ਜ਼ਿਲ੍ਹੇ ’ਚ ਪੀਸੀ-ਪੀਐੱਨਡੀਟੀ ਐਕਟ ਦੀ ਪਾਲਣਾ ਯਕੀਨੀ ਹੋਵੇ : ਡਾ. ਗਰਗ
ਜ਼ਿਲ੍ਹੇ ’ਚ ਪੀਸੀ-ਪੀਐੱਨਡੀਟੀ ਐਕਟ ਦੀ ਪਾਲਣਾ ਯਕੀਨੀ ਬਣਾਉਣ ਲਈ ਸਿਵਲ ਸਰਜਨ ਵੱਲੋਂ ਢੁੱਕਵੇਂ ਕਦਮ
Publish Date: Thu, 12 Mar 2026 08:42 PM (IST)
Updated Date: Thu, 12 Mar 2026 08:45 PM (IST)

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਜਲੰਧਰ : ਸਿਵਲ ਸਰਜਨ ਡਾ. ਰਾਜੇਸ਼ ਗਰਗ ਦੀ ਅਗਵਾਈ ਹੇਠ ਜ਼ਿਲ੍ਹੇ ’ਚ ਪੀਸੀ-ਪੀਐੱਨਡੀਟੀ ਐਕਟ ਨੂੰ ਸਖਤੀ ਨਾਲ ਲਾਗੂ ਕਰਨ ਦੀ ਵਚਨਬੱਧਤਾ ਨੂੰ ਧਿਆਨ ’ਚ ਰੱਖਦਿਆਂ ਸਿਵਲ ਸਰਜਨ ਦਫਤਰ ’ਚ ਵੀਰਵਾਰ ਨੂੰ ਜ਼ਿਲ੍ਹਾ ਪੀਸੀ-ਪੀਐੱਨਡੀਟੀ ਐਡਵਾਇਜ਼ਰੀ ਕਮੇਟੀ ਦੀ ਮੀਟਿੰਗ ਕਰਵਾਈ। ਮੀਟਿੰਗ ਦੌਰਾਨ ਸਿਵਲ ਸਰਜਨ ਨੇ ਸਿਹਤ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਕਿ ਜ਼ਿਲ੍ਹੇ ’ਚ ਲਿੰਗ ਅਨੁਪਾਤ ’ਚ ਸੁਧਾਰ ਲਈ ਢੁੱਕਵੇਂ ਕਦਮ ਚੁੱਕੇ ਜਾਣ ਤੇ ਪ੍ਰੀ-ਕਨਸੈਪਸ਼ਨ ਤੇ ਪ੍ਰੀ-ਨੇਟਲ ਡਾਇਗਨੋਸਟਿਕ ਤਕਨੀਕ (ਪੀਸੀ-ਪੀਐੱਨਡੀਟੀ) ਐਕਟ ਦੀ ਸਖਤੀ ਨਾਲ ਪਾਲਣਾ ਯਕੀਨੀ ਬਣਾਈ ਜਾਵੇ। ਸਿਵਲ ਸਰਜਨ ਨੇ ਦੱਸਿਆ ਕਿ ਕਮੇਟੀ ਕੋਲ ਪੰਜ ਨਵੇਂ ਸਕੈਨ ਸੈਂਟਰਾਂ ਵੱਲੋਂ ਰਜਿਸਟ੍ਰੇਸ਼ਨ ਲਈ ਬੇਨਤੀਆਂ ਆਈਆਂ, ਜਿਨ੍ਹਾਂ ਦੇ ਦਸਤਾਵੇਜ਼ ਦੀ ਜਾਂਚ ਤੇ ਕਮੇਟੀ ਦੀ ਸਹਿਮਤੀ ਮਿਲਣ ਤੋਂ ਬਾਅਦ ਨਵੀਂ ਰਜਿਸਟ੍ਰੇਸ਼ਨ ਮਨਜ਼ੂਰ ਕੀਤੀ ਗਈ। ਇਸ ਤੋਂ ਇਲਾਵਾ ਇਕ ਸਕੈਨ ਸੈਂਟਰ ਨੇ ਰਜਿਸਟ੍ਰੇਸ਼ਨ ਰੀਨਿਊਅਲ ਲਈ ਬੇਨਤੀ ਦਿੱਤੀ ਸੀ, ਜਿਸ ਨੂੰ ਲੋੜੀਂਦੀ ਕਾਰਵਾਈ ਪੂਰੀ ਹੋਣ ‘ਤੇ ਮਨਜ਼ੂਰੀ ਮਿਲੀ। ਸਿਵਲ ਸਰਜਨ ਨੇ ਕਿਹਾ ਕਿ ਭਰੂਣ ਹੱਤਿਆ ਇਕ ਸਮਾਜਿਕ ਬੁਰਾਈ ਹੈ ਤੇ ਇਸਨੂੰ ਖਤਮ ਕਰਨ ਲਈ ਹਰ ਵਰਗ ਨੂੰ ਆਪਣਾ ਸਹਿਯੋਗ ਦੇਣਾ ਚਾਹੀਦਾ ਹੈ। ਉਨ੍ਹਾਂ ਜ਼ੋਰ ਦਿੱਤਾ ਕਿ ਭਰੂਣ ਦੇ ਲਿੰਗ ਦੀ ਜਾਂਚ ਕਰਵਾਉਣਾ ਜਾਂ ਕਰਨਾ ਗੈਰਕਾਨੂੰਨੀ ਹੈ ਤੇ ਇਸ ’ਚ ਫਸੇ ਦੋਸ਼ੀਆਂ ਖਿਲਾਫ ਪੀਸੀ-ਪੀਐੱਨਡੀਟੀ ਐਕਟ ਤਹਿਤ ਸਖਤ ਕਾਰਵਾਈ ਕੀਤੀ ਜਾਵੇਗੀ। ਮੀਟਿੰਗ ਦੌਰਾਨ ਜ਼ਿਲ੍ਹਾ ਪਰਿਵਾਰ ਭਲਾਈ ਅਫ਼ਸਰ ਡਾ. ਰਮਨ ਗੁਪਤਾ, ਡਾ. ਵਰਿੰਦਰ ਕੌਰ ਥਿੰਦ (ਐੱਸਐੱਮਓ ਗਾਇਨੀ), ਬੱਚਿਆਂ ਦੇ ਰੋਗਾਂ ਦੇ ਮਾਹਿਰ ਡਾ. ਅਭਿਨਵ ਸ਼ੂਰ, ਡਾ. ਮੋਹਿਤ ਚੰਦਰ (ਪੀਡੀਆਟ੍ਰੀਅਸ਼ਨ), ਸਹਾਇਕ ਜ਼ਿਲ੍ਹਾ ਅਟਾਰਨੀ ਗਗਨਦੀਪ, ਲੀਗਲ ਪ੍ਰੋਬੇਸ਼ਨ ਅਫ਼ਸਰ ਸੰਦੀਪ ਭਾਟੀਆ, ਸੋਸ਼ਲ ਵਰਕਰਜ਼ ਪਰਵੀਨ ਅਬਰੋਲ ਤੇ ਰਮਨਪ੍ਰੀਤ ਕੌਰ, ਡਿਪਟੀ ਐੱਮਈਆਈਓ ਅਸੀਮ ਸ਼ਰਮਾ ਤੇ ਜ਼ਿਲ੍ਹਾ ਪੀਸੀ-ਪੀਐੱਨਡੀਟੀ ਕੋਆਰਡੀਨੇਟਰ ਦੀਪਕ ਬੋਪਾਰਾਏ ਵੀ ਮੌਜੂਦ ਸਨ।