- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਵਰਿਆਣਾ ਵਿਖੇ ਕੂੜੇ ਤੋਂ ਕੋਲਾ ਤੇ ਬਿਜਲੀ ਬਣਾਉਣ ਦੇ ਪ੍ਰਾਜੈਕਟ ਨੂੰ ਮੁੱਖ ਮੰਤਰੀ ਨੇ ਦਿੱਤੀ ਹਰੀ ਝੰਡੀ - ਮੇਅਰ

-ਪ੍ਰੋਜੈਕਟ ਲਈ 9 ਏਕੜ ਜ਼ਮੀਨ ਖਰੀਦਣ ਲਈ ਡਿਪਟੀ ਕਮਿਸ਼ਨਰ ਨੂੰ ਲਿਖਿਆ
ਮਦਨ ਭਾਰਦਵਾਜ, ਪੰਜਾਬੀ ਜਾਗਰਣ, ਜਲੰਧਰ
ਨਗਰ ਨਿਗਮ ਛੇਤੀ ਹੀ ਵਰਿਆਣਾ ਕੂੜਾ ਡੰਪ ਦੇ ਨਾਲ ਇਕ ਨਵਾਂ ਪ੍ਰੋਜੈਕਟ ਲਾਉਣ ਦੀ ਤਿਆਰੀ ਕਰ ਰਹੀ ਹੈ, ਜਿਸ ਦੀ ਮੁੱਖ ਮੰਤਰੀ ਭਗਵੰਤ ਮਾਨ ਨੇ ਹਰੀ ਝੰਡੀ ਦੇ ਦਿੱਤੀ ਹੈ। ਵੀਰਵਾਰ ਨੂੰ ਮੁੱਖ ਮੰਤਰੀ ਦੀ ਜਲੰਧਰ ਫੇਰੀ ਦੌਰਾਨ ਮੇਅਰ ਵਨੀਤ ਧੀਰ ਨੇ ਜਨਤਕ ਮਿਲਣੀ ਦੌਰਾਨ ਮੁੱਖ ਮੰਤਰੀ ਨਾਲ ਮੁਲਾਕਾਤ ਕੀਤੀ ਤੇ ਉਨ੍ਹਾਂ ਨੂੰ ਕੂੜੇ ਤੋ ਕੋਲਾ ਤੇ ਬਿਜਲੀ ਬਣਾਉਣ ਦੇ ਪ੍ਰਾਜੈਕਟ ਬਾਰੇ ਜਾਣੂ ਕਰਵਾਇਆ ਤਾਂ ਉਨ੍ਹਾਂ ਨੇ ਤੁਰੰਤ ਉਕਤ ਪ੍ਰਾਜੈਕਟ ਨੂੰ ਲਾਉਣ ਲਈ ਸੰਬਧਤ ਕੰਪਨੀ ਨਾਲ ਗੱਲਬਾਤ ਕਰਨ ਲਈ ਕਿਹਾ। ਉਨ੍ਹਾਂ ਨੇ ਮੁੱਖ ਮੰਤਰੀ ਨੂੰ ਜਾਣੂ ਕਰਵਾਇਆ ਕਿ ਉਨ੍ਹਾਂ ਨੇ ਦੁਬਈ ਵਿਖੇ ਉਕਤ ਪ੍ਰਾਜੈਕਟ ਲਈ ਕੰਪਨੀ ਨਾਲ ਵਿਚਾਰ-ਵਟਾਂਦਰਾ ਕੀਤਾ ਸੀ ਜਿਸ ’ਤੇ ਉਥੇ ਇਕ ਨਿੱਜੀ ਕੰਪਨੀ ਕੂੜੇ ਤੋਂ ਕੋਲਾ ਤੇ ਬਿਜਲੀ ਬਣਾਉਣ ਲਈ ਕੂੜੇ ਦੀ ਪ੍ਰਾਸੈਸਿੰਗ ਕਰੇਗੀ। ਉਨ੍ਹਾਂ ਕਿਹਾ ਕਿ ਨਿੱਜੀ ਕੰਪਨੀ ਛੇਤੀ ਹੀ ਜਲੰਧਰ ਆਵੇਗੀ ਤੇ ਉਹ ਵਰਿਆਣਾ ਡੰਪ ਦਾ ਮੁਆਇਨਾ ਕਰੇਗੀ। ਉਨ੍ਹਾਂ ਨੇ ਇਹ ਵੀ ਕਿਹਾ ਕਿ ਕੰਪਨੀ ਨੂੰ ਆਪਣੇ ਹੀ ਖਰਚ (ਬੀਓਟੀ) ’ਤੇ ਪ੍ਰੋਜੈਕਟ ਲਾਉਣ ਲਈ ਮਨਾਉਣਗੇ ਤੇ ਇਸ ’ਤੇ ਆਉਣ ਵਾਲੇ ਖਰਚ ਨੂੰ ਕੂੜੇ ਤੋਂ ਪੈਦਾ ਹੋਣ ਵਾਲੇ ਕੋਲਾ ਤੇ ਬਿਜਲੀ ਦੀ ਵਿਕਰੀ ਕਰਕੇ ਪੈਸਾ ਵਸੂਲ ਕਰੇਗੀ। ਮੇਅਰ ਨੇ ਕਿਹਾ ਕਿ ਉਕਤ ਪ੍ਰੋਜੈਕਟ ਦੇ ਲੱਗਣ ਨਾਲ ਸ਼ਹਿਰ ’ਚ ਕੂੜੇ ਦੀ ਸਮੱਸਿਆ ਦਾ ਪੱਕਾ ਹੱਲ ਹੋ ਜਾਏਗਾ ਤੇ ਸ਼ਹਿਰ ’ਚ ਕਿਤੇ ਵੀ ਕੂੜੇ ਦੀ ਸ਼ਿਕਾਇਤ ਨਹੀਂ ਰਹੇਗੀ। ਮੁੱਖ ਮੰਤਰੀ ਨੇ ਉਕਤ ਪ੍ਰੋਜੈਕਟ ਬਾਰੇ ਮੇਅਰ ਵੱਲੋਂ ਕੀਤੀ ਗਈ ਚਰਚਾ ਦੀ ਸ਼ਲਾਘਾ ਕੀਤੀ ਤੇ ਕਿਹਾ ਕਿ ਇਹ ਕੰਮ ਜਿੰਨੀ ਛੇਤੀ ਹੋ ਸਕਦਾ ਹੈ, ਸ਼ੁਰੂ ਕਰ ਦਿੱਤਾ ਜਾਏ। ਇਸ ਦੌਰਾਨ ਮੇਅਰ ਵਨੀਤ ਧੀਰ ਨੇ ਦਸਿਆ ਕਿ ਮੁੱਖ ਮੰਤਰੀ ਨੇ ਸ਼ਹਿਰ ਨੂੰ ਕੂੜਾ ਮੁਕਤ ਬਨਾਉਣ ਲਈ ਉਕਤ ਪ੍ਰਾਜੈਕਟ ਲਾਉਣ ਵਾਲੀ ਨਿੱਜੀ ਕੰਪਨੀ ਨਾਲ ਛੇਤੀ ਸੰਪਰਕ ਕਰਕੇ ਜਲੰਧਰ ਆਉਣ ਤੇ ਵਰਿਆਣਾ ਡੰਪ ਦਾ ਮੁਆਇਨਾ ਕਰਨ ਦਾ ਸੱਦਾ ਦੇਣ ਲਈ ਕਿਹਾ। ਇਸ ਦੌਰਾਨ ਮੇਅਰ ਨੇ ਕਿਹਾ ਕਿ ਉਕਤ ਨਵੇਂ ਪ੍ਰਾਜੈਕਟ ਲਈ ਵਰਿਆਣਾ ਡੰਪ ਦੇ ਨੇੜੇ 9 ਏਕੜ ਜ਼ਮੀਨ ਖਰੀਦੀ ਜਾ ਰਹੀ ਹੈ। ਜ਼ਮੀਨ ਖਰੀਦਣ ਲਈ ਡਿਪਟੀ ਕਮਿਸ਼ਨਰ ਨੂੰ ਫਾਇਲ ਭੇਜ ਦਿੱਤੀ ਗਈ ਹੈ। ਡੀਸੀ ਜ਼ਮੀਨ ਦੀ ਕੀਮਤ ਨਿਰਧਾਰਤ ਕਰਨਗੇ। ਮੇਅਰ ਨੇ ਆਸ ਪ੍ਰਗਟ ਕੀਤੀ ਕਿ ਉਕ ਪ੍ਰੋਜੈਕਟ ਛੇਤੀ ਜ਼ਮੀਨ ਦੀ ਖਰੀਦ ਦੇ ਬਾਅਦ ਕੰਮ ਕਰਨਾ ਸ਼ੁਰੂ ਕਰ ਦਵੇਗਾ।
---------------------
ਇਕ ਪ੍ਰੋਜੈਕਟ ਪਹਿਲਾਂ ਹੀ ਚੱਲ ਰਿਹਾ ਹੈ
ਵਰਿਆਣਾ ਡੰਪ ’ਤੇ ਬਾਇਓਮਾਈਨਿੰਗ ਪ੍ਰਾਜੈਕਟ ਤਾਂ ਪਹਿਲਾਂ ਹੀ ਚੱਲ ਰਿਹਾ ਹੈ ਤੇ ਉਹ ਕੂੜੇ ਨੂੰ ਪਾਉਡਰ ’ਚ ਬਦਲਣ ਦਾ ਕੰਮ ਕਰ ਰਿਹਾ ਹੈ। ਇਹ ਪ੍ਰੋਜੈਕਟ ਲਗਪਗ 34 ਕਰੋੜ ਦਾ ਹੈ ਤੇ ਡੰਪ ’ਤੇ ਰੋਜ਼ਾਨਾ 500 ਮੀਟ੍ਰਿਕ ਟਨ ਕੂੜਾ ਆਉਂਦਾ ਹੈ, ਜਿਸ ਨੂੰ ਉਕਤ ਪ੍ਰਾਜੈਕਟ ਰਾਹੀਂ ਖਤਮ ਕਰਨ ਦਾ ਕੰਮ ਜਾਰੀ ਹੇ। ਡੰਪ ’ਤੇ ਕੰਮ ਕਰਨ ਵਾਲੀ ਕੰਪਨੀ 8500 ਮੀਟ੍ਰਿਕ ਟਨ ਕੂੜੇ ਨੂੰ ਪਾਊਡਰ ਬਣਾਉਣ ਦਾ ਕੰਮ ਕਰ ਰਹੀ ਹੈ ਪਰ ਇਹ ਕੰਮ ਤੇਜ਼ੀ ਨਾਲ ਨਹੀਂ ਹੋ ਰਿਹਾ ਹੈ, ਜਿਸ ਕਾਰਨ ਹੁਣ ਨਵਾਂ ਪ੍ਰੋਜੈਕਟ ਲਾਉਣ ਦੀ ਜ਼ਰੂਰਤ ਸਮਝੀ ਗਈ ਹੈ। ਇਹ ਪ੍ਰੋਜੈਕਟ 8500 ਮੀਟ੍ਰਿਕ ਟਨ ਕੂੜੇ ਤੋਂ ਲਗਭਗ 2 ਸਾਲ ’ਚ ਪਾਊਡਰ ਬਣੇਗਾ। ਇਹ ਦੱਸਣਯੋਗ ਹੈ ਕਿ ਵਰਿਆਣਾ ਡੰਪ ’ਤੇ ਇਸ ਸਮੇਂ ਲਗਪਗ 10 ਹਜ਼ਾਰ ਮੀਟ੍ਰਿਕ ਟਨ ਤੋਂ ਵੱਧ ਕੂੜਾ ਜਮ੍ਹਾਂ ਹੈ।