ਸਿਵਲ ਸਰਜਨ ਨੇ ਖੁਦ ਕੀਤੀ ਪੋਸਟ ਆਪ੍ਰੇਟਿਵ ਜਾਂਚ
ਸਿਵਲ ਸਰਜਨ ਡਾ. ਰਾਜੇਸ਼ ਗਰਗ ਨੇ ਬਜੁਰਗ ਮੋਤੀਆਬਿੰਦ ਮਰੀਜਾਂ ਦੀ ਖੁਦ ਕੀਤੀ ਪੋਸਟ-ਓਪਰੇਟਿਵ ਜਾਂਚ
Publish Date: Thu, 19 Feb 2026 10:35 PM (IST)
Updated Date: Thu, 19 Feb 2026 10:36 PM (IST)

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਜਲੰਧਰ : ਪੰਜਾਬ ਸਰਕਾਰ ਵੱਲੋਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਚਲਾਈ ਜਾ ਰਹੀ “ਸਾਡੇ ਬਜ਼ੁਰਗ ਸਾਡਾ ਮਾਣ” ਮੁਹਿੰਮ ਤਹਿਤ ਸਿਹਤ ਵਿਭਾਗ ਜਲੰਧਰ ਤੇ ਸਮਾਜਿਕ ਸੁਰੱਖਿਆ ਵਿਭਾਗ ਦੇ ਸਾਂਝੇ ਯਤਨਾਂ ਨਾਲ “ਅਟਲ ਵਾਯੋ ਅਭਿਉਦੈ ਯੋਜਨਾ” ਅਧੀਨ ਜ਼ਿਲ੍ਹੇ ’ਚ ਬਜ਼ੁਰਗਾਂ ਨੂੰ ਵਿਸ਼ੇਸ਼ ਸਿਹਤ ਸੇਵਾਵਾਂ ਪ੍ਰਦਾਨ ਕੀਤੀਆਂ ਜਾ ਰਹੀਆਂ ਹਨ। ਇਸ ਤਹਿਤ ਬੁੱਧਵਾਰ ਨੂੰ 29 ਮੋਤੀਆਬਿੰਦ ਦੇ ਬਜ਼ੁਰਗ ਮਰੀਜ਼ਾਂ ਦਾ ਆਪ੍ਰੇਸ਼ਨ ਕੀਤਾ ਗਿਆ। ਇਨ੍ਹਾਂ ਮਰੀਜ਼ਾਂ ਦਾ ਵੀਰਵਾਰ ਨੂੰ ਸਿਵਲ ਸਰਜਨ ਡਾ. ਰਾਜੇਸ਼ ਗਰਗ ਨੇ ਹਾਲ-ਚਾਲ ਪੁੱਛਿਆ। ਇਸ ਦੌਰਾਨ ਉਨ੍ਹਾਂ ਨਾਲ ਮੈਡੀਕਲ ਸੁਪਰਡੈਂਟ ਈਐੱਸਆਈ ਡਾ. ਜਯੋਤੀ ਸ਼ਰਮਾ ਤੇ ਜਿਲ੍ਹਾ ਟੀਕਾਕਰਨ ਅਫ਼ਸਰ ਡਾ. ਰਾਕੇਸ਼ ਚੋਪੜਾ ਵੀ ਮੌਜੂਦ ਸਨ। ਇਸ ਦੌਰਾਨ ਸਿਵਲ ਸਰਜਨ ਡਾ. ਰਾਜੇਸ਼ ਗਰਗ ਨੇ ਖੁਦ ਮਰੀਜ਼ਾਂ ਦੀਆਂ ਅੱਖਾਂ ਤੋਂ ਪੱਟੀਆਂ ਖੋਲ੍ਹ ਕੇ ਉਨ੍ਹਾਂ ਦੀ ਪੋਸਟ-ਆਪ੍ਰੇਟਿਵ ਜਾਂਚ ਕੀਤੀ ਤੇ ਸਿਹਤ ਦੀ ਸਮੀਖਿਆ ਕੀਤੀ। ਇਸ ਉਪਰੰਤ ਮਰੀਜ਼ਾਂ ਨੂੰ ਮੁਫ਼ਤ ਐਨਕਾਂ ਤੇ ਲੋੜੀਂਦੀਆਂ ਦਵਾਈਆਂ ਵੀ ਵੰਡੀਆਂ ਗਈਆਂ। ਸਿਵਲ ਸਰਜਨ ਨੇ ਕਿਹਾ ਕਿ ਪੰਜਾਬ ਸਰਕਾਰ ਦੀ ਇਹ ਪਹਿਲ ਬਜ਼ੁਰਗਾਂ ਨੂੰ ਮਿਆਰੀ ਤੇ ਮੁਫ਼ਤ ਸਿਹਤ ਸੇਵਾਵਾਂ ਉਪਲੱਬਧ ਕਰਵਾਉਣ ਵੱਲ ਇਕ ਮਹੱਤਵਪੂਰਨ ਕਦਮ ਹੈ ਤੇ ਭਵਿੱਖ ’ਚ ਵੀ ਅਜਿਹੇ ਕੈਂਪ ਲਗਾਤਾਰ ਕਰਵਾਏ ਜਾਣਗੇ ਤਾਂ ਜੋ ਹਰ ਬਜ਼ੁਰਗ ਤੱਕ ਸਮੇਂ-ਸਿਰ ਇਲਾਜ ਪਹੁੰਚ ਸਕੇ। ਇਸ ਮੌਕੇ ਐੱਸਐੱਮਓ ਡਾ. ਗਗਨਦੀਪ, ਡਿਪਟੀ ਐੱਮਈਆਈਓ ਅਸੀਮ ਸ਼ਰਮਾ ਤੇ ਜ਼ਿਲ੍ਹਾ ਬੀਸੀਸੀ ਕੋਆਰਡੀਨੇਟਰ ਨੀਰਜ ਸ਼ਰਮਾ ਮੌਜੂਦ ਸਨ।