30 ਤੋਂ ਵੱਧ ਕਾਲੋਨੀਆਂ,

30 ਤੋਂ ਵੱਧ ਕਾਲੋਨੀਆਂ, ਹੋਟਲਾਂ, ਕਾਰੋਬਾਰੀ ਇਮਾਰਤਾਂ ਤੇ ਉਦਯੋਗਿਕ ਕੰਪਲੈਕਸਾਂ ਦੀ ਜਾਂਚ
---
ਜਾਸ, ਜਲੰਧਰ : ਸਥਾਨਕ ਸਰਕਾਰਾਂ ਵਿਭਾਗ ਦੇ ਚੀਫ ਵਿਜੀਲੈਂਸ ਅਫ਼ਸਰ ਨੇ ਸ਼ੁੱਕਰਵਾਰ ਨੂੰ ਸ਼ਹਿਰ ਦੇ ਕਈ ਇਲਾਕਿਆਂ ’ਚ ਨਾਜਾਇਜ਼ ਉਸਾਰੀਆਂ ਦੀ ਜਾਂਚ ਕੀਤੀ। ਇਹ ਜਾਂਚ ਲਗਪਗ 7 ਘੰਟੇ ਤੱਕ ਚੱਲੀ ਤੇ ਇਸ ਦੌਰਾਨ 10 ਤੋਂ ਵੱਧ ਇਲਾਕਿਆਂ ’ਚ ਹੋਟਲਾਂ, ਵਪਾਰਕ ਇਮਾਰਤਾਂ, ਉਦਯੋਗਿਕ ਕੰਪਲੈਕਸਾਂ ਤੇ ਬਿਨਾਂ ਮਨਜ਼ੂਰੀ ਬਣ ਰਹੀਆਂ 30 ਤੋਂ ਵੱਧ ਕੋਠੀਆਂ ਦੀ ਜਾਂਚ ਕੀਤੀ ਗਈ। ਚੀਫ ਵਿਜੀਲੈਂਸ ਅਫ਼ਸਰ-ਸੀਵੀਓ ਕੁਲਵਿੰਦਰ ਸਿੰਘ ਨੇ ਟੀਮ ਨਾਲ ਰਲ ਕੇ ਨੈਸ਼ਨਲ ਹਾਈਵੇ ’ਤੇ ਰਾਮਾਮੰਡੀ ਨੇੜੇ ਹੋਟਲ, ਬ੍ਰੈਂਡਰਥ ਰੋਡ, ਨਕੋਦਰ ਰੋਡ ’ਤੇ ਲਵਲੀ ਸਵੀਟਸ ਦੇ ਸਾਹਮਣੇ, ਫੁਟਬਾਲ ਚੌਕ, ਜੇਪੀ ਨਗਰ, ਬਸਤੀ ਪੀਰਦਾਦ ਰੋਡ ’ਤੇ ਵਪਾਰਕ ਇਮਾਰਤਾਂ ਦੀ ਜਾਂਚ ਕੀਤੀ। ਇਸੇ ਤਰ੍ਹਾਂ ਲੈਦਰ ਕੰਪਲੈਕਸ ਰੋਡ ’ਤੇ ਵਰਿਆਣਾ ਉਦਯੋਗਿਕ ਕੰਪਲੈਕਸ, ਬਸਤੀ ਸ਼ੇਖ ’ਚ ਚੋਪੜਾ ਕਾਲੋਨੀ ਨਾਲ ਬਣ ਰਹੀਆਂ 30 ਤੋਂ ਵੱਧ ਕਾਲੋਨੀਆਂ ਦੀ ਵੀ ਜਾਂਚ ਕੀਤੀ ਗਈ। ਸੀਵੀਓ ਨੇ ਜਾਂਚ ਮਗਰੋਂ ਨਿਗਮ ਦੇ ਅਫ਼ਸਰਾਂ ਤੋਂ ਇਨ੍ਹਾਂ ਸਾਰੀਆਂ ਇਮਾਰਤਾਂ ਦਾ ਰਿਕਾਰਡ ਇਕ ਹਫ਼ਤੇ ’ਚ ਮੰਗਵਾਇਆ ਹੈ। ਇਹ ਜਾਂਚ ਆਰਟੀਆਈ ਕਾਰਕੁੰਨ ਕਰਨਪ੍ਰੀਤ ਸਿੰਘ ਦੀ ਸ਼ਿਕਾਇਤਾਂ ਦੇ ਆਧਾਰ ’ਤੇ ਕੀਤੀ ਗਈ ਹੈ। ਜਾਂਚੇ ਗਏ ਇਲਾਕੇ ਜ਼ਿਆਦਾਤਰ ਪੱਛਮੀ ਹਲਕੇ ਦੇ ਹਨ, ਜਿੱਥੇ ‘ਆਪ’ ਦੇ ਵਿਧਾਇਕ ਮਹਿੰਦਰ ਭਗਤ ਪੰਜਾਬ ਸਰਕਾਰ ’ਚ ਕੈਬਨਿਟ ਮੰਤਰੀ ਹਨ।
ਜਾਂਚ ਦੌਰਾਨ ਸੀਵੀਓ ਕੁਲਵਿੰਦਰ ਸਿੰਘ ਨਾਲ ਸੀਨੀਅਰ ਵਿਜੀਲੈਂਸ ਅਫ਼ਸਰ ਨਰੇਸ਼, ਜਲੰਧਰ ਬਿਲਡਿੰਗ ਬ੍ਰਾਂਚ ਦੇ ਏਟੀਪੀ ਵਿਕਾਸ ਦੂਆ, ਬਿਲਡਿੰਗ ਇੰਸਪੈਕਟਰ ਗੌਰਵ ਠਾਕੁਰ ਮੌਜੂਦ ਰਹੇ। ਜਾਂਚ ਸ਼ੁਰੂ ਕਰਨ ਤੋਂ ਪਹਿਲਾਂ ਸੀਵੀਓ ਨੇ ਨਿਗਮ ਕਮਿਸ਼ਨਰ ਸੰਦੀਪ ਰਿਸ਼ੀ ਨਾਲ ਮੁਲਾਕਾਤ ਕੀਤੀ ਤੇ ਬਿਲਡਿੰਗ ਬ੍ਰਾਂਚ ਦੀ ਟੀਮ ਨੂੰ ਆਪਣੇ ਨਾਲ ਤਾਇਨਾਤ ਕਰਨ ਦੀ ਬੇਨਤੀ ਕੀਤੀ। ਇਸ ਤੋਂ ਬਾਅਦ ਸਭ ਤੋਂ ਪਹਿਲਾਂ ਇਹ ਟੀਮ ਨੈਸ਼ਨਲ ਹਾਈਵੇ ’ਤੇ ਸਥਿਤ ਇਕ ਹੋਟਲ ਦੀ ਜਾਂਚ ਕਰਨ ਪੁੱਜੀ। ਇਸ ਹੋਟਲ ਦੀ ਉਸਾਰੀ ’ਚ ਵਾਇਲੇਸ਼ਨ ਹੈ ਤੇ ਰੇਲਵੇ ਦੀ ਜ਼ਮੀਨ ’ਤੇ ਵੀ ਕੁਝ ਕਬਜ਼ਾ ਕੀਤਾ ਗਿਆ ਹੈ। ਹੋਟਲ ਨਾਲ ਹੀ ਇਕ ਨਵਾਂ ਹੋਟਲ ਬਣਾਇਆ ਜਾ ਰਿਹਾ ਹੈ ਤੇ ਉਸ ਹੋਟਲ ਦੇ ਕੰਮ ਦੀ ਵੀ ਜਾਂਚ ਕੀਤੀ ਜਾ ਰਹੀ ਹੈ। ਦੋਸ਼ ਹੈ ਕਿ ਜਿਸ ਜ਼ਮੀਨ ’ਤੇ ਇਹ ਹੋਟਲ ਬਣਾਇਆ ਜਾ ਰਿਹਾ ਹੈ, ਉਸ ’ਤੇ ਪਾਵਰਕਾਮ ਦਾ ਲਗਪਗ 5.50 ਕਰੋੜ ਦਾ ਬਿੱਲ ਬਕਾਇਆ ਹੈ ਤੇ ਇਸ ਸਥਿਤੀ ’ਚ ਇੱਥੇ ਉਸਾਰੀ ਦੀ ਮਨਜ਼ੂਰੀ ਨਹੀਂ ਹੋ ਸਕਦੀ ਤਾਂ ਫਿਰ ਸਥਾਨਕ ਸਰਕਾਰਾਂ ਵਿਭਾਗ ਨੇ ਨਕਸ਼ਾ ਕਿਵੇਂ ਪਾਸ ਕੀਤਾ। ਟੀਮ ਨੇ ਨਕੋਦਰ ਰੋਡ ’ਤੇ ਫੈਂਸੀ ਬੇਕਰੀ ਦੀ ਇਮਾਰਤ ਦੀ ਵੀ ਜਾਂਚ ਕੀਤੀ ਹੈ। ਨਕੋਦਰ ਰੋਡ ’ਤੇ ਬੂਟਾਂ ਮੰਡੀ ਦੇ ਨੇੜੇ ਵਪਾਰਕ ਇਮਾਰਤ ਤੇ ਗੁਦਾਮ ਦੀ ਉਸਾਰੀ ਦੀ ਵੀ ਜਾਂਚ ਕੀਤੀ ਗਈ।
ਬ੍ਰੈਂਡਰਥ ਰੋਡ ’ਤੇ ਕਾਰੋਬਾਰੀ ਉਸਾਰੀ ਦੀ ਵੀ ਜਾਂਚ ਕੀਤੀ ਗਈ। ਇੱਥੇ ਕਈ ਸ਼ੋਅਰੂਮ ਬਣ ਗਏ ਹਨ। ਇਸ ਤੋਂ ਬਾਅਦ ਟੀਮ ਫੁੱਟਬਾਲ ਚੌਕ ਨੇੜੇ ਪੁੱਜੀ, ਜਿੱਥੇ ਹਰਾ ਜਾਲ ਲਾ ਕੇ ਨਾਜਾਇਜ਼ ਉਸਾਰੀ ਕੀਤੀ ਜਾ ਰਹੀ ਹੈ। ਸੀਵੀਓ ਇਸ ਤੋਂ ਬਾਅਦ ਜੇਪੀ ਨਗਰ ਰੋਡ ’ਤੇ ਪੁੱਜੇ ਜਿੱਥੇ ਆਦਰਸ਼ ਨਗਰ ਗੁਰਦੁਆਰਾ ਸ਼੍ਰੀ ਗੁਰੂ ਸਿੰਘ ਸਭਾ ਤੋਂ ਲੈ ਕੇ 120 ਫੁੱਟ ਰੋਡ ਤੱਕ 50 ਦੇ ਕਰੀਬ ਦੁਕਾਨਾਂ ਬਣ ਰਹੀਆਂ ਹਨ। ਜੇਪੀ ਨਗਰ, ਹਰਬੰਸ ਨਗਰ, ਚੱਕੀ ਦੇ ਨਾਲ ਦਿਲਬਾਗ ਨਗਰ ’ਚ ਬਣੀਆਂ ਕਾਰੋਬਾਰੀ ਇਮਾਰਤਾਂ ਦੀ ਜਾਂਚ ਕੀਤੀ ਗਈ ਤੇ ਇਨ੍ਹਾਂ ਦੀ ਵੀਡੀਓ ਬਣਾ ਕੇ ਟੀਮ ਨੇ ਕੋਲ ਰੱਖ ਲਈ। ਇਸ ਰੋਡ ’ਤੇ ਜਦੋਂ ਜਾਂਚ ਚੱਲ ਰਹੀ ਸੀ ਤਾਂ ਨਿਗਮ ਦੀ ਬਿਲਡਿੰਗ ਬ੍ਰਾਂਚ ਦੇ ਸਟਾਫ ਮੈਂਬਰ ਬਹਾਨਾ ਬਣਾ ਕੇ ਵਾਪਸ ਚਲੇ ਗਏ।
---
ਲੈਦਰ ਕੰਪਲੈਕਸ, ਬਸਤੀ ਪੀਰਦਾਦ ਤੇ ਬਸਤੀ ਸ਼ੇਖ ’ਚ ਚੈਕਿੰਗ
ਇਸ ਤੋਂ ਬਾਅਦ ਟੀਮ ਲੈਦਰ ਕੰਪਲੈਕਸ ਰੋਡ ’ਤੇ ਗਈ ਜਿੱਥੇ ਬਸਤੀ ਪੀਰਦਾਦ ਰੋਡ ’ਤੇ ਕਈ ਵਪਾਰਕ ਇਮਾਰਤਾਂ ਬਣ ਰਹੀਆਂ ਹਨ। ਬਸਤੀ ਪੀਰਦਾਦ ਦੇ ਆਸ-ਪਾਸ ਨਾਜਾਇਜ਼ ਕਾਲੋਨੀਆਂ ’ਚ ਬਿਨਾਂ ਮਨਜ਼ੂਰੀ ਕੋਠੀਆਂ ਬਣ ਰਹੀਆਂ ਹਨ। ਟੀਮ ਨੇ ਵਰਿਆਣਾ ਉਦਯੋਗਿਕ ਕੰਪਲੈਕਸ ’ਚ ਬਣੇ ਕਾਰਖਾਨਿਆਂ ਨੂੰ ਦੇਖ ਕੇ ਹੈਰਾਨੀ ਪ੍ਰਗਟਾਈ। ਇੱਥੇ ਬਿਨਾਂ ਮਨਜ਼ੂਰੀ ਹੀ ਵੱਡੇ-ਵੱਡੇ ਕਾਰਖਾਨੇ ਸਥਾਪਤ ਹੋ ਗਏ ਹਨ। ਉਨ੍ਹਾਂ ਨੇ ਬਸਤੀ ਸ਼ੇਖ ’ਚ ਵੀ ਜਾਂਚ ਕੀਤੀ। ਇੱਥੇ ਚੋਪੜਾ ਕਾਲੋਨੀ ਨਾਲ ਹੀ ਲਗਪਗ 50 ਤੋਂ ਵੱਧ ਕੋਠੀਆਂ ਬਣ ਰਹੀਆਂ ਹਨ। ਇਹ ਮਾਮਲਾ ਪਹਿਲਾਂ ਲੋਕਪਾਲ ਕੋਲ ਵੀ ਉੱਠ ਚੁੱਕਾ ਹੈ। ਟੀਮ ਨੇ ਨਾਜਾਇਜ਼ ਉਸਾਰੀ ਤੇ ਕਾਲੋਨੀਆਂ ਦੀ ਜਾਂਚ ਮਗਰੋਂ ਬਿਲਡਿੰਗ ਬ੍ਰਾਂਚ ਦੇ ਅਫ਼ਸਰਾਂ ਨੂੰ ਹੁਕਮ ਦਿੱਤਾ ਹੈ ਕਿ ਉਹ ਇਕ ਹਫ਼ਤੇ ’ਚ ਇਸ ਦਾ ਰਿਕਾਰਡ ਪੁੱਜਦਾ ਕਰੇ ਤੇ ਆਪਣੀ ਵੀ ਰਿਪੋਰਟ ਦੇਣ ਕਿ ਇਹ ਉਸਾਰੀਆਂ ਕਦੋਂ ਹੋਈਆਂ ਤੇ ਇਸ ਨੂੰ ਰੋਕਿਆ ਕਿਉਂ ਨਹੀਂ ਗਿਆ। ਇਸ ਤੋਂ ਬਾਅਦ ਟੀਮ ਨੇ ਨਿਗਮ ਹੈੱਡ ਕੁਆਰਟਰ ’ਚ ਬੀਐਂਡ ਆਰ ਬ੍ਰਾਂਚ ਦੇ ਕੁਝ ਟੈਂਡਰਾਂ ਦੀ ਵੀ ਜਾਂਚ ਕੀਤੀ ਹੈ।