ਥਿੰਦ ਐਨਕਲੇਵ ’ਚ ਤੇਜ਼ਧਾਰ ਹਥਿਆਰਾਂ ਨਾਲ ਹਮਲਾ, ਬੱਚਾ ਗੰਭੀਰ ਜ਼ਖਮੀ
ਬੱਚਿਆਂ ਦਾ ਝਗੜਾ ਹਿੰਸਕ ਰੂਪ ਬਦਲਿਆ
Publish Date: Wed, 25 Mar 2026 09:48 PM (IST)
Updated Date: Wed, 25 Mar 2026 09:50 PM (IST)

ਰਾਕੇਸ਼ ਗਾਂਧੀ, ਪੰਜਾਬੀ ਜਾਗਰਣ, ਜਲੰਧਰ : ਥਾਣਾ 5 ਦੇ ਅਧਿਕਾਰ ਖੇਤਰ ’ਚ ਆਉਣ ਵਾਲੇ ਥਿੰਦ ਐਨਕਲੇਵ ਖੇਤਰ ’ਚ ਬੱਚਿਆਂ ਵਿਚਕਾਰ ਇਕ ਮਾਮੂਲੀ ਝਗੜਾ ਅਚਾਨਕ ਹਿੰਸਕ ਟਕਰਾਅ ’ਚ ਬਦਲ ਗਿਆ। ਇਕ ਧਿਰ ਨੇ ਕਥਿਤ ਤੌਰ ਤੇ ਆਪਣੇ ਸਾਥੀਆਂ ਨੂੰ ਬੁਲਾਇਆ ਤੇ ਦੂਜੇ ਪਰਿਵਾਰ ਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰ ਦਿੱਤਾ। ਪੀੜਤ ਪਰਿਵਾਰ ਅਨੁਸਾਰ ਘਟਨਾ ਦੌਰਾਨ ਉਨ੍ਹਾਂ ਦੇ ਛੋਟੇ ਬੱਚੇ ਤੇ ਦਾਤਾਰ ਨਾਲ ਹਮਲਾ ਕੀਤਾ ਗਿਆ। ਜ਼ਖਮੀ ਬੱਚੇ ਨੂੰ ਤੁਰੰਤ ਹਸਪਤਾਲ ਲਿਜਾਇਆ ਗਿਆ, ਜਿੱਥੇ ਉਸ ਦੀ ਹਾਲਤ ਨਾਜ਼ੁਕ ਦੱਸੀ ਜਾ ਰਹੀ ਹੈ। ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਬੱਚੇ ਗਲੀ ’ਚ ਖੇਡ ਰਹੇ ਸਨ ਜਦੋਂ ਉਨ੍ਹਾਂ ਵਿਚਾਲੇ ਝਗੜਾ ਹੋ ਗਿਆ। ਬਾਅਦ ’ਚ ਵਿਰੋਧੀ ਧਿਰ ਦੇ ਇਕ ਨੌਜਵਾਨ ਨੇ ਆਪਣੇ ਕਈ ਸਾਥੀਆਂ ਨੂੰ ਮੌਕੇ ਤੇ ਬੁਲਾਇਆ ਤੇ ਹਮਲਾ ਕਰ ਦਿੱਤਾ। ਹਮਲਾਵਰ ਤਲਵਾਰਾਂ ਤੇ ਰਾਡਾਂ ਨਾਲ ਲੈਸ ਸਨ, ਜਦੋਕਿ ਕੁਝ ਨੇ ਫੁੱਲਾਂ ਦੇ ਗਮਲੇ ਵੀ ਵਗਾਹ ਮਾਰੇ। ਘਟਨਾ ਵਾਲੀ ਥਾਂ ਤੋਂ ਕਈ ਹਥਿਆਰ ਬਰਾਮਦ ਕੀਤੇ। ਇਹ ਸਾਰੀ ਘਟਨਾ ਨੇੜਲੇ ਸੀਸੀਟੀਵੀ ਕੈਮਰਿਆਂ ’ਚ ਕੈਦ ਹੋ ਗਈ ਹੈ। ਮੁਲਜ਼ਮ ਮੌਕੇ ਤੋਂ ਧਮਕੀਆਂ ਦਿੰਦੇ ਫਰਾਰ ਹੋ ਗਏ। ਇਸ ਦੌਰਾਨ ਇਕ ਹੋਰ ਵਿਅਕਤੀ ਨੇ ਦੋਸ਼ ਲਾਇਆ ਹੈ ਕਿ ਉਸ ਦੇ ਘਰ ਪਹੁੰਚਣ ਤੇ ਹਮਲਾ ਕੀਤਾ ਗਿਆ। ਸੂਚਨਾ ਮਿਲਣ ਤੇ ਥਾਣਾ 5 ਦੀ ਪੁਲਿਸ ਮੌਕੇ ਤੇ ਪਹੁੰਚੀ ਤੇ ਸਥਿਤੀ ’ਤੇ ਕਾਬੂ ਪਾਇਆ। ਪੁਲਿਸ ਨੇ ਦੱਸਿਆ ਕਿ ਜ਼ਖਮੀ ਨੂੰ ਹਸਪਤਾਲ ਭੇਜ ਦਿੱਤਾ ਗਿਆ ਹੈ ਤੇ ਦੋਵਾਂ ਧਿਰਾਂ ਦੇ ਬਿਆਨ ਦਰਜ ਕੀਤੇ ਜਾ ਰਹੇ ਹਨ। ਘਟਨਾ ਵਾਲੀ ਥਾਂ ਤੋਂ ਤਲਵਾਰਾਂ ਤੇ ਡੰਡੇ ਵੀ ਬਰਾਮਦ ਕੀਤੇ ਗਏ ਹਨ। ਜਾਂਚ ਮਗਰੋਂ ਅਗਲੇਰੀ ਕਾਨੂੰਨੀ ਕਾਰਵਾਈ ਸ਼ੁਰੂ ਕੀਤੀ ਜਾਵੇਗੀ।