17 ਅਪ੍ਰੈਲ ਨੂੰ ਗ਼ੈਰ-ਕਾਨੂੰਨੀ ਉਸਾਰੀਆਂ ਤੇ ਕਾਲੋਨੀਆਂ ਦਾ ਰਿਕਾਰਡ ਹੋਵੇ ਤਲਬ
ਚੀਫ਼ ਵਿਜੀਲੈਂਸ ਅਫਸਰ ਨੇ 17 ਅਪ੍ਰੈਲ ਨੂੰ ਤਲਬ ਕੀਤਾ ਗੈਰਕਾਨੂੰਨੀ ਨਿਰਮਾਣਾਂ-ਕਾਲੋਨੀਆਂ ਦਾ ਰਿਕਾਰਡ
Publish Date: Sat, 28 Mar 2026 09:11 PM (IST)
Updated Date: Sun, 29 Mar 2026 04:15 AM (IST)

- ਸੀਵੀਓ ਵੱਲੋਂ ਬਿਲਡਿੰਗ ਬ੍ਰਾਂਚ ਦੇ ਐੱਮਟੀਪੀ, ਏਟੀਪੀ ਤੇ ਇੰਸਪੈਕਟਰਾਂ ਨੂੰ ਹੁਕਮ - 20 ਮਾਰਚ ਨੂੰ ਜਲੰਧਰ ’ਚ ਸੀਵੀਓ ਨੇ ਕੀਤੀ ਸੀ ਜਾਂਚ ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਜਲੰਧਰ : ਲੋਕਲ ਬਾਡੀ ਡਿਪਾਰਟਮੈਂਟ ਦੇ ਚੀਫ਼ ਵਿਜੀਲੈਂਸ ਅਫਸਰ (ਸੀਵੀਓ) ਕੁਲਵਿੰਦਰ ਸਿੰਘ ਨੇ ਜਲੰਧਰ ਨਗਰ ਨਿਗਮ ਤੋਂ 13 ਗ਼ੈਰ-ਕਾਨੂੰਨੀ ਇਮਾਰਤਾਂ ਨਾਲ ਸਬੰਧਤ ਰਿਕਾਰਡ ਮੰਗਿਆ ਹੈ। ਚੀਫ਼ ਵਿਜੀਲੈਂਸ ਅਫਸਰ ਨੇ 20 ਮਾਰਚ ਨੂੰ ਜਲੰਧਰ ’ਚ ਲਗਪਗ 8 ਘੰਟੇ ਤੱਕ ਜਾਂਚ ਕੀਤੀ ਸੀ ਤੇ ਗ਼ੈਰ-ਕਾਨੂੰਨੀ ਸ਼ੋਅਰੂਮ, ਦੁਕਾਨਾਂ, ਕੋਠੀਆਂ ਤੇ ਕਾਲੋਨੀਆਂ ’ਚ ਚੱਲ ਰਹੀਆਂ ਉਸਾਰੀਆਂ ਬਾਰੇ ਰਿਪੋਰਟ ਤਿਆਰ ਕੀਤੀ ਸੀ। ਹੁਣ ਇਸ ਮਾਮਲੇ ’ਚ ਚੀਫ਼ ਵਿਜੀਲੈਂਸ ਅਫਸਰ ਨੇ ਨਗਰ ਨਿਗਮ ਕਮਿਸ਼ਨਰ ਨੂੰ ਪੱਤਰ ਲਿਖਿਆ ਹੈ ਤੇ ਬਿਲਡਿੰਗ ਬ੍ਰਾਂਚ ਦੇ ਐੱਮਟੀਪੀ, ਏਟੀਪੀ ਤੇ ਇੰਸਪੈਕਟਰਾਂ ਨੂੰ ਹੁਕਮ ਦਿੱਤਾ ਹੈ ਕਿ ਉਹ ਇਨ੍ਹਾਂ ਗ਼ੈਰ-ਕਾਨੂੰਨੀ ਉਸਾਰੀਆਂ ਨਾਲ ਸਬੰਧਤ ਇਮਾਰਤਾਂ, ਕਾਲੋਨੀਆਂ ਤੇ ਘਰਾਂ ਦਾ ਰਿਕਾਰਡ 17 ਅਪ੍ਰੈਲ ਨੂੰ ਪੇਸ਼ ਕਰਨ। ਚੀਫ਼ ਵਿਜੀਲੈਂਸ ਅਫਸਰ ਨੇ 20 ਮਾਰਚ ਨੂੰ ਹੋਟਲ ਮੈਰਿਟਨ, ਜੇਪੀ ਨਗਰ ਰੋਡ, ਵਰਿਆਣਾ ਇੰਡਸਟਰੀਅਲ ਕੰਪਲੈਕਸ, ਬਸਤੀ ਸ਼ੇਖ ਤੇ ਕਾਲਾ ਸੰਗਿਆ ਰੋਡ ’ਤੇ ਦੋ ਗੈਰਕਾਨੂੰਨੀ ਕਾਲੋਨੀਆਂ ’ਚ ਬਿਨਾਂ ਮਨਜ਼ੂਰੀ ਕਰੀਬ 80 ਕੋਠੀਆਂ ਦੇ ਨਿਰਮਾਣ ਦੀ ਜਾਂਚ ਕੀਤੀ ਸੀ। ਜੇਪੀ ਨਗਰ ਰੋਡ ’ਤੇ 40 ਤੋਂ ਵੱਧ ਦੁਕਾਨਾਂ, ਮਿੱਠੂ ਬਸਤੀ ਰੋਡ ’ਤੇ 25 ਤੋਂ ਵੱਧ ਦੁਕਾਨਾਂ, ਬਸਤੀ ਪੀਰਦਾਦ ਰੋਡ, ਫੁੱਟਬਾਲ ਚੌਕ ਨੇੜੇ ਕਮਰਸ਼ਲ ਬਿਲਡਿੰਗ, ਨਕੋਦਰ ਰੋਡ ’ਤੇ ਸ਼ੋਅਰੂਮ, ਫੈਂਸੀ ਬੇਕਰੀ ਸਮੇਤ ਲਗਪਗ 14 ਸਾਈਟਾਂ ’ਤੇ ਗ਼ੈਰ-ਕਾਨੂੰਨੀ ਨਿਰਮਾਣ ਮਿਲੇ ਸਨ। ਇਹ ਜਾਂਚ ਆਰਟੀਆਈ ਕਰਤਾ ਕਰਨਪ੍ਰੀਤ ਸਿੰਘ ਦੀਆਂ ਸ਼ਿਕਾਇਤਾਂ ਦੇ ਆਧਾਰ ’ਤੇ ਕੀਤੀ ਗਈ ਸੀ। ਬਿਨਾਂ ਮਨਜ਼ੂਰੀ ਸੈਂਕੜੇ ਉਸਾਰੀਆਂ ਕਾਰਨ ਨਗਰ ਨਿਗਮ ਨੂੰ ਵੱਡਾ ਆਰਥਿਕ ਨੁਕਸਾਨ ਝੱਲਣਾ ਪਿਆ ਹੈ। ਨਗਰ ਨਿਗਮ ਵੱਲੋਂ ਜ਼ਿਆਦਾਤਰ ਥਾਵਾਂ ’ਤੇ ਕੋਈ ਕਾਰਵਾਈ ਨਹੀਂ ਕੀਤੀ ਗਈ ਤੇ ਜਿੱਥੇ ਨੋਟਿਸ ਜਾਰੀ ਕੀਤੇ ਗਏ, ਉਹ ਵੀ ਸਿਰਫ਼ ਰਸਮੀ ਕਾਰਵਾਈ ਹੀ ਸਾਬਤ ਹੋਏ। ਹੁਣ ਚੀਫ਼ ਵਿਜੀਲੈਂਸ ਅਫਸਰ ਨੇ ਇਨ੍ਹਾਂ ਸਾਰੀਆਂ 14 ਸਾਈਟਾਂ ਨਾਲ ਜੁੜੇ 200 ਤੋਂ ਵੱਧ ਉਸਾਰੀਆਂ ਦਾ ਰਿਕਾਰਡ ਮੰਗਿਆ ਹੈ। ਇਸ ਰਿਕਾਰਡ ਦੇ ਆਧਾਰ ’ਤੇ ਅਗਲੀ ਕਾਰਵਾਈ ਕੀਤੀ ਜਾਵੇਗੀ। -------------------- ਇਨ੍ਹਾਂ ਸਾਈਟਾਂ ’ਤੇ ਚੱਲ ਰਹੀਆਂ ਗੈਰ-ਕਾਨੂੰਨੀ ਉਸਾਰੀਆਂ ਦਾ ਰਿਕਾਰਡ ਮੰਗਿਆ 1. ਡਾਇਮੰਡ ਸਿਲਕ ਸਟੋਰ ਦੇ ਨਾਲ ਵਾਲੀ ਬਿਲਡਿੰਗ 2. ਫੁੱਟਬਾਲ ਚੌਕ ਨੇੜੇ ਬਣ ਰਹੀ ਬਹੁਮੰਜ਼ਿਲਾ ਇਮਾਰਤ 3. ਅਵਤਾਰ ਨਗਰ ਰੋਡ ਲਾਲੀਪੌਪ ਦੇ ਨਾਲ ਵਾਲੀ ਬਿਲਡਿੰਗ 4. ਹੋਟਲ ਇੰਦਰਪ੍ਰਸਥ ਦੇ ਨਾਲ ਬਣ ਰਹੀ ਬਿਲਡਿੰਗ 5. ਮਿੱਠੂ ਬਸਤੀ ਰੋਡ ’ਤੇ 4 ਗ਼ੈਰ-ਕਾਨੂੰਨੀ ਬਿਲਡਿੰਗਾਂ 6. ਜੇਪੀ ਨਗਰ ਰੋਡ ’ਤੇ 40 ਦੁਕਾਨਾਂ 7. ਬਸਤੀ ਮਿੱਠੂ ਰੋਡ ’ਤੇ 25 ਦੁਕਾਨਾਂ 8. ਵਰਿਆਣਾ ਇੰਡਸਟਰੀਅਲ ਕੰਪਲੈਕਸ ’ਚ ਸਾਰੇ ਕਾਰਖਾਨਿਆਂ ਦਾ ਰਿਕਾਰਡ 9. ਨਿਊ ਚੋਪੜਾ ਕਾਲੋਨੀ, ਘਾਹ ਮੰਡੀ ’ਚ 40 ਕੋਠੀਆਂ 10. ਕਾਲਾ ਸੰਘਿਆ ਰੋਡ ’ਤੇ 2 ਮਰਲਾ ਦੀਆਂ 30 ਕੋਠੀਆਂ 11. ਨਕੋਦਰ ਰੋਡ ਜੈਨਕੋ ਸ਼ੋਰੂਮ 12. ਬੂਟਾ ਮੰਡੀ ਟਾਇਰ ਸ਼ੋਰੂਮ 13. ਫੈਂਸੀ ਬੇਕਰੀ 14. ਹੋਟਲ ਮੈਰਿਟਨ