ਸਿਵਲ ਸਰਜਨ ਨੇ ਆਮ ਆਦਮੀ ਕਲੀਨਿਕਾਂ ਦੇ ਸਟਾਫ ਨੂੰ ਵੰਡੇ ਨਿਯੁਕਤੀ ਪੱਤਰ
ਪੱਤਰ ਪ੍ਰੇਰਕ, ਪੰਜਾਬੀ ਜਾਗਰਣ,
Publish Date: Fri, 13 Mar 2026 07:21 PM (IST)
Updated Date: Fri, 13 Mar 2026 07:24 PM (IST)
ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਜਲੰਧਰ : ਮਰੀਜ਼ਾਂ ਨੂੰ ਘਰ ਦੇ ਨੇੜੇ ਹੀ ਇਲਾਜ ਦੀ ਸੁਵਿਧਾ ਉਪਲੱਬਧ ਕਰਵਾਉਣ ਲਈ ਜਲੰਧਰ ਵਿੱਚ 17 ਮਾਰਚ ਤੋਂ 8 ਨਵੇਂ ਆਮ ਆਦਮੀ ਕਲੀਨਿਕ ਸ਼ੁਰੂ ਕੀਤੇ ਰਹੇ ਹਨ, ਜਿਨ੍ਹਾਂ ਦਾ ਵਰਚੁਅਲ ਉਦਘਾਟਨ ਮੁੱਖ ਮੰਤਰੀ ਪੰਜਾਬ ਵੱਲੋਂ ਕੀਤਾ ਜਾਵੇਗਾ। ਇਸ ਦੇ ਮੱਦੇਨਜ਼ਰ ਸਿਵਲ ਸਰਜਨ ਜਲੰਧਰ ਡਾ. ਰਾਜੇਸ਼ ਗਰਗ ਵੱਲੋਂ ਸ਼ੁੱਕਰਵਾਰ ਨੂੰ ਇਨ੍ਹਾਂ ਕਲੀਨਿਕਾਂ ਵਿੱਚ ਤਾਈਨਾਤ ਹੋਣ ਵਾਲੇ ਮੈਡੀਕਲ ਸਟਾਫ ਨੂੰ ਨਿਯੁਕਤੀ ਪੱਤਰ ਦਿੱਤੇ ਗਏ। ਜ਼ਿਕਰਯੋਗ ਹੈ ਕਿ ਉਮੀਦਵਾਰਾਂ ਨੂੰ ਮੈਰਿਟ ਦੇ ਆਧਾਰ 'ਤੇ ਸਟੇਸ਼ਨ ਅਲਾਟ ਕੀਤੇ ਗਏ ਤੇ ਨਿਯੁਕਤੀ ਪੱਤਰ ਜਾਰੀ ਕੀਤੇ ਗਏ, ਨਵੇਂ ਸਟਾਫ ਵਿੱਚ ਨਿਯੁਕਤੀ ਨੂੰ ਲੈ ਕੇ ਕਾਫੀ ਉਤਸਾਹ ਨਜ਼ਰ ਆਇਆ।
ਸਿਵਲ ਸਰਜਨ ਡਾ. ਰਾਜੇਸ਼ ਗਰਗ ਵੱਲੋਂ ਆਮ ਆਦਮੀ ਕਲੀਨਿਕਾਂ ਦੇ ਸਟਾਫ਼ ਦਾ ਨਿੱਘਾ ਸਵਾਗਤ ਕੀਤਾ ਗਿਆ ਤੇ ਉਨ੍ਹਾਂ ਨੂੰ ਲੁੜੀਂਦੇ ਦਿਸ਼ਾ-ਨਿਰਦੇਸ਼ ਦਿੱਤੇ ਗਏ। ਇਸ ਤੋਂ ਇਲਾਵਾ ਆਮ ਆਦਮੀ ਕਲੀਨਿਕਾਂ ਦੇ ਸਾਰੇ ਸਟਾਫ ਨੂੰ ਮਰੀਜ਼ਾਂ ਨੂੰ ਦੇਖਣ ਸੰਬੰਧੀ ਆਨਲਾਈਨ ਪ੍ਰਕ੍ਰਿਰਿਆ ਬਾਰੇ ਜਾਣਕਾਰੀ ਦਿੱਤੀ ਗਈ। ਆਮ ਆਦਮੀ ਕਲੀਨਿਕ ਵਿਖੇ ਇੱਕ ਡਾਕਟਰ ਦੇ ਨਾਲ ਇੱਕ ਫਾਰਮਾਸਿਸਟ/ਕਲੀਨਿਕ ਅਸਿਸਟੈਂਟ ਆਪਣੀਆਂ ਸੇਵਾਵਾਂ ਦੇਣਗੇ। ਸਿਵਲ ਸਰਜਨ ਡਾ. ਰਾਜੇਸ਼ ਗਰਗ ਵੱਲੋਂ ਦੱਸਿਆ ਗਿਆ ਕਿ ਜ਼ਿਲ੍ਹੇ ’ਚ ਬਸਤੀ ਸ਼ੇਖ, ਓਲਡ ਤਹਿਸੀਲ ਕਰਤਾਰਪੁਰ, ਮਲਕੋ ਤਰਾੜ ਨਕੋਦਰ ਰੋਡ, ਮੁਹੱਲਾ ਗਾਓਂ ਸੁਵਿਧਾ ਕੇਂਦਰ ਨਕੋਦਰ, ਨੰਗਲ ਸ਼ਾਮਾ, ਰਾਮਗੜ੍ਹੀਆ ਮੁਹੱਲਾ, ਰਹਿਮਾਨਪੁਰਾ ਤੇ ਸੇਵਾ ਕੇਂਦਰ ਫਿਲੌਰ ਵਿਖੇ 8 ਨਵੇਂ ਆਮ ਆਦਮੀ ਕਲੀਨਿਕ ਖੁੱਲ੍ਹ ਰਹੇ ਹਨ ਅਤੇ ਮਰੀਜ਼ ਦੇਖਣ ਦੀ ਮੁੱਢਲੀ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਜਾਵੇਗੀ। ਇਨ੍ਹਾਂ ਨਵੇਂ 8 ਆਮ ਆਦਮੀ ਕਲੀਨਿਕਾਂ ਦੇ ਖੁੱਲ੍ਹਣ ਨਾਲ ਜ਼ਿਲ੍ਹੇ ਵਿੱਚ ਆਮ ਆਦਮੀ ਕਲੀਨਿਕਾਂ ਦੀ ਗਿਣਤੀ ਵੱਧ ਕੇ 74 ਹੋ ਜਾਵੇਗੀ। ਉਨ੍ਹਾਂ ਦੱਸਿਆ ਕਿ ਇੱਥੇ ਮਰੀਜ਼ਾਂ ਨੂੰ 102 ਤਰ੍ਹਾਂ ਦੀਆਂ ਦਵਾਈਆਂ ਬਿਨਾ ਕਿਸੇ ਖਰਚੇ ਦੇ ਮਿਲਣਗੀਆਂ, ਇਸ ਦੇ ਨਾਲ ਹੀ 47 ਤਰ੍ਹਾਂ ਦੇ ਲੈਬ ਟੈਸਟ ਦੀ ਸੁਵਿਧਾ, ਗਰਭਵਤੀ ਔਰਤਾਂ ਲਈ ਐਮਪੈਨਲਡ ਸੈਂਟਰ 'ਤੇ ਮੁਫਤ ਸਕੈਨਿੰਗ ਅਤੇ ਓਪੀਡੀ ਦੌਰਾਨ ਐਂਟੀ ਰੈਬੀਜ਼ ਵੈਕਸੀਨ ਦੀ ਸੁਵਿਧਾ ਵੀ ਮੁਫ਼ਤ ਉਪਲੱਬਧ ਹੋਵੇਗੀ।