕਾਂ ਜੋ ਇਕ ਸਾਲ ਤੱਕ ਟ੍ਰੈਫਿਕ ਲਈ ਠੀਕ ਰਹਿ ਸਕਦੀਆਂ ਸਨ, ਉਨ੍ਹਾਂ ’ਚ ਵੀ ਖੱਡੇ ਪੈ ਗਏ ਹਨ ਤੇ ਹੁਣ ਉਨ੍ਹਾਂ ਦੀ ਮੁਰੰਮਤ ਕਰਨੀ ਪਵੇਗੀ। ਗੁਰੂ ਤੇਗ ਬਹਾਦੁਰ ਨਗਰ ਤੋਂ ਗੁਰੂ ਰਵਿਦਾਸ ਮਹਾਰਾਜ ਚੌਕ ਤੱਕ ਸੜਕ ਦਾ ਨਿਰਮਾਣ ਅਜੇ ਹੋਣਾ ਬਾਕੀ ਹੈ। ਬੇਸ ਕੱਚਾ ਹੋਣ ਕਰਕੇ ਉੱਥੇ ਚਿੱਕੜ ਹੋ ਗਿਆ ਹੈ ਤੇ ਲੋਕਾਂ ਨੂੰ ਆਵਾਜਾਈ ’ਚ ਦਿੱਕਤ ਆ ਰਹੀ ਹੈ। ਇਸ ਸੜਕ ਰਾਹੀਂ ਹਸਪਤਾਲਾਂ ਤੱਕ ਪਹੁੰਚਣਾ ਵੀ ਮੁਸ਼ਕਲ ਹੋ ਗਿਆ ਹੈ ਤੇ ਰੇਹੜੀ-ਫੜੀ ਵਾਲਿਆਂ ਦਾ ਕੰਮ ਵੀ ਪ੍ਰਭਾਵਿਤ ਹੋ ਰਿਹਾ ਹੈ। ਜੇਪੀ ਨਗਰ ਰੋਡ ਦਾ ਨਿਰਮਾਣ ਵੀ ਅਜੇ ਹੋਣਾ ਹੈ, ਪਰ ਜਿੱਥੇ-ਜਿੱਥੇ ਸੜਕ ਤੋੜੀ ਗਈ ਸੀ ਤੇ ਮਿੱਟੀ ਨਾਲ ਸਮਤਲ ਕੀਤਾ ਗਿਆ ਸੀ, ਉੱਥੇ ਮੀਂਹ ਕਾਰਨ ਮਿੱਟੀ ਬਹਿ ਗਈ ਹੈ ਜਿਸ ਨਾਲ ਆਵਾਜਾਈ ਪ੍ਰਭਾਵਿਤ ਹੋ ਰਹੀ ਹੈ। ਨਗਰ ਨਿਗਮ ਦੀ ਆਰਥਿਕ ਸਥਿਤੀ ਇਸ ਸਮੇਂ ਠੀਕ ਨਹੀਂ ਹੈਤੇ ਫੰਡਾਂ ਦੀ ਕਮੀ ਕਾਰਨ ਨਵੀਆਂ ਸੜਕਾਂ ਦੇ ਨਿਰਮਾਣ ਤੇ ਮੁਰੰਮਤ ਦਾ ਕੰਮ ਕਰਨਾ ਵੀ ਮੁਸ਼ਕਲ ਹੋ ਸਕਦਾ ਹੈ।