19 ਤੋਂ ਮੁੜ ਵਿਗੜੇਗਾ ਮੌਸਮ ਦਾ ਮਿਜ਼ਾਜ
ਸਵੇਰੇ ਛਾਏ ਰਹੇ ਬੱਦਲ, ਦੁਪਹਿਰ ਬਾਅਦ ਨਿਕਲੀ ਧੁੱਪ, 19 ਤੋਂ ਫਿਰ ਵਿਗੜੇਗਾ ਮੌਸਮ
Publish Date: Tue, 17 Mar 2026 10:31 PM (IST)
Updated Date: Tue, 17 Mar 2026 10:34 PM (IST)
ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਜਲੰਧਰ : ਦੋ ਦਿਨ ਲਗਾਤਾਰ ਰੁਕ-ਰੁਕ ਕੇ ਪਏ ਮੀਂਹ ਤੋਂ ਬਾਅਦ ਤੀਜੇ ਦਿਨ ਮੰਗਲਵਾਰ ਨੂੰ ਸਵੇਰੇ ਤੋਂ ਹੀ ਬੱਦਲ ਛਾਏ ਰਹੇ ਤੇ ਹਵਾਵਾਂ ਵੀ ਚੱਲਦੀਆਂ ਰਹੀਆਂ। ਇਸ ਕਰਕੇ ਸਵੇਰੇ ਤੋਂ ਹੀ ਆਮ ਦਿਨਾਂ ਦੇ ਮੁਕਾਬਲੇ ਵੱਧ ਠੰਢ ਮਹਿਸੂਸ ਕੀਤੀ ਗਈ। ਹਾਲਾਂਕਿ ਸਵੇਰੇ ਕਰੀਬ 11 ਵਜੇ ਧੁੱਪ ਨਿਕਲਣ ਨਾਲ ਮੌਸਮ ਪੂਰੀ ਤਰ੍ਹਾਂ ਸਾਫ ਹੋ ਗਿਆ। ਦਿਨ ਭਰ ਧੁੱਪ ਖਿੜੀ ਰਹਿਣ ਕਾਰਨ ਠੰਢ ਦਾ ਅਸਰ ਵੀ ਘੱਟ ਹੋ ਗਿਆ। ਇਸ ਕਰਕੇ ਮੌਸਮ ਵਿਭਾਗ ਵੱਲੋਂ ਘੱਟੋ-ਘੱਟ ਤਾਪਮਾਨ 10 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ, ਜਦਕਿ ਵੱਧ ਤੋਂ ਵੱਧ ਤਾਪਮਾਨ 25.1 ਡਿਗਰੀ ਸੈਲਸੀਅਸ ਰਿਹਾ। ਜੇ 24 ਘੰਟੇ ਪਹਿਲਾਂ ਨਾਲ ਤੁਲਨਾ ਕੀਤੀ ਜਾਵੇ ਤਾਂ ਵੱਧ ਤੋਂ ਵੱਧ ਤਾਪਮਾਨ ’ਚ 7.1 ਡਿਗਰੀ ਸੈਲਸੀਅਸ ਦਾ ਵਾਧਾ ਹੋਇਆ ਹੈ, ਜਦਕਿ ਘੱਟੋ-ਘੱਟ ਤਾਪਮਾਨ ’ਚ 2.1 ਡਿਗਰੀ ਦੀ ਕਮੀ ਆਈ ਹੈ। ਉੱਥੇ ਹੀ ਏਅਰ ਕੁਆਲਿਟੀ ਇੰਡੈਕਸ ’ਚ ਵੀ ਸੁਧਾਰ ਜਾਰੀ ਰਿਹਾ। ਘੱਟੋ-ਘੱਟ 37 ਏਕਿਊਆਈ, ਵੱਧ ਤੋਂ ਵੱਧ 89 ਤੇ ਔਸਤ 66 ਏਕਿਊਆਈ ਦਰਜ ਕੀਤਾ ਗਿਆ। ਹਾਲਾਂਕਿ ਮੌਸਮ ਵਿਭਾਗ ਵੱਲੋਂ ਮੰਗਲਵਾਰ ਨੂੰ ਅੰਸ਼ਕ ਤੌਰ ’ਤੇ ਬੱਦਲ ਛਾਏ ਰਹਿਣ ਦੀ ਸੰਭਾਵਨਾ ਪ੍ਰਗਟਾਈ ਗਈ ਹੈ, ਜਦਕਿ ਬੁੱਧਵਾਰ ਨੂੰ ਮੀਂਹ ਤੇ ਤੇਜ਼ ਹਵਾਵਾਂ ਦੀ ਸੰਭਾਵਨਾ ਹੈ। ਵੀਰਵਾਰ ਤੇ ਸ਼ੁੱਕਰਵਾਰ ਲਈ ਵਰਖਾ, ਥੰਡਰ ਸ਼ਾਵਰ ਤੇ ਗੜੇਮਾਰੀ ਨੂੰ ਲੈ ਕੇ ਸੰਤਰੀ ਅਲਰਟ ਜਾਰੀ ਕੀਤਾ ਗਿਆ ਹੈ।