20 ਕਿੱਲੋ ਚੂਰਾ ਪੋਸਤ ਸਮੇਤ ਇਕ ਅੜਿੱਕੇ
ਦਿਹਾਤੀ ਪੁਲਿਸ ਜਲੰਧਰ ਦੇ ਸੀਆਈਏ ਸਟਾਫ ਨੇ 20 ਕਿਲੋ ਚੂਰਾ ਪੋਸਤ ਬਰਾਮਦ ਕਰ ਇਕ ਮੁਲਜ਼ਮ ਕੀਤਾ ਗ੍ਰਿਫ਼ਤਾਰ
Publish Date: Thu, 12 Mar 2026 10:04 PM (IST)
Updated Date: Thu, 12 Mar 2026 10:06 PM (IST)

ਰਾਕੇਸ਼ ਗਾਂਧੀ, ਪੰਜਾਬੀ ਜਾਗਰਣ, ਜਲੰਧਰ : ਦਿਹਾਤੀ ਪੁਲਿਸ ਜਲੰਧਰ ਦੇ ਸੀਆਈਏ ਸਟਾਫ ਨੇ ਕਾਰਵਾਈ ਕਰਦਿਆਂ ਇਕ ਮੁਲਜ਼ਮ ਕੋਲੋਂ 20 ਕਿੱਲੋ ਚੂਰਾ ਪੋਸਤ ਬਰਾਮਦ ਕਰ ਗ੍ਰਿਫ਼ਤਾਰ ਕੀਤਾ ਹੈ। ਮੁਲਜ਼ਮ ਦੀ ਪਛਾਣ ਗੁਰਪ੍ਰੀਤ ਸਿੰਘ ਉਰਫ਼ ਗੋਪੀ ਵਾਸੀ ਪਿੰਡ ਅਸਮਾਈਲਪੁਰ, ਥਾਣਾ ਲੋਹੀਆਂ, ਜ਼ਿਲ੍ਹਾ ਜਲੰਧਰ ਵਜੋਂ ਹੋਈ ਹੈ। ਜਾਣਕਾਰੀ ਦਿੰਦਿਆਂ ਐੱਸਐੱਸਪੀ ਹਰਵਿੰਦਰ ਸਿੰਘ ਵਿਰਕ ਨੇ ਦੱਸਿਆ ਕਿ ਸੀਆਈਏ ਸਟਾਫ ਦੇ ਇੰਚਾਰਜ ਪੁਸ਼ਪ ਬਾਲੀ ਦੀ ਟੀਮ ਇੰਸਪੈਕਟਰ ਨਿਰਮਲ ਸਿੰਘ ਦੀ ਅਗਵਾਈ ਹੇਠ ਇਕ ਟੀਮ ਨੂੰ ਨਕੋਦਰ, ਸ਼ਾਹਕੋਟ ਤੇ ਲੋਹੀਆਂ ਵਿਖੇ ਚੈਕਿੰਗ ਲਈ ਭੇਜਿਆ ਗਿਆ। ਜਦੋਂ ਪੁਲਿਸ ਟੀਮ ਨਕੋਦਰ ਤੋਂ ਲਾਂਬੜਾ ਵਾਪਸ ਆ ਰਹੀ ਸੀ ਤਾਂ ਉਹ ਪਿੰਡ ਲਾਲੀਆਂ ਚੌਕ ਪੁੱਜੇ। ਇਸੇ ਦੌਰਾਨ ਇਕ ਚਾਹ ਦੀ ਦੁਕਾਨ ਨੇੜੇ ਇਕ ਨੌਜਵਾਨ ਕਾਲੇ ਮੋਟਰਸਾਈਕਲ ’ਤੇ ਬੈਠਾ ਸੀ। ਇੰਸਪੈਕਟਰ ਨਿਰਮਲ ਸਿੰਘ ਨੂੰ ਸ਼ੱਕ ਹੋਇਆ ਤਾਂ ਉਨ੍ਹਾਂ ਗੱਡੀ ਰੁਕਵਾ ਕੇ ਨੌਜਵਾਨ ਦਾ ਨਾਮ ਪੁੱਛਿਆ। ਉਸ ਨੇ ਆਪਣਾ ਨਾਮ ਗੁਰਪ੍ਰੀਤ ਸਿੰਘ ਉਰਫ ਗੋਪੀ ਦੱਸਿਆ। ਮੋਟਰਸਾਈਕਲ ਦੇ ਪਿਛਲੇ ਪਾਸੇ ਬੰਨ੍ਹੇ ਪਲਾਸਟਿਕ ਦੀ ਬੋਰੀ ਤਲਾਸ਼ੀ ਲੈਣ ’ਤੇ 20 ਕਿੱਲੋ ਚੂਰਾ ਪੋਸਤ ਬਰਾਮਦ ਹੋਈ। ਉਨ੍ਹਾਂ ਦੱਸਿਆ ਕਿ ਨੌਜਵਾਨ ਨੂੰ ਹਿਰਾਸਤ ’ਚ ਲੈ ਕੇ ਥਾਣਾ ਲਾਂਬੜਾ ’ਚ ਮਾਮਲਾ ਦਰਜ ਕਰ ਕੇ ਉਸ ਨੂੰ ਗਿਰਫਤਾਰ ਕਰ ਲਿਆ ਗਿਆ। ਐੱਸਐੱਸਪੀ ਹਰਵਿੰਦਰ ਸਿੰਘ ਵਿਰਕ ਨੇ ਦੱਸਿਆ ਕਿ ਮੁਲਜ਼ਮ ਨੂੰ ਅਦਾਲਤ ’ਚ ਪੇਸ਼ ਕਰਕੇ ਰਿਮਾਂਡ ’ਤੇ ਪੁੱਛਗਿੱਛ ਕੀਤੀ ਜਾਵੇਗੀ।