ਭੀਖ ਮੰਗਦੀ ਬੱਚੀ ਨੂੰ ਛੁਡਾਇਆ
ਬਾਲ ਭਿੱਖਿਆ ਰੋਕੂ ਟਾਸਕ ਫੋਰਸ ਵੱਲੋਂ ਛਾਪੇਮਾਰੀ, ਭੀਖ ਮੰਗਦੀ ਬੱਚੀ ਨੂੰ ਛੁਡਾਇਆ
Publish Date: Wed, 25 Mar 2026 09:32 PM (IST)
Updated Date: Wed, 25 Mar 2026 09:35 PM (IST)
ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਜਲੰਧਰ : ਜ਼ਿਲ੍ਹਾ ਪੱਧਰੀ ਬਾਲ ਭਿੱਖਿਆ ਰੋਕੂ ਟਾਸਕ ਫੋਰਸ ਵੱਲੋਂ ਬੁੱਧਵਾਰ ਕਪੂਰਥਲਾ ਚੌਕ ’ਚ ਛਾਪੇਮਾਰੀ ਕਰਕੇ ਇਕ ਭੀਖ ਮੰਗਦੀ ਬੱਚੀ ਨੂੰ ਬਚਾਇਆ ਗਿਆ। ਜ਼ਿਲ੍ਹਾ ਪ੍ਰੋਗਰਾਮ ਅਫ਼ਸਰ ਮਨਜਿੰਦਰ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਬਾਲ ਭਿੱਖਿਆ ਮੰਗਣ ਨੂੰ ਜੜ੍ਹੋਂ ਖਤਮ ਕਰਨ ਲਈ ਸਮਾਜਿਕ ਸੁਰੱਖਿਆ, ਇਸਤਰੀ ਤੇ ਬਾਲ ਵਿਕਾਸ ਵਿਭਾਗ ਵੱਲੋਂ ਚਲਾਏ ਜਾ ਰਹੇ ਪ੍ਰਾਜੈਕਟ ਜੀਵਨਜੋਤ 2.0 ਤਹਿਤ ਤੇ ਡਿਪਟੀ ਕਮਿਸ਼ਨਰ ਦੀਆਂ ਹਦਾਇਤਾਂ ’ਤੇ ਇਹ ਚੈਕਿੰਗ ਕੀਤੀ ਗਈ ਸੀ। ਉਨ੍ਹਾਂ ਦੱਸਿਆ ਕਿ ਛਾਪੇਮਾਰੀ ਦੌਰਾਨ ਛੁਡਵਾਈ ਗਈ ਬੱਚੀ ਨੂੰ ਡਵੀਜ਼ਨ ਨੰ. 2 ਵਿਖੇ ਡੀਡੀਆਰ ਕਰਵਾ ਕੇ ਬਾਲ ਭਲਾਈ ਕਮੇਟੀ, ਜਲੰਧਰ ਵਿਖੇ ਪੇਸ਼ ਕੀਤਾ ਗਿਆ ਤੇ ਬਾਲ ਭਲਾਈ ਕਮੇਟੀ ਵੱਲੋਂ ਬੱਚੀ ਨੂੰ ਚਿਲਡਰਨ ਹੋਮ ਫਾਰ ਗਰਲਜ਼, ਜਲੰਧਰ ਵਿਖੇ ਸ਼ੈਲਟਰ ਦਿੱਤਾ ਗਿਆ। ਉਨ੍ਹਾਂ ਕਿਹਾ ਕਿ ਬੱਚੀ ਦੇ ਮੁੜ ਵਸੇਬੇ ਤੇ ਪੜ੍ਹਾਈ ਲਈ ਉਪਰਾਲੇ ਕੀਤੇ ਜਾਣਗੇ। ਰੈਸਕਿਊ ਟੀਮ ’ਚ (ਲੀਗਲ ਕਮ ਪ੍ਰੋਬੇਸ਼ਨ ਅਫਸਰ) ਸੰਦੀਪ ਕੁਮਾਰ, ਸੋਸ਼ਲ ਵਰਕਰ ਤੈਨੂੰ ਬਾਲਾ, ਕਾਊਂਸਲਰ ਸੁਨੀਤਾ ਤੇ ਡਾਟਾ ਐਂਟਰੀ ਆਪ੍ਰੇਟਰ ਨਵਜੋਤ ਕੌਰ ਵੀ ਮੌਜੂਦ ਸਨ।