ਕਾਰ ਮਾਲਕ ਦੇ ਨਾਂ ਭੇਜਿਆ ਸਕੂਟਰ ਦਾ ਚਲਾਨ
ਗਲਤ ਈ-ਚਾਲਾਨ ਤੋਂ ਪ੍ਰੇਸ਼ਾਨ ਨਾਗਰਿਕ, ਸਕੂਟਰ ਦਾ ਚਾਲਾਨ ਕਾਰ ਮਾਲਕ ਦੇ ਨਾਮ ਭੇਜਿਆ
Publish Date: Mon, 12 Jan 2026 09:49 PM (IST)
Updated Date: Mon, 12 Jan 2026 09:51 PM (IST)

ਪੀੜਤ ਦਾ ਦੋਸ਼; ਚਲਾਨ ਭਰਨ ਲਈ ਬਣਾਇਆ ਜਾ ਰਿਹਾ ਦਬਾਅ ਪੱਤਰ ਪ੍ਰੇਰਕ,ਪੰਜਾਬੀ ਜਾਗਰਣ, ਜਲੰਧਰ : ਸ਼ਹਿਰ ’ਚ ਈ-ਚਲਾਨ ਦਾ ਸਿਸਟਮ ਸ਼ੁਰੂ ਹੋ ਚੁੱਕਾ ਹੈ। ਇਸ ਨਾਲ ਲੋਕਾਂ ’ਚ ਡਰ ਵੀ ਬਣਿਆ ਹੈ ਤੇ ਲੋਕ ਟ੍ਰੈਫਿਕ ਨਿਯਮਾਂ ਦੀ ਪਾਲਣਾ ਵੀ ਕਰਨ ਲੱਗ ਪਏ ਹਨ ਪਰ ਹੁਣ ਇਹ ਸਿਸਟਮ ਦੀ ਗਲਤੀ ਕਹੀ ਜਾਵੇ ਜਾਂ ਕਿਸੇ ਦੀ ਲਾਪਰਵਾਹੀ, ਕਿਸੇ ਹੋਰ ਵਾਹਨ ਦਾ ਚਲਾਨ ਕਿਸੇ ਹੋਰ ਵਾਹਨ ਚਾਲਕ ਨੂੰ ਭੇਜਿਆ ਜਾ ਰਿਹਾ ਹੈ, ਜਿਸ ਕਾਰਨ ਕਿਸੇ ਦੀ ਗਲਤੀ ਦਾ ਖਮਿਆਜ਼ਾ ਕਿਸੇ ਹੋਰ ਭੁਗਤਣਾ ਪੈ ਰਿਹਾ ਹੈ। ਜਲੰਧਰ ਦੇ ਅਲੀ ਮੁਹੱਲਾ ਇਲਾਕੇ ’ਚ ਰਹਿਣ ਵਾਲੇ ਤੇ ਬਾਕਸ ਪੈਕਿੰਗ ਦਾ ਕੰਮ ਕਰਨ ਵਾਲੇ ਪ੍ਰਦੀਪ ਜੈਨ ਨੂੰ ਗਲਤ ਈ-ਚਲਾਨ ਮਿਲਣ ਦਾ ਮਾਮਲਾ ਸਾਹਮਣੇ ਆਇਆ ਹੈ। ਪ੍ਰਦੀਪ ਜੈਨ ਨੇ ਦੱਸਿਆ ਕਿ ਉਨ੍ਹਾਂ ਨੂੰ ਆਨਲਾਈਨ ਮਾਧਿਅਮ ਰਾਹੀਂ ਇਕ ਟ੍ਰੈਫਿਕ ਚਾਲਾਨ ਮਿਲਿਆ, ਜੋ ਉਨ੍ਹਾਂ ਦੀ ਅਰਟਿਗਾ ਕਾਰ ਦੇ ਨੰਬਰ ’ਤੇ ਦਰਸਾਇਆ ਗਿਆ ਸੀ। ਚਲਾਨ ਮਿਲਣ ਤੋਂ ਬਾਅਦ ਜਦੋਂ ਉਹ ਇਸ ਨੂੰ ਭਰਨ ਲਈ ਸਬੰਧਤ ਪੁਲਿਸ ਥਾਣੇ ਪੁੱਜੇ ਤਾਂ ਹੈਰਾਨ ਰਹਿ ਗਏ, ਕਿਉਂਕਿ ਚਲਾਨ ਉਨ੍ਹਾਂ ਦੀ ਗੱਡੀ ਦਾ ਨਹੀਂ ਸਗੋਂ ਕਿਸੇ ਸਕੂਟਰ ਦਾ ਸੀ। ਪ੍ਰਦੀਪ ਜੈਨ ਦਾ ਕਹਿਣਾ ਹੈ ਕਿ ਪੁਲਿਸ ਥਾਣੇ ’ਚ ਜਦੋਂ ਚਲਾਨ ਦੀ ਜਾਣਕਾਰੀ ਕੰਪਿਊਟਰ ਸਿਸਟਮ ’ਤੇ ਚੈੱਕ ਕੀਤੀ ਗਈ ਤਾਂ ਉਥੇ ਅਰਟਿਗਾ ਕਾਰ ਦੀ ਬਜਾਏ ਇਕ ਸਕੂਟਰ ਦੀ ਤਸਵੀਰ ਤੇ ਵੇਰਵਾ ਸਾਹਮਣੇ ਆਇਆ। ਉਨ੍ਹਾਂ ਨੇ ਤੁਰੰਤ ਪੁਲਿਸ ਨੂੰ ਦੱਸਿਆ ਕਿ ਉਨ੍ਹਾਂ ਕੋਲ ਕੋਈ ਸਕੂਟਰ ਹੈ ਹੀ ਨਹੀਂ ਤੇ ਜਿਸ ਵਾਹਨ ਦਾ ਚਾਲਾਨ ਦਿਖਾਇਆ ਜਾ ਰਿਹਾ ਹੈ, ਉਹ ਉਨ੍ਹਾਂ ਨਾਲ ਸਬੰਧਤ ਨਹੀਂ। ਇਸ ’ਤੇ ਪੁਲਿਸ ਮੁਲਾਜ਼ਮਾਂ ਨੂੰ ਵੀ ਸਮਝ ਆ ਗਿਆ ਕਿ ਚਾਲਾਨ ਗਲਤ ਤਰੀਕੇ ਨਾਲ ਉਨ੍ਹਾਂ ਦੇ ਨਾਂ ’ਤੇ ਦਰਜ ਹੋ ਗਿਆ ਹੈ। ਦੋਸ਼ ਹੈ ਕਿ ਇਸ ਦੇ ਬਾਵਜੂਦ ਪੁਲਿਸ ਮੁਲਾਜ਼ਮਾਂ ਨੇ ਗਲਤੀ ਠੀਕ ਕਰਨ ਦੀ ਬਜਾਏ ਪ੍ਰਦੀਪ ਜੈਨ ’ਤੇ ਹੀ ਚਲਾਨ ਦੀ ਰਕਮ ਜਮ੍ਹਾਂ ਕਰਵਾਉਣ ਲਈ ਦਬਾਅ ਬਣਾਉਣਾ ਸ਼ੁਰੂ ਕਰ ਦਿੱਤਾ। ਪੀੜਤ ਦਾ ਕਹਿਣਾ ਹੈ ਕਿ ਉਨ੍ਹਾਂ ਦੀ ਅਰਟਿਗਾ ਕਾਰ ਉਨ੍ਹਾਂ ਦੀ ਨੂੰਹ ਦੇ ਨਾਂ ’ਤੇ ਰਜਿਸਟਰਡ ਹੈ ਤੇ ਸਬੰਧਤ ਤਰੀਕ ਤੇ ਸਮੇਂ ’ਤੇ ਨਾ ਤਾਂ ਉਹ ਮਿਲਾਪ ਚੌਕ ਗਏ ਸਨ ਤੇ ਨਾ ਹੀ ਗੱਡੀ ਉਥੇ ਮੌਜੂਦ ਸੀ। ਪ੍ਰਦੀਪ ਨੇ ਦੱਸਿਆ ਕਿ ਜਿਸ ਸਕੂਟਰ ਦਾ ਚਲਾਨ ਕੀਤਾ ਗਿਆ ਹੈ, ਉਹ 4 ਤਰੀਕ ਦੀ ਰਾਤ ਕਰੀਬ 12 ਵਜੇ ਦਾ ਦੱਸਿਆ ਜਾ ਰਿਹਾ ਹੈ। ਉਸ ਸਮੇਂ ਉਹ ਆਪਣੇ ਘਰ ’ਤੇ ਮੌਜੂਦ ਸਨ ਤੇ ਉਨ੍ਹਾਂ ਦੀ ਕਾਰ ਵੀ ਘਰ ’ਤੇ ਹੀ ਖੜ੍ਹੀ ਸੀ। ਉਨ੍ਹਾਂ ਦਾ ਕਹਿਣਾ ਹੈ ਕਿ ਪੁਲਿਸ ਰਿਕਾਰਡ ’ਚ ਸਾਫ਼ ਤੌਰ ’ਤੇ ਸਕੂਟਰ ਦਿਖਾਈ ਦੇ ਰਿਹਾ ਹੈ, ਫਿਰ ਵੀ ਉਨ੍ਹਾਂ ਤੋਂ ਹੀ ਭੁਗਤਾਨ ਕਰਨ ਲਈ ਕਿਹਾ ਜਾ ਰਿਹਾ ਹੈ, ਜੋ ਪੂਰੀ ਤਰ੍ਹਾਂ ਗ਼ਲਤ ਹੈ। ਪੀੜਤ ਨੇ ਦੋਸ਼ ਲਾਇਆ ਕਿ ਵਾਰ-ਵਾਰ ਸਮਝਾਉਣ ਦੇ ਬਾਵਜੂਦ ਉਨ੍ਹਾਂ ਦੀ ਸੁਣਵਾਈ ਨਹੀਂ ਕੀਤੀ ਜਾ ਰਹੀ ਤੇ ਉਨ੍ਹਾਂ ਨੂੰ ਮਾਨਸਿਕ ਤੌਰ ’ਤੇ ਪਰੇਸ਼ਾਨ ਕੀਤਾ ਜਾ ਰਿਹਾ ਹੈ। ਪ੍ਰਦੀਪ ਜੈਨ ਨੇ ਮੰਗ ਕੀਤੀ ਹੈ ਕਿ ਇਸ ਮਾਮਲੇ ਦੀ ਨਿਰਪੱਖ ਜਾਂਚ ਕੀਤੀ ਜਾਵੇ ਤੇ ਗਲਤ ਤਰੀਕੇ ਨਾਲ ਜਾਰੀ ਕੀਤੇ ਗਏ ਚਲਾਨ ਨੂੰ ਤੁਰੰਤ ਰੱਦ ਕੀਤਾ ਜਾਵੇ। ਪੀੜਤ ਨੇ ਪ੍ਰਸ਼ਾਸਨ ਤੋਂ ਅਪੀਲ ਕੀਤੀ ਹੈ ਕਿ ਗਲਤ ਚਲਾਨਾਂ ਨੂੰ ਠੀਕ ਕਰਨ ਲਈ ਸਪੱਸ਼ਟ ਤੇ ਸਰਲ ਪ੍ਰਕਿਰਿਆ ਬਣਾਈ ਜਾਵੇ ਤਾਂ ਜੋ ਬੇਗੁਨਾਹ ਲੋਕਾਂ ਨੂੰ ਬੇਵਜ੍ਹਾ ਪਰੇਸ਼ਾਨ ਨਾ ਹੋਣਾ ਪਵੇ। --------------------- ਈ-ਚਾਲਾਨ ’ਚ ਕਈ ਵਾਰ ਸਿਸਟਮ ਕਾਰਨ ਗਲਤੀ ਆ ਸਕਦੀ ਹੈ ਪਰ ਪੁਲਿਸ ਕਦੇ ਵੀ ਕਿਸੇ ਨੂੰ ਤੰਗ ਨਹੀਂ ਕਰਦੀ। ਜੇ ਕਿਸੇ ਨੂੰ ਗਲਤ ਚਾਲਾਨ ਜਾਂ ਗਲਤ ਨੰਬਰ ਨਾਲ ਚਲਾਨ ਮਿਲਦਾ ਹੈ ਤਾਂ ਡਰਨ ਦੀ ਲੋੜ ਨਹੀਂ, ਸਗੋਂ ਪੁਲਿਸ ਕੋਲ ਆਉਣ। ਪੁਲਿਸ ਉਸ ਦੀ ਪੂਰੀ ਸੁਣਵਾਈ ਕਰੇਗੀ। ਪੀੜਤ ਅਰਜ਼ੀ ਦੇਵੇ, ਜਿਸ ਤੋਂ ਬਾਅਦ ਪੂਰੀ ਜਾਂਚ ਹੋਵੇਗੀ ਤੇ ਜੋ ਸਹੀ ਹੋਵੇਗਾ, ਉਹ ਹੀ ਕੀਤਾ ਜਾਵੇਗਾ। ਪੁਲਿਸ ਲੋਕਾਂ ਦੀ ਸੁਰੱਖਿਆ ਤੇ ਉਨ੍ਹਾਂ ਦੀ ਸੁਵਿਧਾ ਲਈ ਹੈ। ਏਡੀਸੀਪੀ ਟ੍ਰੈਫਿਕ ਗੁਰਬਾਜ਼ ਸਿੰਘ।